ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਨਗਰ ਸੁਧਾਰ ਟਰੱਸਟ ਨੇ ਅਪਣਾਇਆ ਨਵਾਂ ਤਰੀਕਾ

Monday, Oct 28, 2019 - 01:19 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਲੋਂ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਇਕ ਨਵਾਂ ਤਰੀਕਾ ਲੱਭਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬਸੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੀ ਇਕ ਵੈੱਬ ਸਾਈਟ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ 5-6 ਸਾਲ ਪਹਿਲਾਂ ਤੋਂ ਹੀ ਸ਼ੁਰੂ ਸੀ ਪਰ ਇਸ ਨੂੰ ਕੋਈ ਚਲਾ ਨਹੀਂ ਸੀ ਰਿਹਾ, ਜਿਸ ਦੇ ਚੱਲਦੇ ਅੱਜ ਇਸ ਨੂੰ ਫਿਰ ਤੋਂ ਸ਼ੁਰੂ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਵੈੱਬਸਾਈਟ ਜ਼ਰੀਏ ਪੂਰੀ ਦੁਨੀਆਂ ਦੇ ਲੋਕ ਦੇਖ ਸਕਣਗੇ ਕਿ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਲੋਂ ਕਿਹੜੇ-ਕਿਹੜੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਵਿਅਕਤੀ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਵੈੱਬਸਾਈਟ 'ਤੇ ਪਾ ਸਕਦਾ ਹੈ ਅਤੇ ਜੇਕਰ ਸਾਡੀ ਕੋਈ ਈ ਬੋਲੀ ਆਉਂਦੀ ਹੈ ਤਾਂ ਉਹ ਵੀ ਇਸ 'ਤੇ ਹੀ ਚੱਲੇਗੀ। ਇਸ ਨਾਲ ਹੀ ਉਨ੍ਹਾਂ ਵਲੋਂ ਇਕ ਟ੍ਰੇਕਿੰਗ ਸਿਸਟਮ ਵੀ ਸ਼ੁਰੂ ਕੀਤਾ ਗਿਆ ਹੈ, ਇਸ 'ਚ ਜਿਹੜਾ ਵਿਅਕਤੀ ਆਪਣੀ ਫਾਈਲ ਟਰੱਸਟ ਨੂੰ ਜਮ੍ਹਾ ਕਰਵਾਏਗਾ ਉਸ ਦੇ ਸਬੰਧੀ ਮੋਬਾਈਲ 'ਤੇ ਉਸ ਨੂੰ ਸਾਰੀ ਜਾਣਕਾਰੀ ਮਿਲਦੀ ਰਹੇਗੀ ਅਤੇ ਜੇਕਰ ਉਸ ਦੀ ਫਾਈਲ 'ਚ ਕੋਈ ਗਲਤੀ ਆਉਂਦੀ ਹੈ ਤਾਂ ਉਸ ਦਾ ਵੀ ਮੈਸੇਜ ਮੋਬਾਈਲ 'ਤੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹੀ ਇਹ ਟ੍ਰੇਕਿੰਗ ਸਿਸਟਮ ਲਗਾਇਆ ਹੈ।
 


Baljeet Kaur

Content Editor

Related News