ਵਿਆਜ 'ਤੇ ਲਏ ਪੈਸਿਆਂ ਨੇ ਉਜਾੜੀ ਦੁਨੀਆ, ਵਿਅਕਤੀ ਨੇ ਕੀਤੀ ਖੁਦਕੁਸ਼ੀ
Monday, Apr 01, 2019 - 01:16 PM (IST)
ਅੰਮ੍ਰਿਤਸਰ (ਦਲਜੀਤ, ਸੁਮਿਤ ਖੰਨਾ) : ਮਜੀਠਾ ਰੋਡ 'ਤੇ ਸਥਿਤ ਸਰਕਾਰੀ ਈ. ਐੱਸ. ਆਈ. ਹਸਪਤਾਲ ਦੇ ਇਕ ਦਰਜਾ-4 ਕਰਮਚਾਰੀ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਜੀਠਾ ਰੋਡ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਤੇ ਮੁਲਾਜ਼ਮ ਯੂਨੀਅਨ ਆਗੂਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ 37 ਸਾਲਾ ਮੋਨੂੰ ਸਿੰਘ ਵਾਸੀ ਕੋਟ ਖਾਲਸਾ ਈ. ਐੱਸ. ਆਈ. ਦੇ ਮੁਲਾਜ਼ਮਾਂ ਲਈ ਬਣੇ ਕਮਰੇ 'ਚ ਆਪਣੀ ਪਤਨੀ, ਪੁੱਤ ਤੇ ਧੀ ਨਾਲ ਰਹਿੰਦਾ ਸੀ। ਦਰਜਾ-4 ਯੂਨੀਅਨ ਦੇ ਆਗੂਆਂ ਪ੍ਰੇਮ ਚੰਦ, ਨਰਿੰਦਰ ਸਿੰਘ ਤੇ ਬਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਮੋਨੂੰ ਇਥੇ 3 ਸਾਲਾਂ ਤੋਂ ਕੱਚੇ ਤੌਰ 'ਤੇ ਕੰਮ ਕਰਦਾ ਸੀ, ਇਸ ਸਾਲ ਪੱਕਾ ਹੋ ਗਿਆ ਸੀ, ਉਸ ਨੇ ਕੁਝ ਸਮਾਂ ਪਹਿਲਾਂ ਵਿਆਜ 'ਤੇ ਪੈਸੇ ਲਏ ਸਨ। ਪੈਸੇ ਦੇਣ ਵਾਲਾ ਵਿਅਕਤੀ ਕਾਫ਼ੀ ਦੇਰ ਤੋਂ ਉਸ ਨੂੰ ਤੰਗ ਕਰ ਰਿਹਾ ਸੀ, ਜਿਸ ਨੇ ਪਹਿਲਾਂ ਤੋਂ ਹੀ ਉਸ ਦਾ ਏ. ਟੀ. ਐੱਮ. ਕਾਰਡ ਤੇ ਬੈਂਕ ਦੀ ਪਾਸਬੁੱਕ ਆਪਣੇ ਕੋਲ ਰੱਖ ਲਈ ਸੀ। ਤਨਖਾਹ ਆਉਂਦੇ ਹੀ ਹਰ ਮਹੀਨੇ ਵਿਆਜ ਵਾਲੀ ਰਕਮ ਕੱਢ ਲੈਂਦਾ ਸੀ।
ਉਨ੍ਹਾਂ ਕਿਹਾ ਕਿ ਇਸ ਸਾਲ ਜਦੋਂ ਉਹ ਪੱਕਾ ਹੋ ਗਿਆ ਤੇ ਸੈਲਰੀ ਵਧ ਕੇ ਆਉਣ ਵਾਲੀ ਸੀ ਤਾਂ ਮੋਨੂੰ ਨੇ ਪੁਰਾਣਾ ਏ. ਟੀ. ਐੱਮ. ਬੰਦ ਕਰਵਾ ਕੇ ਨਵਾਂ ਏ. ਟੀ. ਐੱਮ. ਤੇ ਦੂਜੀ ਪਾਸਬੁੱਕ ਜਾਰੀ ਕਰਵਾ ਲਈ, ਜਿਸ ਕਾਰਨ ਉਧਾਰ ਦੇਣ ਵਾਲਾ ਵਿਅਕਤੀ ਉਸ ਨੂੰ ਅਕਸਰ ਪ੍ਰੇਸ਼ਾਨ ਕਰਦਾ ਤੇ ਧਮਕੀਆਂ ਦਿੰਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਮੋਨੂੰ ਦੇ ਪਿਤਾ ਇਥੇ ਪਹਿਲਾਂ ਮੁਲਾਜ਼ਮ ਸਨ, ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੂੰ ਨੌਕਰੀ ਮਿਲੀ ਤੇ ਮਾਂ ਦੇ ਮਰਨ ਤੋਂ ਬਾਅਦ ਮੋਨੂੰ ਨੂੰ। ਉਕਤ ਆਗੂਆਂ ਨੇ ਸ਼ਾਸਨ-ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ ਕਾਰਵਾਈ ਹੋਵੇ ਤੇ ਪੀੜਤ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ।