ਦੁਬਈ ''ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

Wednesday, Nov 25, 2020 - 08:04 PM (IST)

ਦੁਬਈ ''ਚ ਫ਼ੌਤ ਹੋਏ ਜਗਦੀਸ਼ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ

ਅੰਮ੍ਰਿਤਸਰ (ਸੰਧੂ) : ਆਪਣੇ ਪਰਿਵਾਰਾਂ ਨੂੰ ਆਰਥਿਕ ਮੰਦਹਾਲੀ 'ਚੋਂ ਕੱਢਣ ਲਈ ਆਪਣੇ ਘਰ, ਜ਼ਮੀਨਾਂ ਗਹਿਣੇ ਧਰ ਖਾੜੀ ਮੁਲਕਾਂ 'ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਹਰ ਮੁਸ਼ਕਲ ਘੜੀ 'ਚ ਰਹਿਬਰ ਬਣ ਸੇਵਾ ਰੂਪੀ ਮਦਦ ਕਰਨ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵੱਡੇ ਯਤਨਾ ਸਦਕਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਲੋਵਾਲ (ਬਰਾੜ) ਨਾਲ ਸਬੰਧਤ 25 ਸਾਲਾ ਜਗਦੀਸ਼ ਸਿੰਘ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ।

ਇਹ ਵੀ ਪੜ੍ਹੋ: ਪੁਲਸ ਮੁਲਾਜ਼ਮ ਨਾਲ ਖੇਡ ਤਾਂਤਰਿਕ ਇੰਝ ਹੋਇਆ ਮਾਲਾਮਾਲ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਜਗਦੀਸ਼ ਸਿੰਘ ਕਰੀਬ ਦੋ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ 'ਚ ਦੁਬਈ ਮਿਹਨਤ ਮਜ਼ਦੂਰੀ ਕਰਨ ਗਿਆ ਸੀ ਕਿ ਅਚਾਨਕ ਬੀਤੀ 17 ਨਵੰਬਰ ਨੂੰ ਤੜਕਸਾਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਜਦ ਪੀੜਤ ਪਰਿਵਾਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਆਪਣੀ ਦੁਬਈ ਵਿਚਲੀ ਟੀਮ ਤੋਂ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਭਾਰਤੀ ਦੂਤਾਵਾਸ ਦੇ ਸਹਿਯੋਗ ਸਦਕਾ ਜਗਦੀਸ਼ ਦਾ ਮ੍ਰਿਤਕ ਸਰੀਰ ਲਿਆ ਕੇ ਅੱਜ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ ਅਤੇ ਵਿੱਤ ਸਕੱਤਰ ਨਵਜੀਤ ਸਿੰਘ ਘਈ ਦੀ ਮੌਜੂਦਗੀ 'ਚ ਹਵਾਈ ਅੱਡੇ ਤੇ ਪਰਿਵਾਰ ਨੂੰ ਸੌਂਪ ਦਿੱਤਾ ਹੈ।

PunjabKesari

ਡਾ.ਓਬਰਾਏ ਨੇ ਦੱਸਿਆ ਕਿ ਉਹ ਹੁਣ ਤੱਕ 212 ਬਦਨਸੀਬ ਲੋਕਾਂ ਦੇ ਮ੍ਤਿਕ ਸਰੀਰ ਵਾਰਸਾਂ ਤੱਕ ਪਹੁੰਚਾ ਚੁੱਕੇ ਹਨ। ਡਾ. ਓਬਰਾਏ ਅਨੁਸਾਰ ਆਉਂਦੇ ਕੁਝ ਦਿਨਾਂ ਅੰਦਰ ਟਰੱਸਟ ਵੱਲੋਂ 4 ਹੋਰ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਦੁਬਈ ਤੋਂ ਵਾਪਸ ਭਾਰਤ ਪਹੁੰਚਾਏ ਜਾਣਗੇ। ਉਨ੍ਹਾਂ ਇਹ ਵੀ  ਦੱਸਿਆ ਕਿ ਖਾੜੀ ਦੇਸ਼ਾਂ ਅੰਦਰ ਪਰਵਾਸੀ ਕਾਮਿਆਂ ਦੀਆਂ ਮੌਤਾਂ ਦੀ ਗਿਣਤੀ 'ਚ ਹੋ ਰਹੇ ਵਾਧੇ ਦਾ ਮੁੱਖ ਵੱਡਾ ਕਾਰਨ ਕਰੋਨਾ ਮਹਾਂਮਾਰੀ ਦੇ ਕਾਰਨ ਕੰਮ ਬੰਦ ਹੋਣਾ ਜਾਂ ਘੱਟਣਾ ਹੈ,ਜਿਸ ਕਾਰਨ ਪ੍ਰੇਸ਼ਾਨੀ ਦੇ ਚੱਲਦਿਆਂ ਬਹੁਤ ਸਾਰੇ ਨੌਜਵਾਨ ਜਾਂ ਤਾਂ ਆਤਮ ਹੱਤਿਆ ਕਰ ਰਹੇ ਹਨ ਜਾਂ ਛੋਟੀ ਉਮਰ 'ਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਰਹੀ ਹੈ।

ਇਹ ਵੀ ਪੜ੍ਹੋ: 'ਆਪ' ਵਲੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਅਤੇ ਕੈਪਟਨ ਸਰਕਾਰ ਦੇ ਵਿਰੋਧ 'ਚ ਪੋਸਟਰ ਮੁਹਿੰਮ ਦਾ ਆਗਾਜ਼

ਇਸ ਦੌਰਾਨ ਮ੍ਰਿਤਕ ਦੇਹ ਲੈਣ ਪਹੁੰਚੇ ਜਗਦੀਸ਼ ਸਿੰਘ ਦੇ ਭਰਾ ਜਸਵੰਤ ਸਿੰਘ,ਸੁਰਜੀਤ ਸਿੰਘ,ਸਹੁਰੇ ਲੱਖਾ ਸਿੰਘ, ਮਾਮੇ ਲਖਵਿੰਦਰ ਸਿੰਘ,ਸਾਬ ਸਿੰਘ,ਜੀਜੇ ਹਰਜਿੰਦਰ ਸਿੰਘ ਆਦਿ ਨੇ ਜਗਦੀਸ਼ ਸਿੰਘ ਦੀ ਮ੍ਤਿਕ ਦੇਹ ਲੈ ਕੇ ਆਉਣ ਤੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਜਗਦੀਸ਼ ਦ‍ਾ ਮ੍ਰਿਤਕ ਸਰੀਰ ਵਾਪਸ ਲੈ ਕੇ ਆਉਣਾ ਉਨ੍ਹਾਂ ਦੇ ਵੱਸ ਦੀ ਹੀ ਗੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਡਾ.ਓਬਰਾਏ ਦੀ ਬਦੌਲਤ ਹੀ ਜਗਦੀਸ਼ ਦੇ ਮ੍ਰਿਤਕ ਸਰੀਰ ਨੂੰ ਆਪਣੀ ਮਿੱਟੀ ਨਸੀਬ ਹੋ ਸਕੀ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਜਗਦੀਸ਼ ਸਿੰਘ ਦਾ ਅੰਤਿਮ ਸਸਕਾਰ ਉਸਦੇ ਜੱਦੀ ਪਿੰਡ ਕੌਲੋਵਾਲ ਵਿਖੇ ਕਰ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ: ਹਰਿਆਣਾ ਨੇ ਰੋਕੇ ਕਿਸਾਨਾਂ ਦੇ ਕਾਫ਼ਲੇ, ਪੰਜਾਬ ਦਾ ਪੁਲਸ ਪ੍ਰਸਾਸ਼ਨ ਵੀ ਹੋਇਆ ਪੱਬਾਂ ਭਾਰ  


author

Shyna

Content Editor

Related News