ਕੀ ਪਾਵਨ ਸਰੂਪਾਂ ਦੀ ਬੇਅਦਬੀ ਦੇ ਹਿਸਾਬ ਨਾਲ ਹੋਵੇਗੀ ਦੋਸ਼ੀਆਂ ਨੂੰ ਸਜ਼ਾ?

Monday, Sep 28, 2020 - 11:07 AM (IST)

ਕੀ ਪਾਵਨ ਸਰੂਪਾਂ ਦੀ ਬੇਅਦਬੀ ਦੇ ਹਿਸਾਬ ਨਾਲ ਹੋਵੇਗੀ ਦੋਸ਼ੀਆਂ ਨੂੰ ਸਜ਼ਾ?

ਅੰਮ੍ਰਿਤਸਰ (ਅਨਜਾਣ): ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਕਾਰਜਕਾਰਣੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਐਡਵੋਕੇਟ ਈਸ਼ਰ ਸਿੰਘ ਤੇਲੰਗਾਨਾ ਦੀ ਅਗਵਾਈ 'ਚ ਬਣਾਈ ਸਬ-ਕਮੇਟੀ ਦੀ ਜਾਂਚ ਰਿਪੋਰਟ ਆਉਣ ਉਪਰੰਤ ਪਹਿਲਾਂ ਦੋਸ਼ੀਆਂ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਉਨ੍ਹਾਂ ਤੇ ਵਿਭਾਗੀ ਕਾਰਵਾਈ ਤੇ ਫੌਜਦਾਰੀ ਮੁਕੱਦਮੇ ਕਰਨ ਦਾ ਸਟੈਂਡ ਲਿਆ ਗਿਆ। ਇਸ ਤੋਂ ਕੁਝ ਸਮਾਂ ਬਾਅਦ ਹੀ ਇਕ ਮੀਟਿੰਗ 'ਚ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਕਾਰਜਕਾਰਣੀ ਵਲੋਂ ਆਪਣੇ ਆਪ ਨੂੰ ਖ਼ੁਦ ਫ਼ੈਸਲੇ ਕਰਨ ਦੇ ਸਮਰੱਥ ਦੱਸਦਿਆਂ ਯੂ-ਟਰਨ ਲੈ ਕੇ ਮੁੱਕਰ ਜਾਣ 'ਤੇ ਸਤਿਕਾਰ ਕਮੇਟੀਆਂ ਵਲੋਂ ਲਗਾਏ ਗਏ ਮੋਰਚੇ ਤੇ ਧਾਰਮਿਕ ਜਥੇਬੰਦੀਆਂ ਵਲੋਂ ਵਿਰੋਧ ਕਰਨ 'ਤੇ 28 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਹੋਣ ਜਾ ਰਹੇ ਬਜਟ ਅਜਲਾਸ 'ਚ ਮੈਂਬਰਾਂ ਦੀਆਂ ਜ਼ਮੀਰਾਂ ਨੂੰ ਝੰਜੋੜਨ ਤੇ ਹਵਾਰਾ ਕਮੇਟੀ ਵਲੋਂ ਬਜਟ ਅਜਲਾਸ 'ਚ ਸ਼ਾਮਿਲ ਹੋਣ ਵਾਲੇ 170 ਮੈਂਬਰਾਂ ਨੂੰ ਵਟਸਐਪ 'ਤੇ ਖੁਲ੍ਹੀ ਚਿੱਠੀ ਲਿਖਣ ਮਗਰੋਂ ਕੀ ਸ਼੍ਰੋਮਣੀ ਕਮੇਟੀ ਗੁਰੂ ਵੱਲ ਮੁੱਖ ਕਰੇਗੀ ਜਾਂ ਫੇਰ ਬੇਮੁੱਖ ਹੋਈ ਰਹੇਗੀ।

ਇਹ ਵੀ ਪੜ੍ਹੋ : ਆਈਲੈਟਸ ਵਾਲੀ ਕੁੜੀ ਨਾਲ ਮੰਗਣੀ ਕਰਵਾਉਣੀ ਪਈ ਭਾਰੀ, ਵਿਦੇਸ਼ ਪੁੱਜਦੇ ਹੀ ਕਰ ਦਿੱਤਾ ਕਾਰਾ

ਸਤਿਕਾਰ ਕਮੇਟੀਆਂ ਦੀ 7 ਮੈਂਬਰੀ ਕਮੇਟੀ ਕਰੇਗੀ ਰੋਸ ਮੁਜ਼ਾਹਰਾ 
ਸਤਿਕਾਰ ਕਮੇਟੀਆਂ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਤੇ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਅੱਜ ਦੇ ਬਜਟ ਅਜਲਾਸ 'ਚ ਸਤਿਕਾਰ ਕਮੇਟੀ ਦੀ 7 ਮੈਂਬਰੀ ਕਮੇਟੀ ਹੱਥਾਂ 'ਚ ਬੈਨਰ ਫੜ੍ਹ ਕੇ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕਰੇਗੀ ਤੇ ਬਾਕੀ ਦੇ ਮੈਂਬਰ ਧਰਨੇ 'ਤੇ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਗੁਰੂ ਕੇ ਸਿੱਖ ਹੋਣਗੇ ਤਾਂ ਉਹ ਆਪਣੀ ਜ਼ਮੀਰ ਨੂੰ ਜਗਾ ਕੇ ਪਾਵਨ ਸਰੂਪਾਂ ਦੇ ਹਿਸਾਬ 'ਤੇ ਦੋਸ਼ੀਆਂ ਨੂੰ ਸਜ਼ਾਵਾਂ ਬਾਰੇ ਜ਼ਰੂਰ ਗੱਲਬਾਤ ਕਰਨਗੇ ਭਾਵੇਂ ਉਨ੍ਹਾਂ ਨੂੰ ਬਾਅਦ 'ਚ ਅਸਤੀਫ਼ੇ ਹੀ ਕਿਉਂ ਨਾ ਦੇਣੇ ਪੈਣ। ਉਨ੍ਹਾਂ ਕਿਹਾ ਕਿ ਅੱਜ ਦੇ ਇਜਲਾਸ 'ਚ ਧਾਰਾ 295-ਏ 'ਚ ਸੋਧ ਬਾਰੇ ਵੀ ਗੱਲ ਕੀਤੀ ਜਾਵੇਗੀ। ਕਿਉਂਕਿ 295-ਏ ਨਾਲ ਤਾਂ ਦੋਸ਼ੀ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਥਾਣੇ 'ਚੋਂ ਹੀ ਜ਼ਮਾਨਤ ਕਰਕੇ ਚਲਾ ਜਾਂਦਾ ਹੈ, ਇਸ ਲਈ ਕੋਈ ਸਖ਼ਤ ਧਾਰਾ ਦੀ ਮੰਗ ਕੀਤੀ ਜਾਵੇਗੀ।

ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ਿਆਂ 'ਤੇ ਮੈਂਬਰਾਂ ਦੀ ਸੁੱਤੀ ਜ਼ਮੀਰ ਨੂੰ ਝੰਜੋੜਿਆ ਜਾਵੇਗਾ 
ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਨੇ ਕਿਹਾ ਕਿ ਅੱਜ ਦੇ ਅਜਲਾਸ 'ਚ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ ਤੇ ਹੋਰ ਧਾਰਮਿਕ ਜਥੇਬੰਦੀਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਚਰਵਾਜ਼ਿਆਂ 'ਤੇ ਖੜ੍ਹ ਕੇ ਉਥੋਂ ਲੰਘਣ ਵਾਲੇ ਹਰ ਸ਼੍ਰੋਮਣੀ ਕਮੇਟੀ ਮੈਂਬਰ ਦੀ ਜ਼ਮੀਰ ਨੂੰ ਝੰਜੋੜਦਿਆਂ ਉਸ ਨੂੰ ਗੁਰੂ ਵਾਲਾ ਬਣ ਇਜਲਾਸ 'ਚ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਹਿਸਾਬ ਮੰਗਣ ਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਝੰਜੋੜਿਆ ਜਾਵੇਗਾ ਤੇ ਵਾਪਸ ਆਉਣ 'ਤੇ ਉਸ ਨੂੰ ਸੰਗਤਾਂ ਵਲੋਂ ਇਹ ਪੁੱਛਿਆ ਜਾਵੇਗਾ ਕਿ ਤੂੰ ਆਪਣੇ ਗੁਰੂ ਲਈ ਕੀ ਕਰ ਕੇ ਆਇਆ ਹੈਂ। ਜੇਕਰ ਇਜਲਾਸ 'ਚ ਪਾਵਨ ਸਰੂਪਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਜਥੇਬੰਦੀਆਂ ਮਸੰਦਾਂ ਲਈ ਜੋ ਅਗਲੇਰੀ ਰਣਨੀਤੀ ਤਹਿ ਕਰਨਗੀਆਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਤਿਕਾਰ ਕਮੇਟੀਆਂ ਤੋਂ ਅਲੱਗ ਨਹੀਂ ਬੱਸ ਪੈਂਤੜੇ ਸਭ ਦੇ ਵੱਖ-ਵੱਖ ਨੇ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਸਾਰੇ ਪਾਸਿਆਂ ਤੋਂ ਘੇਰਿਆ ਜਾ ਸਕੇ।

ਇਹ ਵੀ ਪੜ੍ਹੋ : ਕਰਜ਼ੇ ਤੋਂ ਦੁਖੀ ਦੋ ਬੱਚਿਆਂ ਦੀ ਮਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ

ਜੋ ਬਾਦਲ ਗੁਰੂ ਦੀ ਗੱਲ ਨਹੀਂ ਕਰਦਾ ਉਸਦਾ ਫ਼ਖ਼ਰੇ ਕੌਮ ਐਵਾਰਡ ਵਾਪਸ ਮੰਗਿਆ ਜਾਵੇਗਾ 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਮਸਲਾ ਬਹੁਤ ਗੰਭੀਰ ਹੈ। ਅੱਜ ਦੇ ਇਜਲਾਸ 'ਚ ਜਥੇਦਾਰ ਸਾਹਿਬਾਨ, ਗ੍ਰੰਥੀ ਸਿੰਘ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਇਲਾਵਾ ਕਾਰਜਕਾਰਣੀ ਦੇ ਮੈਂਬਰ ਵੀ ਹੋਣਗੇ। ਪਹਿਲਾਂ ਸਰੂਪ 267 ਸਨ ਤੇ ਬਾਅਦ 'ਚ 328 ਹੋ ਗਏ। ਸਿੰਘ ਸਾਹਿਬ ਨੇ ਆਪਣੇ ਫ਼ੈਸਲੇ 'ਚ ਸਜ਼ਾ ਸੁਣਾ ਦਿੱਤੀ ਤੇ ਮੁਆਫ਼ੀ ਵੀ ਦੇ ਦਿੱਤੀ ਜਾਵੇਗੀ। ਸਜ਼ਾ ਸੁਣਾਉਣੀ ਜਾਂ ਮੁਆਫ਼ੀ ਮੰਗਣੀ ਕੋਈ ਗਲਤ ਨਹੀਂ ਠੀਕ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਬਾਰੇ ਕੋਈ ਗੱਲ ਨਹੀਂ ਹੋਈ। ਅਕਾਲੀ ਫੂਲਾ ਸਿੰਘ ਦਾ ਐਵਾਰਡ ਲੈਣਾ ਬਹੁਤ ਸੌਖਾ ਹੈ ਪਰ ਅਕਾਲੀ ਫੂਲਾ ਸਿੰਘ ਬਨਣਾ ਬਹੁਤ ਔਖਾ ਹੈ। ਜੇਕਰ ਅਕਾਲੀ ਫੂਲਾ ਸਿੰਘ ਦਾ ਐਵਾਰਡ ਲਿਆ ਹੈ ਤਾਂ ਸਿੰਘ ਸਾਹਿਬ ਅੱਜ ਦੇ ਇਜਲਾਸ 'ਚ ਅਕਾਲੀ ਫੂਲਾ ਸਿੰਘ ਬਣ ਕੇ ਦਿਖਾਉਣ। ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਗਿਆਨੀ ਗੁਰਬਚਨ ਸਿੰਘ ਨੇ ਫ਼ਖ਼ਰੇ ਕੌਮ ਦਾ ਐਵਾਰਡ ਦਿੱਤਾ ਹੈ ਉਨ੍ਹਾਂ ਦੀ ਜਿੰਨੀ ਵਾਰੀ ਸਰਕਾਰ ਆਈ ਕੌਮ ਨੂੰ ਨਾਸੂਰ ਹੀ ਦਿੱਤਾ ਹੈ। ਨਿਰੰਕਾਰੀ ਕਾਂਡ, ਬਹਿਬਲ ਕਲਾਂ ਕਾਂਡ, ਬਰਗਾੜੀ ਕਾਂਡ, ਲੁਧਿਆਣੇ ਦਾ ਸਮਰਾਲਾ ਚੌਂਕ, ਨੂਰ ਮਹਿਲ ਕਾਂਡ ਸਭ ਬਾਦਲ ਸਾਹਿਬ ਦੀ ਹੀ ਦੇਣ ਹਨ। ਮੈਂ ਇਜਲਾਸ 'ਚ ਬਾਦਲ ਸਾਹਿਬ ਕੋਲੋਂ ਫ਼ਖ਼ਰੇ ਕੌਮ ਦਾ ਐਵਾਰਡ ਵਾਪਸ ਲੈਣ ਲਈ ਆਵਾਜ਼ ਉਠਾਵਾਂਗਾ। ਜੋ ਗੁਰੂ ਦਾ ਨਹੀਂ ਉਹ ਕਿਸੇ ਦਾ ਨਹੀਂ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹਿਸਾਬ ਮੰਗਾਂਗਾ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵੀ ਆਵਾਜ਼ ਬੁਲੰਦ ਕਰਾਂਗਾ। ਜੇਕਰ ਸ਼੍ਰੋਮਣੀ ਕਮੇਟੀ ਕੋਈ ਠੋਸ ਫ਼ੈਸਲਾ ਨਹੀਂ ਲੈਂਦੀ ਤਾਂ ਉਹ ਸੰਗਤ ਦੀ ਤੇ ਪ੍ਰਮੇਸ਼ਰ ਦੀ ਕਚਹਿਰੀ 'ਚ ਤਾਂ ਜਵਾਬ ਦੇਹ ਜ਼ਰੂਰ ਹੋਵੇਗੀ। ਗੁਰੂ ਤੋਂ ਬੇਮੁੱਖ ਹੋਣ ਵਾਲੇ ਉਸ ਕੋਲ ਕੀ ਮੂੰਹ ਲੈ ਕੇ ਜਾਣਗੇ।

ਜੋ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਉਹ ਗੁਰੂ ਦੀ ਕਚਹਿਰੀ 'ਚ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਹੋਵੇਗਾ 
ਸਿੱਖ ਚਿੰਤਕ ਤੇ ਬਾਬਾ ਫਤਿਹ ਸਿੰਘ ਗੁਰਮਤਿ ਪ੍ਰਚਾਰ ਮਿਸ਼ਨ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕਿਹਾ ਕਿ  ਅਸੀਂ ਸ਼੍ਰੋਮਣੀ ਕਮੇਟੀ ਕੋਲੋਂ ਇਹੀ ਆਸ ਰੱਖ ਕੇ ਚੱਲੇ ਹਾਂ ਕਿ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਲਈ ਇਨਸਾਫ਼ ਜ਼ਰੂਰ ਮਿਲੇਗਾ। ਜੋ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਉਹ ਗੁਰੂ ਘਰ ਦੇ ਤੇ ਸੰਗਤਾਂ ਦੇ ਦੇਣਦਾਰ ਹੋਣਗੇ। ਉਹ ਗੁਰੂ ਦੀ ਕਚਹਿਰੀ 'ਚ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਹੋਣਗੇ ਤੇ ਇਕ ਨਾ ਇਕ ਦਿਨ ਉਨ੍ਹਾਂ ਦੀ ਸੱਚਾਈ ਸੰਗਤਾਂ ਦੇ ਸਾਹਮਣੇ ਜ਼ਰੂਰ ਆਵੇਗੀ।

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ

ਬਾਦਲਾਂ ਦੇ ਲਿਫ਼ਾਫ਼ੇ 'ਚੋਂ ਨਿਕਲੇ ਮੈਂਬਰ ਭਾਵੇਂ ਗੁਰੂ ਦੀ ਗੱਲ ਨਾ ਕਰਨ ਪਰ ਕਲਗੀਧਰ ਦਸਮੇਸ਼ ਪਿਤਾ ਵਾਲੇ ਗੁਰੂ ਦੇ ਧੜੇ ਵੱਲ ਪਰਤਣਗੇ 
ਪ੍ਰਸਿੱਧ ਵਿਦਵਾਨ ਤੇ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਲਿਫ਼ਾਫ਼ੇ ਵਾਲੇ ਮੈਂਬਰ ਭਾਵੇਂ ਗੁਰੂ ਦੀ ਗੱਲ ਨਾ ਕਰਨ ਪਰ ਕਲਗੀਧਰ ਦਸਮੇਸ਼ ਪਿਤਾ ਵਾਲੇ ਗੁਰੂ ਦੇ ਧੜੇ ਵੱਲ ਜ਼ਰੂਰ ਪਰਤਣਗੇ। ਅੱਜ ਦੇ ਇਜਲਾਸ 'ਚ ਇਹੀ ਦੇਖਣਾ ਹੈ ਕਿ ਕੌਣ ਭਾਈ ਮਹਾਂ ਸਿੰਘ ਦੇ ਨਕਸ਼ੇ ਕਦਮ 'ਤੇ ਚੱਲਕੇ ਆਪਣੇ ਗੁਰੂ ਦੀ ਹੋਈ ਬੇਅਦਬੀ ਦਾ ਹਿਸਾਬ ਲੈਂਦਾ ਹੈ ਤੇ ਕਿਹੜੀ ਮਾਂ ਆਪਣੇ ਮੈਂਬਰ ਪੁੱਤ ਨੂੰ ਮਾਤਾ ਭਾਗ ਕੌਰ ਵਾਂਗ ਗੁਰੂ ਤੋਂ ਬੇਮੁੱਖ ਹੋਏ ਨੂੰ ਆਪਣੇ ਗੁਰੂ ਤੇ ਕੁਰਬਾਨ ਹੋਣ ਲਈ ਭੇਜਦੀ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਸ ਸਮੇਂ ਭਿਆਨਕ ਸਮੇਂ 'ਚੋਂ ਲੰਘ ਰਿਹਾ ਹੈ। ਸਿੱਖ ਕੌਮ ਦੀ ਹਾਲਤ ਬਾਕੀ ਕੌਮਾਂ ਨਾਲੋਂ ਕੁਝ ਅਲੱਗ ਹੈ ਕਿਉਂਕਿ ਖ਼ਾਲਸਾ ਪੰਥ ਤੇ ਆਏ ਮਾੜੇ ਸਮੇਂ ਦਾ ਕਾਰਨ ਸਾਡੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਹੋ ਰਹੇ ਬਾਹਰੀ ਤੇ ਅੰਦਰੂਨੀ ਹਮਲੇ ਹਨ ਜੋ ਰੁਕਣ ਦਾ ਨਾਮ ਨਹੀਂ ਲੈਂਦੇ। ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੋਏ ਹਮਲਿਆਂ ਨੂੰ ਠੱਲ੍ਹ ਪਾਉਣ 'ਚ ਨਾਕਾਮ ਰਹੀ ਹੈ। ਸਿੱਖ ਕੌਮ ਲਈ ਸਰੂਪਾਂ ਨੂੰ ਲਾਪਤਾ ਕਰਾਰ ਦੇਣਾ  ਮੰਦਭਾਗੀ ਤੇ ਜ਼ਲਾਲਤ ਦੀ ਘਟਨਾ ਹੈ। ਸਾਨੂੰ ਉਮੀਦ ਹੈ ਕਿ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਅਜਿਹੇ ਨੇ ਜੋ ਅੱਜ ਦੇ ਇਜਲਾਸ 'ਚ ਗੁਰੂ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਦਾ ਹਿਸਾਬ ਲੈਣ ਦੇ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਬਾਰੇ ਗੱਲ ਕਰਨਗੇ।

 


author

Baljeet Kaur

Content Editor

Related News