ਵਿਰਾਸਤੀ ਮਾਰਗ ਤੋਂ ਹਟਾਏ ਗਏ ਗਿੱਧੇ ਭੰਗੜੇ ਦੇ ਬੁੱਤ

01/30/2020 6:58:17 PM

ਅੰਮ੍ਰਿਤਸਰ (ਸੁਮਿਤ ਖੰਨਾ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਦੇਸ਼ ਦਿੱਤੇ ਜਾਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੀ ਹੈਰੀਟੇਜ ਸਟਰੀਟ ਤੋਂ ਗਿੱਧੇ ਅਤੇ ਭੰਗੜੇ ਦੇ ਬੁੱਤਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਖਤ ਪੁਲਸ ਸੁਰੱਖਿਆ ’ਚ ਟੂਰਿਜ਼ਮ ਵਿਭਾਗ ਅਤੇ ਪੀ. ਡਬਲਿਊ. ਡੀ. ਵਿਭਾਗ ਦੀ ਨਿਗਰਾਨੀ ’ਚ ਇਨ੍ਹਾਂ ਬੁੱਤਾਂ ਨੂੰ ਚੁੱਕਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਬਾਕਾਇਦਾ ਕ੍ਰੇਨਾਂ ਵੀ ਮੰਗਵਾਈਆਂ ਗਈਆਂ। ਅਧਿਕਾਰੀਆਂ ਅਨੁਸਾਰ ਫਿਲਹਾਲ 2 ਬੁੱਤਾਂ ਨੂੰ ਉਥੋਂ ਚੁੱਕਿਆ ਗਿਆ ਹੈ, ਬਾਕੀਆਂ ਨੂੰ ਚੁੱਕਣ ਦਾ ਕੰਮ ਦੂਜੇ ਦਿਨ ਕੀਤਾ ਜਾਵੇਗਾ। ਹੈਰੀਟੇਜ ਸਟਰੀਟ ਵੱਲੋਂ ਚੁੱਕੇ ਗਏ ਬੁੱਤਾਂ ਨੂੰ ਟੂਰਿਜ਼ਮ ਵਿਭਾਗ ਦੇ ਦਫਤਰ ’ਚ ਰੱਖਿਆ ਗਿਆ ਹੈ। ਸਬੰਧਤ ਅਧਿਕਾਰੀਆਂ ਅਨੁਸਾਰ ਇਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਅਗਲੇ ਆਦੇਸ਼ ਤੋਂ ਬਾਅਦ ਹੀ ਕਿਸੇ ਹੋਰ ਟੂਰਿਜ਼ਮ ਸਪੌਟ ’ਤੇ ਲਾਇਆ ਜਾਵੇਗਾ।


PunjabKesariਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਪੁਰਾਣੇ ਦਫਤਰ ਦੇ ਨਾਲ ਅਤੇ ਹੈਰੀਟੇਜ ਸਟਰੀਟ ਦੇ ਪਹਿਲੇ ਪੜਾਅ ’ਤੇ ਸਰਕਾਰ ਵੱਲੋਂ ਲਾਏ ਗਏ ਗਿੱਧੇ ਅਤੇ ਭੰਗੜੇ ਦੇ ਬੁੱਤਾਂ ਨੂੰ ਨੌਜਵਾਨਾਂ ਵੱਲੋਂ ਸਵੇਰੇ 4 ਵਜੇ ਦੇ ਕਰੀਬ ਤੋੜ ਦਿੱਤਾ ਗਿਆ ਸੀ ਅਤੇ ਭਾਰੀ ਨੁਕਸਾਨ ਪਹੁੰਚਾਇਆ ਗਿਆ ਸੀ। ਨੌਜਵਾਨਾਂ ਦਾ ਕਹਿਣਾ ਸੀ ਕਿ ਇਨ੍ਹਾਂ ਬੁੱਤਾਂ ਕਾਰਣ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਮੌਕੇ ’ਤੇ ਨੌਜਵਾਨਾਂ ਨੂੰ ਰੋਕਣ ਗਈ ਪੁਲਸ ਪਾਰਟੀ ਨਾਲ ਵੀ ਉਨ੍ਹਾਂ ਦੀ ਝੜਪ ਹੋ ਗਈ ਸੀ, ਜਿਨ੍ਹਾਂ ਖਿਲਾਫ ਪੁਲਸ ਨੇ ਕਾਨੂੰਨੀ ਕਾਰਵਾਈ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ।


Baljeet Kaur

Content Editor

Related News