ਕੱਚੇ ਮੁਲਾਜ਼ਮ ਮਨਾਉਣਗੇ ਕਾਲੀ ਦੀਵਾਲੀ, ਇੰਝ ਦੇਣਗੇ ਔਜਲਾ ਨੂੰ ਵਧਾਈ

Saturday, Nov 03, 2018 - 11:47 AM (IST)

ਕੱਚੇ ਮੁਲਾਜ਼ਮ ਮਨਾਉਣਗੇ ਕਾਲੀ ਦੀਵਾਲੀ, ਇੰਝ ਦੇਣਗੇ ਔਜਲਾ ਨੂੰ ਵਧਾਈ

ਅੰਮ੍ਰਿਤਸਰ (ਦਲਜੀਤ) : ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਮੁਲਾਜ਼ਮ ਕਾਲੀ ਦੀਵਾਲੀ ਵਜੋਂ ਇਸ ਤਿਉਹਾਰ ਨੂੰ ਮਨਾਉਣਗੇ। ਕਮੇਟੀ ਦੇ ਆਗੂਆਂ ਵਿਕਾਸ ਕੁਮਾਰ, ਹਰਿੰਦਰਪਾਲ ਜੋਸਨ, ਲਵਪ੍ਰੀਤ ਸਿੰਘ, ਸੋਨੂੰ ਤੇ ਗੌਰਵ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਠੇਕਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਤੇ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੇ ਹਨ, ਇਸ ਲਈ ਮੁਲਾਜ਼ਮ 4 ਨਵੰਬਰ ਨੂੰ ਕੋਲਿਆਂ ਦੇ ਡੱਬੇ ਲੈ ਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਵਧਾਈ ਦੇਣ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ, ਮੰਤਰੀ ਤੇ ਐੱਮ. ਪੀ. ਮੁਲਾਜ਼ਮਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਜਦਕਿ ਵੋਟਾਂ ਵੇਲੇ ਇਹੀ ਲੀਡਰ ਮੁਲਾਜ਼ਮਾਂ ਨਾਲ ਮੀਟਿੰਗਾਂ ਕਰਦੇ ਸਨ। ਕਾਂਗਰਸ ਨੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ, ਉਲਟਾ ਤਨਖਾਹਾਂ ਘਟਾਉਣ ਤੇ ਵਾਧੂ ਟੈਕਸ ਲਾਉਣ ਦੇ ਮਾਰੂ ਫੈਸਲੇ ਕੀਜਿਸ ਕਰ ਕੇ ਹੁਣ ਇਹ ਕਾਂਗਰਸੀ ਮਠਿਆਈ ਦੇ ਹੱਕਦਾਰ ਤਾਂ ਹੈ ਨਹੀਂ।

ਆਗੂਆਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਤੋਂ ਆਜ਼ਾਦ ਕਰਵਾ ਕੇ ਵਿਭਾਗ ਵਿਚ ਲੈਣ ਦਾ ਬਿੱਲ ਪਾਸ ਕੀਤਾ ਗਿਆ ਸੀ ਪਰ ਸੱਤਾ 'ਚ ਆਉਣ 'ਤੇ ਕਾਂਗਰਸ ਨੇ ਇਸ ਐਕਟ ਨੂੰ ਦੱਬ ਲਿਆ ਤੇ ਹੁਣ ਜਿਵੇਂ ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਬਿਆਨ ਦਿੱਤਾ ਗਿਆ ਕਿ ਦਸੰਬਰ 2018 ਦੇ ਵਿਧਾਨ ਸਭਾ ਸੈਸ਼ਨ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਿੱਲ ਲੈ ਕੇ ਆਵਾਂਗੇ। ਪਹਿਲਾਂ ਤੋਂ ਪਾਸ ਹੋਏ ਬਿੱਲ ਨੂੰ ਮੁੜ ਵਿਧਾਨ ਸਭਾ 'ਚ ਲਿਆਉਣਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਲਝਾਉਣ ਵੱਲ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੇ ਐਕਟ 'ਚ ਜੇਕਰ ਕਾਂਗਰਸ ਸਰਕਾਰ ਨੇ ਕੋਈ ਵੀ ਮੁਲਾਜ਼ਮ ਵਿਰੋਧੀ ਸੋਧ ਕੀਤੀ ਤਾਂ ਮੁਲਾਜ਼ਮ ਉਸ ਨੂੰ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸ ਦੇ ਮੁਲਾਜ਼ਮ ਵਿਰੋਧੀ ਇਨ੍ਹਾਂ ਫੈਸਲਿਆਂ ਕਰ ਕੇ ਕੱਚੇ ਮੁਲਾਜ਼ਮ ਹਤਾਸ਼ ਹੋ ਗਏ ਹਨ ਤੇ ਉਨ੍ਹਾਂ ਐਲਾਨ ਕੀਤਾ ਹੈ ਕਿ 4 ਨਵੰਬਰ ਨੂੰ ਸੂਬੇ ਦੇ ਕੱਚੇ ਮੁਲਾਜ਼ਮ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਕਾਂਗਰਸੀ ਮੈਂਬਰ ਪਾਰਲੀਮੈਂਟ, ਮੰਤਰੀਆਂ ਤੇ ਵਿਧਾਇਕਾਂ ਨੂੰ ਮਠਿਆਈ ਦੇ ਡੱਬਿਆਂ ਦੀ ਜਗ੍ਹਾ ਕੋਲਿਆਂ ਦੇ ਡੱਬਿਆਂ ਨਾਲ ਵਧਾਈ ਦੇਣ ਜਾਣਗੇ ਕਿਉਂਕਿ ਮੁਲਾਜ਼ਮਾਂ ਦੇ ਘਰ ਦੀਵਾਲੀ ਮੌਕੇ ਦੀਵੇ ਤਾਂ ਬਲ ਨਹੀਂ ਸਕਣਗੇ ਤੇ ਮਠਿਆਈ ਲੈਣ ਲਈ ਮੁਲਾਜ਼ਮਾਂ ਕੋਲ ਪੈਸਾ ਨਹੀਂ ਹੈ।

 


Related News