ਅੰਮ੍ਰਿਤਸਰ : ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਪਤੀ-ਪਤਨੀ ਨੇ ਲਿਆ ਫਾਹਾ (ਤਸਵੀਰਾਂ)

10/16/2019 12:57:43 PM

ਅੰਮ੍ਰਿਤਸਰ (ਗੁਰਪ੍ਰੀਤ, ਅਵਦੇਸ਼) : ਫਤਿਹਗੜ੍ਹ ਚੂੜੀਆਂ ਰੋਡ ਸਥਿਤ ਫੇਅਰਲੈਂਡ ਕਾਲੋਨੀ 'ਚ ਅੱਜ ਸਵੇਰੇ ਭਾਰੀ ਕਰਜ਼ੇ ਤੋਂ ਪ੍ਰੇਸ਼ਾਨ ਪਤੀ-ਪਤਨੀ ਨੇ ਆਤਮਹੱਤਿਆ ਕਰ ਲਈ। ਮਰਨ ਵਾਲੇ ਨੌਜਵਾਨ ਸੁਨੀਲ ਕੁਮਾਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਦੋਂ ਕਿ ਉਸ ਦੀ ਪਤਨੀ ਮੋਨਿਕਾ ਮ੍ਰਿਤਕ ਹਲਾਤ ਵਿਚ ਬਿਸਤਰੇ 'ਤੇ ਪਈ ਸੀ। ਦੋਵਾਂ ਨੇ ਇਕੱਠੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ, ਥਾਣਾ ਮਜੀਠਾ ਰੋਡ ਦੇ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਅਤੇ ਚੌਕੀ ਫੈਜਪੁਰਾ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਭਾਰੀ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ।

ਮਰਨ ਤੋਂ ਪਹਿਲਾਂ ਪਤੀ-ਪਤਨੀ ਨੇ ਲਿਖਿਆ ਸੁਸਾਈਡ ਨੋਟ
ਵਕੀਲ ਨੂੰ ਦੱਸ ਦੇਣਾ ਮੌਤ ਬਾਰੇ। ਸਾਡੇ ਇਸ ਹਾਲਾਤ ਦੇ ਜ਼ਿੰਮੇਵਾਰ ਥਾਮਸ ਪੁੱਤਰ ਸ਼ਿਵਸ਼ੰਕਰ ਨਿਊ ਮੈਡੀਕਲ ਖਾਨਕੋਟ ਗਾਰਡਨ ਐਨਕਲੇਵ, ਗੁਰਵਿੰਦਰ ਸਿੰਘ ਪੁੱਤਰ ਬਚਨ ਸਿੰਘ ਪਿੰਡ ਮਾਨ ਕੱਥੂਨੰਗਲ, ਨਵਨੀਤ ਸਿੰਘ ਪਿੰਡ ਜੰਡ। ਮਰਨ ਤੋਂ ਪਹਿਲਾਂ ਸੁਨੀਲ ਕੁਮਾਰ ਆਪਣੀ ਅਤੇ ਆਪਣੀ ਪਤਨੀ ਦੀ ਮੌਤ ਦੇ ਜ਼ਿੰਮੇਵਾਰ ਉਕਤ ਤਿੰਨਾਂ ਨੂੰ ਠਹਿਰਾ ਕੇ ਗਿਆ, ਜਿਸ ਨੂੰ ਉਸ ਨੇ ਆਤਮਹੱਤਿਆ ਤੋਂ ਪਹਿਲਾਂ ਕੰਧ 'ਤੇ ਲਿਖਿਆ ਸੀ।
PunjabKesariਇਹ ਹੈ ਮਾਮਲਾ
ਮਰਨ ਵਾਲਾ ਸੁਨੀਲ ਕੁਮਾਰ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਗੌਰਮੈਂਟ ਆਈ. ਟੀ. ਆਈ. ਲੋਪੋਕੇ, ਚੋਗਾਵਾਂ ਵਿਚ ਅਧਿਆਪਕਾ ਦੇ ਅਹੁਦੇ 'ਤੇ ਸੀ। ਘਰ ਵਿਚ ਉਹ ਆਪਣੀ ਪਤਨੀ, ਬੇਟੇ ਸਾਹਿਲ ਕਪੂਰ ਅਤੇ ਆਪਣੀ ਮਾਤਾ ਦੇ ਨਾਲ ਰਹਿੰਦਾ ਸੀ, ਜਦੋਂ ਕਿ ਉਸ ਦਾ ਇਕ ਪੁੱਤਰ ਚੰਡੀਗੜ੍ਹ ਵਿਚ ਪੜ੍ਹਾਈ ਕਰ ਰਿਹਾ ਹੈ। ਸੁਨੀਲ ਕੁਮਾਰ ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਤਣਾਅ ਵਿਚ ਚੱਲ ਰਿਹਾ ਸੀ, ਜਿਸ ਦੇ ਪਿੱਛੇ ਦਾ ਕਾਰਣ ਪੰਜਾਬ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਗੁਰਵਿੰਦਰ ਸਿੰਘ ਵਾਸੀ ਮਾਨ, ਥੋਮਸ ਗਾਰਡਨ ਐਨਕਲੇਵ ਅਤੇ ਨਵਨੀਤ ਸਿੰਘ ਵਾਸੀ ਜੰਡ ਸਨ। ਇਨ੍ਹਾਂ ਤਿੰਨ ਮੁਲਜ਼ਮਾਂ ਕਾਰਣ ਅੱਜ ਸੁਨੀਲ ਕੁਮਾਰ ਅਤੇ ਉਸ ਦੀ ਪਤਨੀ ਨੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ। ਮ੍ਰਿਤਕ ਦੇ ਬੇਟੇ ਸਾਹਿਲ ਕਪੂਰ ਦੀ ਸ਼ਿਕਾਇਤ 'ਤੇ ਥਾਣਾ ਮਜੀਠਾ ਰੋਡ ਦੀ ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਉਸ ਦੇ ਮਾਤਾ-ਪਿਤਾ ਨੂੰ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕਰ ਲਿਆ ਹੈ, ਜਿਸ ਵਿਚ ਸਾਹਿਲ ਕਪੂਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸੁਨੀਲ ਕੁਮਾਰ ਨੇ ਉਕਤ ਮੁਲਜ਼ਮ ਪੰਜਾਬ ਪੁਲਸ ਦੇ ਮੁਲਾਜ਼ਮ ਗੁਰਵਿੰਦਰ ਸਿੰਘ ਤੋਂ 19.75 ਲੱਖ ਰੁਪਏ ਵਿਚ 152 ਗਜ਼ ਦੀ ਕੋਠੀ ਖਰੀਦੀ ਸੀ, ਜਿਸ ਵਿਚ ਉਨ੍ਹਾਂ ਨੇ 10 ਲੱਖ ਰੁਪਏ ਬਿਆਨੇ ਦੇ ਤੌਰ 'ਤੇ ਦੇ ਦਿੱਤੇ ਸਨ ਅਤੇ ਕੁਝ ਸਮਾਂ ਬਾਅਦ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਨੂੰ 2.97 ਲੱਖ ਰੁਪਏ ਦਾ ਚੈੱਕ ਦੇ ਕੇ ਕੋਠੀ ਦਾ ਕਬਜ਼ਾ ਲੈ ਲਿਆ ਸੀ। ਕਬਜ਼ਾ ਲੈਣ ਦੇ ਕੁਝ ਸਮੇਂ ਬਾਅਦ ਰਣਜੀਤ ਐਵੀਨਿਊ ਸਥਿਤ ਐੱਚ. ਡੀ. ਐੱਫ. ਸੀ. ਬ੍ਰਾਂਚ ਤੋਂ ਬੈਂਕ ਮੁਲਾਜ਼ਮ ਉਨ੍ਹਾਂ ਦੇ ਘਰ ਆਏ ਅਤੇ ਕਹਿਣ ਲੱਗੇ ਕਿ ਇਸ 'ਤੇ ਬੈਂਕ ਦਾ 17 ਲੱਖ ਰੁਪਏ ਕਰਜ਼ਾ ਬਾਕੀ ਹੈ।

PunjabKesariਗੁਰਵਿੰਦਰ ਸਿੰਘ ਨੇ ਉਸ ਕੋਠੀ ਨੂੰ ਗਿਰਵੀ ਰੱਖ ਕੇ 20 ਲੱਖ ਰੁਪਏ ਕਰਜ਼ਾ ਲਿਆ ਸੀ ਜਦੋਂ ਕਿ 17 ਲੱਖ ਰੁਪਏ ਹੁਣ ਤੱਕ ਨਹੀਂ ਦਿੱਤਾ ਗਿਆ। ਉਸ ਦੇ ਪਿਤਾ ਨੇ ਕੋਠੀ ਦੀ ਰੈਨੋਵੇਸ਼ਨ 'ਤੇ ਵੀ 6 ਲੱਖ ਰੁਪਏ ਖਰਚ ਕਰ ਦਿੱਤੇ ਸਨ। ਦੂਜੇ ਪਾਸੇ ਉਸ ਦੇ ਪਿਤਾ ਦਾ ਮੈਡੀਕਲ ਸਟੋਰ ਵੀ ਸੀ, ਜਿਸ ਨੂੰ ਥਾਮਸ ਚਲਾਉਂਦਾ ਸੀ। ਮੈਡੀਕਲ ਸਟੋਰ ਚਲਾਉਂਦੇ ਹੋ ਏ ਥਾਮਸ ਉਸ 'ਤੇ ਕਬਜ਼ਾ ਕਰ ਕੇ ਬੈਠ ਗਿਆ, ਇਹ ਪਿਛਲੇ ਡੇਢ ਸਾਲ ਤੋਂ ਝਗੜਾ ਚੱਲ ਰਿਹਾ ਸੀ। ਇਸੇ ਤਰ੍ਹਾਂ ਉਸ ਦੇ ਪਿਤਾ ਨੇ ਨਵਨੀਤ ਸਿੰਘ ਨੂੰ ਕਰੀਬ ਦੋ-ਢਾਈ ਸਾਲ ਪਹਿਲਾਂ ਦੁਕਾਨ ਕਿਰਾਏ 'ਤੇ ਦਿੱਤੀ ਸੀ ਜੋ ਅਗਸਤ 2019 ਵਿਚ ਦੁਕਾਨ ਖਾਲੀ ਕਰ ਗਿਆ ਪਰ ਉਸ ਦਾ 60 ਹਜ਼ਾਰ ਬਿਜਲੀ ਦਾ ਬਿੱਲ ਬਾਕੀ ਚੱਲ ਰਿਹਾ ਸੀ, ਜਿਸ ਨੂੰ ਉਹ ਅਦਾ ਨਹੀਂ ਕਰ ਰਿਹਾ ਸੀ। ਨਵਨੀਤ ਉਸ ਦੇ ਪਿਤਾ ਦੀ ਦੁਕਾਨ ਛੱਡ ਕਿਤੇ ਹੋਰ ਦੁਕਾਨ ਕਰਨ ਲੱਗਾ ਸੀ, ਜਦੋਂ ਉਸ ਦੇ ਪਿਤਾ ਬਿਜਲੀ ਦਾ ਬਿੱਲ ਮੰਗਣ ਲਈ ਉਸ ਦੇ ਕੋਲ ਗਏ ਤਾਂ ਉਸ ਨੇ ਬੇਇੱਜ਼ਤ ਕਰ ਕੇ ਉਨ੍ਹਾਂ ਨੂੰ ਧੱਕੇ ਮਾਰ ਕੇ ਕੱਢ ਦਿੱਤਾ। ਇਹੀ ਕਾਰਨ ਸੀ ਕਿ ਉਸ ਦੇ ਪਿਤਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸਨ। ਅੱਜ ਸਵੇਰੇ ਜਦੋਂ ਉਹ 6:30 ਵਜੇ ਆਪਣੇ ਮਾਤਾ-ਪਿਤਾ ਦੇ ਕਮਰੇ 'ਚ ਗਿਆ ਤਾਂ ਉਸ ਦੇ ਪਿਤਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਦੋਂ ਕਿ ਉਸ ਦੀ ਮਾਤਾ ਮ੍ਰਿਤਕ ਹਾਲਤ ਵਿਚ ਬਿਸਤਰੇ 'ਤੇ ਪਈ ਸੀ।

ਇਹ ਕਹਿਣਾ ਹੈ ਏ. ਸੀ. ਪੀ. ਦਾ
ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਦੇ ਬਾਅਦ ਹੀ ਮਰਨ ਵਾਲੀ ਮੋਨਿਕਾ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇਗਾ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਗੁਰਵਿੰਦਰ ਸਿੰਘ ਬਾਰੇ ਹੁਣ ਤੱਕ ਇੰਨਾ ਹੀ ਪਤਾ ਲੱਗ ਸਕਿਆ ਹੈ ਕਿ ਉਹ ਪੁਲਸ ਮੁਲਾਜ਼ਮ ਹੈ ਅਤੇ ਜ਼ਿਲਾ ਦਿਹਾਤੀ 'ਚ ਤਾਇਨਾਤ ਹੈ।

ਇਹ ਕਹਿਣਾ ਹੈ ਚੌਕੀ ਇੰਚਾਰਜ ਦਾ
ਚੌਕੀ ਫੈਜਪੁਰਾ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


Baljeet Kaur

Content Editor

Related News