ਪਰਿਵਾਰ ਖੁਦਕੁਸ਼ੀ ਮਾਮਲਾ : ਸਾਬਕਾ DIG ਨੂੰ 8 ਸਾਲ ਤੇ DSP ਨੂੰ 4 ਸਾਲ ਦੀ ਸਜ਼ਾ (ਵੀਡੀਓ)

02/19/2020 5:38:09 PM

ਅੰਮ੍ਰਿਤਸਰ : ਸਥਾਨਕ ਚੌਕ ਮੋਨੀ ਸਥਿਤ ਇਕ ਹੀ ਪਰਿਵਾਰ ਦੇ ਸਮੂਹਿਕ 5 ਮੈਂਬਰਾਂ ਦੇ ਖੁਦਕੁਸ਼ੀ ਕਰਨ ਨਾਲ 16 ਸਾਲ ਤੋਂ ਲਟਕੇ ਬਹੁ-ਚਰਚਿਤ ਮਾਮਲੇ 'ਚ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਣਯੋਗ ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਹੋਰ 4 ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ 'ਚ 8-8 ਸਾਲ ਦੀ ਕੈਦ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ 'ਚ ਡੀ. ਐੱਸ. ਪੀ. ਹਰਦੇਵ ਸਿੰਘ ਬੋਪਾਰਾਏ ਨੂੰ 4 ਸਾਲ ਦੀ ਕੈਦ ਦੀ ਸਜ਼ਾ ਅਤੇ ਨਾਲ ਹੀ ਜੁਰਮਾਨਾ ਵੀ ਕੀਤਾ ਗਿਆ। ਜੁਰਮਾਨਾ ਨਾ ਭਰਨ 'ਤੇ ਸਾਰੇ ਦੋਸ਼ੀਆਂ ਨੂੰ 1 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਇਸ ਫੈਸਲੇ ਦੀ ਸੁਣਵਾਈ ਦੌਰਾਨ ਸਾਰੇ 6 ਮੁਲਜ਼ਮ (ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ, ਡੀ. ਐੱਸ. ਪੀ. ਹਰਦੇਵ ਸਿੰਘ ਬੋਪਾਰਾਏ, ਪਰਮਿੰਦਰ ਕੌਰ ਪਤਨੀ ਪਲਵਿੰਦਰਪਾਲ ਸਿੰਘ, ਪਲਵਿੰਦਰਪਾਲ ਸਿੰਘ ਪੁੱਤਰ ਗੁਰਬਚਨ ਸਿੰਘ, ਮਹਿੰਦਰ ਸਿੰਘ ਪੁੱਤਰ ਅਮਰ ਸਿੰਘ, ਸਬਰੀਨ ਕੌਰ ਪਤਨੀ ਗੁਰਚਰਨ ਸਿੰਘ ਆਦਿ) ਕੇਂਦਰੀ ਜੇਲ ਤੋਂ ਅਦਾਲਤ 'ਚ ਲਿਆਂਦੇ ਗਏ ਸਨ।

ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਨੂੰ ਕਿਨ੍ਹਾਂ ਧਾਰਾਵਾਂ ਤਹਿਤ ਹੋਈ ਸਜ਼ਾ
ਜੱਜ ਨੇ ਡੀ. ਆਈ. ਜੀ. ਕੁਲਤਾਰ ਸਿੰਘ ਨੂੰ ਧਾਰਾ 306 ਤਹਿਤ 8 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਸੁਣਾਇਆ ਹੈ। ਜੁਰਮਾਨਾ ਨਾ ਭਰਨ 'ਤੇ ਉਸ ਨੂੰ ਇਕ ਸਾਲ ਦੀ ਹੋਰ ਕੈਦ ਕੱਟਣੀ ਹੋਵੇਗੀ, ਉਥੇ ਹੀ ਧਾਰਾ 388 ਤਹਿਤ ਉਸ ਨੂੰ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ। ਜੁਰਮਾਨਾ ਨਾ ਭਰਨ 'ਤੇ 6 ਮਹੀਨੇ ਦੀ ਵਾਧੂ ਕੈਦ ਕੱਟਣੀ ਹੋਵੇਗੀ। ਧਾਰਾ 465 ਤਹਿਤ 2 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਦਾ ਜੁਰਮਾਨਾ। ਜੁਰਮਾਨਾ ਨਾ ਭਰਨ 'ਤੇ 2 ਮਹੀਨੇ ਦੀ ਵਾਧੂ ਕੈਦ ਕੱਟਣੀ ਹੋਵੇਗੀ। ਧਾਰਾ 120-ਬੀ ਦੇ 2 ਸਾਲ ਦੀ ਕੈਦ ਅਤੇ ਉਸ ਨੂੰ 3 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਡੀ. ਐੱਸ. ਪੀ. ਹਰਦੇਵ ਸਿੰਘ ਬੋਪਾਰਾਏ ਨੂੰ ਕਿਨ੍ਹਾਂ ਧਾਰਾਵਾਂ ਤਹਿਤ ਹੋਈ ਸਜ਼ਾ
ਜੱਜ ਨੇ ਡੀ. ਐੱਸ. ਪੀ. ਹਰਦੇਵ ਸਿੰਘ ਬੋਪਾਰਾਏ ਪੁੱਤਰ ਲਖਬੀਰ ਸਿੰਘ ਨੂੰ ਧਾਰਾ 465 ਤਹਿਤ 2 ਸਾਲ ਦੀ ਕੈਦ ਅਤੇ 3 ਹਜ਼ਾਰ ਜੁਰਮਾਨਾ ਸੁਣਾਇਆ ਗਿਆ ਹੈ। ਧਾਰਾ 471 ਤਹਿਤ 2 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨਾ, ਧਾਰਾ 120-ਬੀ ਤਹਿਤ 2 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨਾ, ਧਾਰਾ 119 ਤਹਿਤ 4 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ, ਧਾਰਾ 201 ਤਹਿਤ 3 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨਾ ਤੇ ਧਾਰਾ 217 ਤਹਿਤ 2 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ 'ਚ ਕ੍ਰਮਵਾਰ ਉਸ ਨੂੰ 2-2, 3-3 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪਵੇਗੀ।

ਮਹਿੰਦਰ ਸਿੰਘ ਤੇ ਹੋਰ 3 ਦੋਸ਼ੀਆਂ ਨੂੰ ਕਿਨ੍ਹਾਂ ਧਾਰਾਵਾਂ ਤਹਿਤ ਹੋਈ ਸਜ਼ਾ
ਮ੍ਰਿਤਕਾਂ ਨਾਲ ਸਬੰਧਤ ਦੋਸ਼ੀ ਮਹਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਚੌਕ ਮੋਨੀ, ਸਬਰੀਨ ਕੌਰ ਪਤਨੀ ਮਹਿੰਦਰ ਸਿੰਘ, ਪਲਵਿੰਦਰਪਾਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਕਪੂਰਥਲਾ ਰੋਡ, ਪਰਮਿੰਦਰ ਕੌਰ ਪਤਨੀ ਪਲਵਿੰਦਰਪਾਲ ਸਿੰਘ ਆਦਿ (ਸਾਰੇ ਚਾਰਾਂ ਨੂੰ) ਧਾਰਾ 306 ਤਹਿਤ 8-8 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ, ਧਾਰਾ 388 ਤਹਿਤ 7-7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ ਤੇ ਧਾਰਾ 506 ਤਹਿਤ 2-2 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ 'ਚ ਸਾਰੇ ਦੋਸ਼ੀਆਂ ਨੂੰ ਕ੍ਰਮਵਾਰ 1 ਸਾਲ, 6 ਮਹੀਨੇ ਅਤੇ 2 ਮਹੀਨੇ ਦੀ ਵਾਧੂ ਕੈਦ ਕੱਟਣੀ ਹੋਵੇਗੀ।

ਦੱਸਣਯੋਗ ਹੈ ਕਿ ਪਿਛਲੇ 16 ਸਾਲ ਦੇ ਲੰਬੇ ਸਮੇਂ ਦੌਰਾਨ ਇਸ ਬਹੁ-ਚਰਚਿਤ ਕੇਸ 'ਚ ਕਈ ਉਤਾਰ-ਚੜ੍ਹਾਅ ਹੋਏ। ਅਖੀਰ 'ਚ ਅਦਾਲਤ ਨੇ ਦੋਵਾਂ ਪੁਲਸ ਅਧਿਕਾਰੀਆਂ ਅਤੇ 4 ਹੋਰਨਾਂ 'ਤੇ ਦੋਸ਼ ਸਾਬਤ ਕਰਦਿਆਂ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਇਸ ਕੇਸ ਦੇ ਮੁੱਖ ਸ਼ਿਕਾਇਤਕਰਤਾ ਅਤੇ ਵਕੀਲ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਕਿਸੇ ਜ਼ਰੂਰੀ ਕੰਮ ਤਹਿਤ ਮੋਹਾਲੀ ਜਾਣਾ ਸੀ ਤਾਂ ਉਨ੍ਹਾਂ ਦੀ ਜਗ੍ਹਾ 'ਤੇ ਦੂਜੇ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਅਦਾਲਤ 'ਚ ਪੇਸ਼ ਹੋਏ। ਇਸ ਫੈਸਲੇ ਦੇ ਆਉਂਦੇ ਹੀ ਇਹ ਵੀ ਚਰਚਾ ਹੋਈ ਕਿ ਇਕ ਪੂਰਾ ਪਰਿਵਾਰ (ਜਿਸ ਵਿਚ 5 ਮੈਂਬਰ ਸਨ) ਮਾਰਿਆ ਗਿਆ ਅਤੇ ਕੀ ਮੁੱਖ ਦੋਸ਼ੀਆਂ ਨੂੰ ਸਿਰਫ 8 ਸਾਲ ਦੀ ਕੈਦ ਹੋਣੀ ਠੀਕ ਹੈ? ਇਹ ਪ੍ਰਸ਼ਨ ਸਾਰਿਆਂ ਦੇ ਦਿਮਾਗ ਵਿਚ ਰਿਹਾ। ਸਜ਼ਾ ਸੁਣਦੇ ਹੀ ਸਾਰੇ ਦੋਸ਼ੀਆਂ ਦੇ ਚਿਹਰੇ ਮੁਰਝਾਏ ਦਿਸੇ।

ਕੀ ਸੀ ਮਾਮਲਾ
ਇਹ ਸਾਰੀ ਘਟਨਾ 31 ਅਕਤੂਬਰ 2004 ਨੂੰ ਵਾਪਰੀ ਸੀ, ਜਿਸ ਵਿਚ ਚੌਕ ਕਰੋੜੀ ਵਾਸੀ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ 4 ਹੋਰ ਮੈਂਬਰਾਂ (ਹਰਦੀਪ ਸਿੰਘ ਦੀ ਪਤਨੀ ਰੋਮੀ, ਮਾਂ ਜਸਵੰਤ ਕੌਰ ਅਤੇ ਬੱਚੇ ਸਿਮਰਨ ਤੇ ਇਸ਼ਮੀਤ) ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਕਮਰੇ ਦੀਆਂ ਕੰਧਾਂ 'ਤੇ ਉਕਤ ਮੁਲਜ਼ਮ ਅਫਸਰਾਂ ਦੇ ਨਾਂ ਸਮੇਤ ਬਾਕੀ ਦੇ ਕੁਝ ਹੋਰ ਨਾਂ ਵੀ ਲਿਖੇ ਸਨ। ਇਸ ਦੌਰਾਨ ਡੀ. ਐੱਸ. ਪੀ. (ਉਸ ਸਮੇਂ ਦੇ ਐੱਸ. ਐੱਚ. ਓ.) ਹਰਦੇਵ ਸਿੰਘ 'ਤੇ ਦੋਸ਼ ਹਨ ਕਿ ਉਸ ਨੇ ਉਕਤ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਜਦੋਂ ਇਸ ਸਾਰੇ ਮਾਮਲੇ 'ਚ ਉੱਚ ਪੁਲਸ ਅਧਿਕਾਰੀ ਨੇ ਜਾਂਚ ਦੌਰਾਨ ਕਾਲ ਡਿਟੇਲ ਕਢਵਾਈ ਤਾਂ ਉਸ ਉਪਰੰਤ ਉਕਤ ਪੁਲਸ ਅਧਿਕਾਰੀ ਨੇ ਉਸ ਵਕਤ ਦੇ ਐੱਸ. ਐੱਸ. ਪੀ. ਕੁਲਤਾਰ ਸਿੰਘ (ਮੌਜੂਦਾ ਸਾਬਕਾ ਡੀ. ਆਈ. ਜੀ.) ਨੂੰ ਜ਼ਿੰਮੇਵਾਰ ਮੰਨਦਿਆਂ ਹਾਈਕਮਾਂਡ ਨੂੰ ਲਿਖਿਆ। ਇਸ ਦੌਰਾਨ ਮ੍ਰਿਤਕ ਰੋਮੀ ਨੇ ਇਹ ਵੀ ਲਿਖਿਆ ਸੀ ਕਿ ਕਿਵੇਂ ਉਸ ਦੇ ਦੋਵੇਂ ਬੱਚੇ ਜ਼ਹਿਰ ਖਾਣ ਉਪਰੰਤ ਤੜਫ਼-ਤੜਫ਼ ਕੇ ਮਰੇ। ਇਸ ਦਿਲ ਦਹਿਲਾ ਦੇਣ ਵਾਲੇ ਮਾਮਲੇ ਨੇ ਪੂਰੇ ਪੰਜਾਬ 'ਚ ਹਲਚਲ ਮਚਾ ਦਿੱਤੀ ਸੀ।

ਦੋਸ਼ ਹੈ ਕਿ ਉਸ ਸਮੇਂ ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਕੁਲਤਾਰ ਸਿੰਘ ਨੇ ਇਕ ਮਾਮਲੇ ਨੂੰ ਰਫਾ-ਦਫਾ ਕਰਨ ਲਈ ਹਰਦੀਪ ਸਿੰਘ ਤੋਂ 13 ਲੱਖ ਰੁਪਏ ਮੰਗੇ, ਜਿਸ ਵਿਚੋਂ ਹਰਦੀਪ ਨੇ 5 ਲੱਖ ਰੁਪਏ ਦੇ ਦਿੱਤੇ ਸਨ ਅਤੇ ਬਾਕੀ ਰੁਪਇਆਂ ਦਾ ਇੰਤਜ਼ਾਮ ਨਹੀਂ ਹੋ ਰਿਹਾ ਸੀ। ਦੋਸ਼ ਇਹ ਵੀ ਹੈ ਕਿ ਮੁਲਜ਼ਮ ਪੁਲਸ ਅਧਿਕਾਰੀ ਕੁਲਤਾਰ ਸਿੰਘ ਨੇ ਹਰਦੀਪ ਸਿੰਘ ਦੀ ਪਤਨੀ ਨਾਲ ਆਪਣੇ ਦਫ਼ਤਰ 'ਚ ਹੀ ਜ਼ਬਰਦਸਤੀ ਕੀਤੀ ਸੀ। ਇਸ ਮਾਮਲੇ ਨੂੰ ਰਿਟਾਇਰ ਜੱਜ ਅਜੀਤ ਸਿੰਘ ਬੈਂਸ ਨੇ ਚੁੱਕਿਆ ਸੀ। ਹੈਰਾਨੀਜਨਕ ਪਹਿਲੂ ਇਹ ਹੈ ਕਿ ਇਸ ਹਾਈਪ੍ਰੋਫਾਈਲ ਮਾਮਲੇ 'ਚ ਮੁਲਜ਼ਮ ਡੀ. ਆਈ. ਜੀ. ਵਿਰੁੱਧ ਅਦਾਲਤ 'ਚ ਪੇਸ਼ ਕੀਤੇ ਸਬੂਤਾਂ ਦੀ ਫਾਈਲ ਗਾਇਬ ਹੋ ਚੁੱਕੀ ਸੀ ਅਤੇ ਨਾਲ ਹੀ ਪੁਲਸ ਨੇ ਆਪਣੇ ਉਕਤ ਰਿਕਾਰਡ ਨੂੰ ਸਾੜ ਦਿੱਤਾ ਸੀ ਪਰ ਮਾਣਯੋਗ ਅਦਾਲਤ ਨੇ ਪੂਰੇ ਮਾਮਲੇ ਵਿਚ ਤੱਥਾਂ ਤੇ ਸਬੂਤਾਂ ਨੂੰ ਦੇਖਦਿਆਂ ਸਾਰੇ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਕੇ ਜੇਲ ਭੇਜ ਦਿੱਤਾ ਸੀ, ਜਿਸ ਪ੍ਰਤੀ ਬੁੱਧਵਾਰ ਨੂੰ ਇਨ੍ਹਾਂ ਸਾਰਿਆਂ ਨੂੰ ਸਜ਼ਾ ਸੁਣਾਈ ਗਈ।


Baljeet Kaur

Content Editor

Related News