ਅੰਮ੍ਰਿਤਸਰ: ਨਿਰੰਕਾਰੀਆਂ ਦੇ ਡੇਰੇ ''ਤੇ ਅੱਤਵਾਦੀ ਹਮਲਾ, 3 ਦੀ ਮੌਤ, 20 ਜ਼ਖਮੀ (ਵੀਡੀਓ)

11/18/2018 6:46:47 PM

ਅੰਮ੍ਰਿਤਸਰ (ਸੰਜੀਵ, ਸੁਮਿਤ, ਅਵਦੇਸ਼, ਨਿਰਵੈਲ)— ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਮੰਡਲ 'ਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨਿਰੰਕਾਰੀ ਭਵਨ 'ਚ ਸਤਿਸੰਗ ਦੌਰਾਨ ਦੋ ਨੌਜਵਾਨਾਂ ਨੇ ਗ੍ਰੇਨੇਡ ਬੰਬ ਸੁੱਟਿਆ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ 'ਚ 3 ਲੋਕਾਂ ਦੀ ਮੌਤ ਅਤੇ ਕਰੀਬ 20 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਬੰਬ ਧਮਾਕੇ 'ਚ ਮਾਰੇ ਗਏ ਤਿੰਨ ਵਿਅਕਤੀਆਂ 'ਚੋਂ ਇਕ ਵਿਅਕਤੀ ਮਹਾਪੁਰਸ਼ ਸੁਖਦੇਵ ਕੁਮਾਰ ਪ੍ਰਚਾਰਕ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਰਹੇ। ਮੌਕੇ 'ਤੇ ਪਹੁੰਚੀ ਪੁਲਸ ਭਾਲ 'ਚ ਲੱਗੀ ਹੋਈ ਹੈ ਅਤੇ ਪੰਜਾਬ ਭਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 
ਇੰਝ ਦਿੱਤਾ ਵਾਰਦਾਤ ਨੂੰ ਅੰਜਾਮ 

ਡੇਰੇ ਅੰਦਰ ਇੰਝ ਦਾਖਲ ਹੋ ਕੇ ਦਿੱਤਾ ਵਾਰਦਾਤ ਨੂੰ ਅੰਜਾਮ 
ਮੌਕੇ 'ਤੇ ਮੌਜੂਦ ਲੋਕਾਂ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਕਤ ਸਥਾਨ 'ਤੇ ਆਏ ਅਤੇ ਗੇਟ ਦੇ ਬਾਹਰ ਖੜ੍ਹੇ ਲੋਕਾਂ ਨੂੰ ਪਿਸਤੌਲ ਦੀ ਨੌਕ 'ਤੇ ਲੈ ਕੇ ਅੰਦਰ ਦਾਖਲ ਹੋ ਗਏ। ਸਤਿਸੰਗ ਹਾਲ 'ਚ ਪਹੁੰਚਦੇ ਹੀ ਦਰਵਾਜ਼ੇ ਨੇੜੇ ਖੜ੍ਹੇ ਹੋ ਕੇ ਗ੍ਰੇਨੇਡ ਸੁੱਟ ਦਿੱਤਾ। ਇਹ ਗ੍ਰੇਨੇਡ ਸਟੇਜ 'ਤੇ ਨਾ ਡਿੱਗ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਫਿਰ ਜ਼ੋਰਦਾਰ ਧਮਾਕਾ ਹੋ ਗਿਆ। ਇਸੇ ਦੌਰਾਨ ਉਥੇ ਹਫੜਾ-ਦਫੜਾ ਮਚ ਗਈ ਅਤੇ ਚੀਕ ਚਿਹਾੜਾ ਪੈ ਗਿਆ। ਇਸ ਤੋਂ ਬਾਅਦ ਉਕਤ ਸਥਾਨ 'ਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਥਾਨ 'ਤੇ ਗ੍ਰੇਨੇਡ ਧਮਾਕਾ ਹੋਇਆ ਹੈ, ਉਥੇ ਡੂੰਘਾ ਟੋਇਆ ਪਿਆ ਹੋਇਆ ਹੈ। 

PunjabKesari

ਇਹ ਲੋਕ ਹੋਏ ਹਾਦਸੇ ਦੇ ਸ਼ਿਕਾਰ 
ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਾਜਾਸਾਂਸੀ, ਸੁਖਦੇਵ ਕੁਮਾਰ ਪੁੱਤਰ ਕੰਸਰਾਜ ਵਾਸੀ ਮੀਰਾਂਕੋਟ, ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਬੱਗਨਕਲਾਂ ਦੇ ਰੂਪ 'ਚ ਹੋਈ ਹੈ। ਉਥੇ ਹੀ ਨਿੱਜੀ ਹਸਪਤਾਲ 'ਚ ਭੇਜੇ ਗਏ ਜ਼ਖਮੀਆਂ 'ਚ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਜਾਸਾਂਸੀ, ਅਵਤਾਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਰਾਜਾਸਾਂਸੀ, ਕਸ਼ਮੀਰ ਕੌਰ ਪੁੱਤਰ ਓਂਕਾਰ ਸਿੰਘ ਵਾਸੀ ਰਾਜਾਸਾਂਸੀ, ਗੁਰਪਿਆਰ ਸਿੰਘ ਪੁੱਤਰ ਓਂਕਾਰ ਸਿੰਘ ਵਾਸੀ ਰਾਜਾਸਾਂਸੀ, ਮਹਿਕਜੀਤ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਮੀਰਾਂਕੋਟ ਕਲਾਂ, ਸੁਖਵਿੰਦਰ ਕੌਰ ਪਤਨੀ ਜਸਬੀਰ ਸਿੰਘ ਵਾਸੀ ਧੌਲਕਲਾਂ, ਦਿਲਸ਼ੇਰ ਸਿੰਘ ਪੁੱਤਰ ਜਬੀਰ ਸਿੰਘ ਧੌਲਕਲਾਂ, ਸਤਿੰਦਰ ਕੁਮਾਰ ਪੁੱਤਰ ਕਰਨਲ ਕੁਮਾਰ ਵਾਸੀ ਅੰਮ੍ਰਿਤਸਰ, ਦੇਸਾ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮੀਰਾਂਕੋਟ ਕਲਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਕੁਝ ਲੋਕ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਏ ਗਏ ਹਨ। 

PunjabKesari
ਪੰਜਾਬ ਸਮੇਤ ਦਿੱਲੀ 'ਚ ਅਲਰਟ ਜਾਰੀ
ਅੰਮ੍ਰਿਤਸਰ ਨਿਰੰਕਾਰੀ ਭਵਨ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਅੰਮ੍ਰਿਤਸਰ ਸਮੇਤ ਗੁਰਦਾਸਪੁਰ, ਜਲੰਧਰ, ਪਠਾਨਕੋਟ, ਲੁਧਿਆਣਾ, ਫਿਰੋਜ਼ਪੁਰ, ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਅਤੇ ਨਵੀਂ ਦਿੱਲੀ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਦਿੱਲੀ ਵਿਖੇ ਨਿਰੰਕਾਰੀਆਂ ਦਾ ਹੈੱਡ ਆਫਿਸ ਹੈ, ਜਿੱਥੇ ਭਾਰੀ ਗਿਣਤੀ 'ਚ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਪੰਜਾਬ ਪੁਲਸ ਵੱਲੋਂ ਸੰਵੇਦਨਸ਼ੀਲ ਇਲਾਕਿਆਂ 'ਚ ਚੱਪੇ-ਚੱਪੇ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ 'ਚ 7 ਦੇ ਕਰੀਬ ਅੱਤਵਾਦੀਆਂ ਦੇ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਭਰ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ।


shivani attri

Content Editor

Related News