ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ : ਦੋ ਪੁਲਸ ਮੁਲਾਜ਼ਮਾਂ ਤੇ ਬੀ.ਐੱਸ. ਐੱਫ. ਅਧਿਕਾਰੀ ਸਮੇਤ 26 ਮਾਮਲਿਆਂ ਦੀ ਪੁਸ਼ਟੀ
Wednesday, Jul 22, 2020 - 05:13 PM (IST)
ਅੰਮ੍ਰਿਤਸਰ (ਦਲਜੀਤ) : ਰੋਨਾ ਲਾਗ ਜ਼ਿਲ੍ਹੇ 'ਚ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਜਕੜ 'ਚ ਲੈ ਰਹੀ ਹੈ। ਬੁੱਧਵਾਰ ਡਿਪਟੀ ਜੇਲ ਸੁਪਰਡੈਂਟ, ਦੋ ਪੁਲਸ ਅਫਸਰਾਂ ਅਤੇ ਇਕ ਬੀ. ਐੱਸ. ਐੱਫ. ਦੇ ਜਵਾਨ ਸਮੇਤ 27 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ 26 ਮਰੀਜ਼ ਗੰਭੀਰ ਹੋਣ ਕਾਰਣ ਵੈਂਟੀਲੇਟਰ ਅਤੇ ਆਈ. ਸੀ. ਯੂ. 'ਚ ਹਨ, ਜਦੋਂ ਕਿ 11 ਮਰੀਜ਼ਾਂ ਨੂੰ ਸਾਹ ਨਾ ਆਉਣ ਕਾਰਣ ਆਕਸੀਜਨ ਲਾਈ ਗਈ ਹੈ। ਸਿਹਤ ਵਿਭਾਗ ਇਸ ਮਹਾਮਾਰੀ 'ਚ ਹੁਣ ਤੱਕ ਲਗਾਮ ਲਾਉਣ 'ਚ ਅਸਫਲ ਸਾਬਤ ਹੋਇਆ ਹੈ। ਜਾਣਕਾਰੀ ਅਨੁਸਾਰ ਵਾਇਰਸ ਤੇਜੀ ਨਾਲ ਆਮ ਜਨਤਾ ਅਤੇ ਪ੍ਰਸ਼ਾਸਨ ਦੇ ਕਰਮਚਾਰੀਆਂ ਸਮੇਤ ਅਧਿਕਾਰੀਆਂ ਨੂੰ ਆਪਣੀ ਜਕੜ 'ਚ ਲੈ ਰਿਹਾ ਹੈ। ਵਾਇਰਸ ਦੇ ਵਧਣ ਨਾਲ ਜਿੱਥੇ ਅੰਮ੍ਰਿਤਸਰ 'ਚ ਹੋ ਰਹੀ ਮੌਤ ਦਰ ਪੰਜਾਬ 'ਚ ਸਭ ਤੋਂ ਵੱਧ ਦਰਜ ਕੀਤੀ ਗਈ ਹੈ, ਉੱਥੇ ਹੀ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਨਾ ਕਰਨ ਕਾਰਣ ਰੋਜ਼ਾਨਾ ਦਰਜਨਾਂ ਦੀ ਤਾਦਾਦ 'ਚ ਕੇਸ ਸਾਹਮਣੇ ਆ ਰਹੇ ਹਨ। ਪ੍ਰਸ਼ਾਸਨ ਵੱਲੋਂ ਵੀ ਸਖ਼ਤੀ ਨਾ ਕਰਨ ਕਾਰਣ ਬੇਪ੍ਰਵਾਹ ਲੋਕ ਕੋਰੋਨਾ ਨੂੰ ਸੱਦਾ ਦੇ ਰਹੇ ਹਨ।
ਸਿਹਤ ਵਿਭਾਗ ਅਨੁਸਾਰ ਨਵੇਂ ਮਾਮਲਿਆਂ 'ਚ ਗੁਰੂ ਨਾਨਕ ਨਗਰ ਵੇਰਕਾ 1, ਰਾਮਦੀਵਾਲੀ ਤੋਂ 1, ਸ਼ਹੀਦ ਊਧਮ ਸਿੰਘ ਨਗਰ ਤੋਂ 1, ਗੁਰੂ ਰਾਮਦਾਸ ਐਵੀਨਿਊ ਤੋਂ 1, ਫਤਿਹਗੜ੍ਹ ਚੂੜੀਆਂ ਰੋਡ ਤੋਂ 1, ਗਰੀਨ ਐਵੀਨਿਊ ਤੋਂ 1, ਅਜਨਾਲਾ ਤੋਂ 1, ਗੁਰੂ ਤੇਗ ਬਹਾਦਰ ਕਲੋਨੀ ਬਾਬਾ ਬਕਾਲਾ ਤੋਂ 1, ਗੁਰੂ ਰਾਮਦਾਸ ਨਗਰ ਤੋਂ 1, ਗੋਪਾਲ ਨਗਰ ਤੋਂ 1, ਮੁਸਤਫਾਬਾਦ ਤੋਂ 1, ਵਡਾਲਾ ਤੋਂ 1, ਨਵੀਂ ਆਬਾਦੀ ਤੋਂ 1, ਮਹਿੰਦਰਾ ਕਲੋਨੀ ਤੋਂ 1, ਪੁਲਸ ਲਾਈਨ ਤੋਂ 1, ਰਣਜੀਤ ਐਵੀਨਿਊ ਤੋਂ 1, ਚੌੜਾ ਬਾਜ਼ਾਰ ਗੇਟ ਹਕੀਮਾਂ ਤੋਂ 1, ਰੇਲਵੇ ਵਰਕਸ਼ਾਪ ਤੋਂ 1 ਸ਼ਾਮਲ ਹੈ। ਇਸੇ ਤਰ੍ਹਾਂ ਸੰਪਰਕ ਵਾਲਿਆਂ 'ਚ 1 ਗਰੀਨ ਫੀਲਡ ਤੋਂ, 2 ਸ਼ਰੀਫਪੁਰਾ ਤੋਂ, 3 ਆਈ. ਵੀ. ਵਾਈ. ਹਸਪਤਾਲ ਤੋਂ ਅਤੇ ਇਕ ਬੀ. ਐੱਸ. ਐੱਫ. ਖਾਸਾ 88 ਬਟਾਲੀਅਨ ਨਾਲ ਸਬੰਧਤ ਹੈ। ਫ਼ਿਲਹਾਲ ਹੁਣ ਕੁੱਲ ਪਾਜ਼ੇਟਿਵ ਮਾਮਲੇ 1361 ਹੋ ਚੁੱਕੇ ਹਨ, ਜਿੰਨ੍ਹਾਂ 'ਚੋਂ 1023 ਠੀਕ ਹੋ ਚੁੱਕੇ ਹਨ, ਜਦੋਂ ਕਿ 273 ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਤੱਕ 64 ਦੀ ਮੌਤ ਹੋ ਚੁੱਕੀ ਹੈ।
ਡਾਕਟਰਾਂ ਦੇ ਸੰਪਰਕ 'ਚ ਆਉਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਸਿਹਤ ਵਿਭਾਗ ਨੇ ਨਹੀਂ ਕੀਤੇ ਕੁਆਰੰਟਾਈਨ ਸਿਵਲ ਸਰਜਨ ਦਫ਼ਤਰ ਦੇ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫਸਰ ਡਾ. ਆਰ. ਐੱਸ. ਸੇਠੀ, ਸਰਕਾਰੀ ਹਸਪਤਾਲ ਦੇ ਡਾ. ਰਾਜ ਕੁਮਾਰ ਕੇਂਦਰੀ ਜੇਲ 'ਚ ਤਾਇਨਾਤ ਡਾ. ਸੁਧੀਰ ਦੇ ਸੰਪਰਕ 'ਚ ਆਉਣ ਵਾਲੇ ਵਿਭਾਗ ਦੇ ਸਿਵਲ ਸਰਜਨ ਸਮੇਤ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਹੁਣ ਤੱਕ ਕੁਆਰੰਟਾਈਨ ਨਹੀਂ ਕੀਤੇ ਗਏ ਹਨ। ਸਿਵਲ ਸਰਜਨ ਦਫ਼ਤਰ 'ਚ ਛੋਟੇ ਕਰਮਚਾਰੀਆਂ ਦੇ ਤਾਂ ਟੈਸਟ ਹੋ ਗਏ ਹਨ ਪਰ ਹੁਣ ਤੱਕ ਸਿਵਲ ਸਰਜਨ ਸਮੇਤ ਹੋਰ ਅਧਿਕਾਰੀਆਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਹੈ। ਲੋਕ ਕਹਿ ਰਹੇ ਹਨ ਕਿ ਸਰਕਾਰੀ ਨਿਯਮ ਕੀ ਆਮ ਜਨਤਾ ਲਈ ਹਨ, ਸਿਹਤ ਵਿਭਾਗ ਦੇ ਅਧਿਕਾਰੀਆਂ ਲਈ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਉਂਝ ਤਾਂ ਸਿਵਲ ਸਰਜਨ ਡਾ. ਨਵਦੀਪ ਸਿੰਘ ਲੋਕਾਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦਾ ਪਾਠ ਪੜਾਉਂਦੇ ਹਨ। ਕੀ ਉਹ ਆਪਣੀ ਵਾਰੀ ਸਰਕਾਰੀ ਹੁਕਮਾਂ ਦਾ ਪਾਠ ਭੁੱਲ ਗਏ ਹਨ ਜਾਂ ਜਾਣਬੁੱਝ ਕੇ ਸਰਕਾਰੀ ਹੁਕਮਾਂ ਦੀ ਅਣਦੇਖੀ ਕਰ ਰਹੇ ਹਨ?
ਇਹ ਵੀ ਪੜ੍ਹੋਂ : ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ
ਪਾਜ਼ੇਟਿਵ ਮਰੀਜ਼ ਨੇ ਦਿੱਤਾ ਗਲਤ ਪਤਾ, ਵਿਭਾਗ ਕਰ ਰਿਹੈ ਸਿਰ-ਖਪਾਈ
ਸਰਕਾਰੀ ਹਸਪਤਾਲ 'ਚ ਇਕ ਮਰੀਜ਼ ਨੇ ਆਪਣਾ ਕੋਰੋਨਾ ਦਾ ਟੈਸਟ ਕਰਵਾਇਆ ਅਤੇ ਉਸ ਦਾ ਟੈਸਟ ਪਾਜ਼ੇਟਿਵ ਆ ਗਿਆ ਹੈ ਪਰ ਸਿਹਤ ਵਿਭਾਗ ਵਲੋਂ ਟੈਸਟ ਦੌਰਾਨ ਜੋ ਡਿਟੇਲ ਭਰੀ ਗਈ ਹੈ, ਉਹ ਗਲਤ ਹੈ ਅਤੇ ਉਸ ਦਾ ਮੋਬਾਇਲ ਨੰਬਰ ਵੀ ਝੂਠਾ ਹੈ। ਵਿਭਾਗ ਇਸ ਕਰਮਚਾਰੀ ਨੂੰ ਲੱਭਣ ਲਈ ਸਿਰ-ਖਪਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਕਈ ਲੋਕ ਹਨ ਜੋ ਆਪਣਾ ਗਲਤ ਪਤਾ ਦੇ ਕੇ ਵਿਭਾਗ ਨੂੰ ਮੂਰਖ ਬਣਾ ਰਹੇ ਹਨ ਅਤੇ ਵਿਭਾਗ ਬਿਨਾਂ ਵੈਰੀਫਾਈ ਕਰ ਕੇ ਫ਼ਾਰਮ ਭਰ ਰਿਹਾ ਹੈ ਅਤੇ ਕੰਮ ਦੇ ਨਾਂ 'ਤੇ ਖਾਨਾਪੂਰਤੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੋਕਾਂ ਨੂੰ ਨਸੀਹਤ ਖੁਦ ਮੀਆਂ ਫਜ਼ੀਹਤ ਵਾਲੀ ਕਹਾਵਤ ਸਿਵਲ ਸਰਜਨ ਦਫ਼ਤਰ 'ਤੇ ਬੈਠੀ ਢੁੱਕਵੀਂ
ਲੋਕਾਂ ਨੂੰ ਨਸੀਹਤ ਖੁਦ ਮੀਆਂ ਫਜ਼ੀਹਤ ਵਾਲੀ ਕਹਾਵਤ ਅੱਜਕੱਲ ਸਿਵਲ ਸਰਜਨ ਦਫ਼ਤਰ 'ਚ ਬਿਲਕੁਲ ਠੀਕ ਬੈਠ ਰਹੀ ਹੈ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਅੱਜ ਸੋਸ਼ਲ ਡਿਸਟੈਂਸ ਅਤੇ 6 ਫੁੱਟ ਦੀ ਦੂਰੀ ਰੱਖ ਕੇ ਮੂੰਹ 'ਤੇ ਮਾਸਕ ਲਾਉਣ ਲਈ ਸਰਕਾਰੀ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਲਈ ਇਕ ਪੱਤਰ ਜਾਰੀ ਕੀਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਇਸ ਨਿਯਮ ਦੀ ਪਾਲਣਾ ਸਿਵਲ ਸਰਜਨ ਦਫ਼ਤਰ 'ਚ ਨਹੀਂ ਹੋ ਰਹੀ ਹੈ। ਕੁਝ ਦਿਨ ਪਹਿਲਾਂ ਹੀ ਸਿਵਲ ਸਰਜਨ ਦੀ ਅਗਵਾਈ 'ਚ ਸਰਕਾਰੀ ਹੁਕਮਾਂ ਦੇ ਉਲਟ ਜਾ ਕੇ 5 ਵਿਅਕਤੀਆਂ ਤੋਂ ਵੱਧ ਲੋਕਾਂ ਦੀ ਮੀਟਿੰਗ ਬੁਲਾਈ ਗਈ ਸੀ ਅਤੇ ਉਸ ਮੀਟਿੰਗ 'ਚ ਕਈ ਕਰਮਚਾਰੀ ਬਿਨਾਂ ਮਾਸਕ ਤੋਂ ਬੈਠੇ ਹੋਏ ਸਨ। ਇੱਥੋਂ ਤੱਕ ਕਿ ਸਿਵਲ ਸਰਜਨ ਦਫ਼ਤਰ ਦੇ ਕਈ ਪ੍ਰੋਗਰਾਮ ਅਫਸਰ ਅਤੇ ਕਈ ਕਰਮਚਾਰੀ, ਜਿੰਨ੍ਹਾਂ ਨੇ ਕੰਮ ਕਰਨ ਲਈ ਆਪਣੇ ਸਿਰ 'ਤੇ ਕਮਰੇ ਬਣਾਏ ਹੋਏ ਹਨ, ਵੀ 5 ਤੋਂ ਜਿਆਦਾ ਹਨ ਅਤੇ ਲੋਕਾਂ ਦੀ ਭੀੜ ਇਕੱਠੀ ਕਰ ਕੇ ਨਿਯਮਾਂ ਨੂੰ ਟਿੱਚ ਜਾਣ ਰਹੇ ਹਨ।
ਇਹ ਵੀ ਪੜ੍ਹੋਂ : ਹਥਣੀ ਤੋਂ ਬਾਅਦ ਗਾਂ ਨੇ ਖਾਧਾ ਵਿਸਫੋਟਕ, ਮੂੰਹ ਦੇ ਉਡ ਗਏ ਚੀਥੜੇ
ਸਰਕਾਰੀ ਕੋਠੀ 'ਚ ਸਿਵਲ ਸਰਜਨ ਦੇ ਡਰਾਈਵਰ ਦੀ ਭੇਤਭਰੇ ਹਾਲਾਤ 'ਚ ਮੌਤ
ਕੋਰੋਨਾ ਮਹਾਮਾਰੀ ਦੌਰਾਨ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਸਰਕਾਰੀ ਕੋਠੀ 'ਚ ਉਨ੍ਹਾਂ ਦੇ ਸਰਕਾਰੀ ਡਰਾਈਵਰ ਦੀ ਗੱਡੀ 'ਚ ਭੇਤਭਰੇ ਹਾਲਾਤ 'ਚ ਮੌਤ ਹੋ ਗਈ, ਜਿਸ ਤੋਂ ਬਾਅਦ ਸਿਵਲ ਸਰਜਨ ਵੱਲੋਂ ਆਪਣੀ ਗੱਡੀ ਅਹਿਆਤ ਵਜੋਂ ਸੈਨੇਟਾਈਜ਼ ਕਰਵਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ (65) ਰੋਜ਼ਾਨਾ ਦੀ ਤਰ੍ਹਾਂ ਗੱਡੀ ਸਾਫ਼ ਕਰ ਕੇ ਸਿਵਲ ਸਰਜਨ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਸਿਵਲ ਸਰਜਨ ਦਾ ਕੁੱਕ ਡਰਾਈਵਰ ਨੂੰ ਦੇਖਣ ਆਇਆ ਤਾਂ ਉਸ ਦੀ ਧੌਣ ਸਟੇਰਿੰਗ 'ਤੇ ਪਈ ਹੋਈ ਸੀ। ਜਦੋਂ ਉਸ ਨੇ ਹਿਲਾਇਆ ਤਾਂ ਡਰਾਈਵਰ ਹਿੱਲਿਆ ਨਹੀਂ ਤਾਂ ਕੁੱਕ ਨੇ ਤੁਰੰਤ ਸਿਵਲ ਸਰਜਨ ਨੂੰ ਜਾਣਕਾਰੀ ਦਿੱਤੀ। ਡਾ. ਨਵਦੀਪ ਸਿੰਘ ਨੇ ਇਸ ਦੌਰਾਨ ਪੁਲਸ ਨੂੰ ਮੌਕੇ 'ਤੇ ਬੁਲਾਇਆ ਅਤੇ ਡੈੱਡ ਬਾਡੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ। ਕੋਰੋਨਾ ਮਹਾਮਾਰੀ ਦੌਰਾਨ ਉੱਚ ਅਧਿਕਾਰੀਆਂ ਵੱਲੋਂ ਕੋਰੋਨਾ ਦਾ ਟੈਸਟ ਨਾ ਕਰਵਾਇਆ ਜਾਣਾ ਇਸ ਮੌਤ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਉੱਧਰ ਡਰਾਈਵਰ ਈਮਾਨਦਾਰ ਅਤੇ ਤਜ਼ਰਬੇਕਾਰ ਕਰਮਚਾਰੀ ਸੀ। ਡਰਾਈਵਰ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ ਅਹੁਦੇ 'ਤੇ ਤਾਇਨਾਤ ਕਈ ਅਧਿਕਾਰੀਆਂ ਦੇ ਨਾਲ ਕੰਮ ਕੀਤਾ ਸੀ।