ਭਾਈ ਲੌਂਗੋਵਾਲ ਦਾ ਵੱਡਾ ਬਿਆਨ, ਕਿਹਾ-ਧਰਨੇ 'ਤੇ ਬੈਠੇ ਲੋਕ ਕਰਦੇ ਹਨ ਨਸ਼ੇ (ਵੀਡੀਓ)
Monday, Oct 26, 2020 - 03:31 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਿਚਾਲੇ ਹੋਈ ਝੜਪ 'ਤੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਇਹ ਬਹੁਤ ਹੀ ਅਫ਼ਸੋਸਜਨਕ ਘਟਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ, ਇਥੇ ਨਾਨਕ ਨਾਮ ਲੇਵਾ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਥਾਨ ਧਰਨੇ ਪ੍ਰਦਰਸ਼ਨ ਕਰ ਲਈ ਨਹੀਂ ਹੈ ਪਰ ਇਹ ਲੋਕ ਇਥੇ ਮੰਦੀ ਭਾਸ਼ਾ ਬੋਲਦੇ ਸਨ ਤੇ ਮਾੜੀਆਂ ਗੱਲਾਂ ਕਰਦੇ ਸਨ। ਪਿਛਲੇ 40 ਦਿਨਾਂ ਤੋਂ ਅਸੀਂ ਇਨ੍ਹਾਂ ਨਾਲ ਸੰਪਰਕ ਬਣਾਇਆ ਹੋਇਆ ਸੀ ਤੇ ਵਾਰ-ਵਾਰ ਇਨ੍ਹਾਂ ਨੂੰ ਬੇਨਤੀ ਵੀ ਕਰਦੇ ਸੀ ਤੇ ਅੰਦਰ ਬੈਠਕਾਂ 'ਚ ਇਹ ਸਾਰੀਆਂ ਗੱਲਾਂ ਮੰਨ ਲੈਂਦੇ ਸਨ ਪਰ ਬਾਹਰ ਜਾ ਕੇ ਫ਼ਿਰ ਮੁੱਕਰ ਜਾਂਦੇ ਸਨ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਇਹ ਲੋਕ ਜਿਥੇ ਧਰਨੇ 'ਤੇ ਬੈਠ ਮੰਦੀ ਭਾਸ਼ਾ ਬੋਲਦੇ ਸਨ, ਉਥੇ ਹੀ ਨਸ਼ੇ ਵੀ ਕਰਦੇ ਸਨ। ਉਨ੍ਹਾਂ ਕਿਹਾ ਕਿ ਖੋਸਾ ਸਾਹਿਬ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ 'ਚ ਉਹ ਨਸ਼ਾ ਕਰਦੇ ਸਾਫ਼ ਦਿਖਾਈ ਦੇ ਰਹੇ ਸਨ। ਉਹ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਹੀ ਤਰ੍ਹਾਂ ਨਹੀਂ ਤੁਰ ਪਾ ਰਿਹਾ ਸੀ, ਜਿਸ ਕਰਕੇ ਇਕ ਨੌਜਵਾਨ ਇਸ ਦੀ ਬਾਂਹ ਫੜ੍ਹ ਕੇ ਤੁਰਦਾ ਸੀ। ਇਸ ਤੋਂ ਇਲਾਵਾ ਉਸ ਨੇ ਸ੍ਰੀ ਦਰਬਾਰ ਸਾਹਿਬ 'ਚ ਸਾਡੀ ਮਰਿਆਦਾ 'ਚ ਵੀ ਦਖ਼ਲਅੰਦਾਜ਼ੀ ਕੀਤੀ।
ਇਹ ਵੀ ਪੜ੍ਹੋ : ਜ਼ਖ਼ਮੀ ਸਿੱਖਾਂ ਦਾ ਹਾਲ ਵੇਖ ਰੋ ਪਏ ਸੰਧਵਾਂ, ਸ਼੍ਰੋਮਣੀ ਕਮੇਟੀ ਤੇ ਬਾਦਲਾਂ 'ਤੇ ਕੱਢੀ ਭੜਾਸ (ਵੀਡੀਓ)
ਲੌਂਗੋਵਾਲ ਨੇ ਕਿਹਾ ਕਿ ਇਸ ਮਸਲੇ ਨੂੰ ਗੱਲਬਾਤ ਨਾਲ ਇਸ ਕਰਕੇ ਨਹੀਂ ਸੁਲਝਾਇਆ ਜਾ ਸਕਿਆ ਕਿਉਂਕਿ ਇਨ੍ਹਾਂ ਦੇ ਪਿੱਛੇ ਸ਼ਕਤੀਆਂ ਹੋਰ ਨੇ ਅਤੇ ਇਨ੍ਹਾਂ ਨੂੰ ਬਾਹਰੋਂ ਪੈਸਾ ਆਉਂਦਾ ਹੈ, ਜਿਸ ਨਾਲ ਇਨ੍ਹਾਂ ਨੇ ਇਹ ਆਪਣੀ ਦੁਕਾਨ ਚਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਨਹੀਂ ਚਾਹੁੰਦੀ ਸਭ ਅਮਨ ਸ਼ਾਂਤੀ ਨਾਲ ਰਹਿਣ ਤੇ ਉਹ ਇਸ ਧਾਰਮਿਕ ਸਥਾਨ ਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਇਹ ਲੋਕ ਸਿੱਖ ਸੰਗਤਾਂ ਨੂੰ ਭੜਕਾ ਰਹੇ ਹਨ, ਇਸ ਕਰਕੇ ਉਹ ਧਰਨੇ ਤੋਂ ਨਹੀਂ ਉੱਠਣਾ ਚਾਹੁੰਦੇ। ਇਸ ਬਾਰੇ ਬਹੁਤ ਵਾਰ ਉਨ੍ਹਾਂ ਨੂੰ ਸਮਝਾਇਆ ਵੀ ਗਿਆ ਪਰ ਉਹ ਕੁਝ ਨਹੀਂ ਸਮਝਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਅਸੀਂ ਰਿਹਾਇਸ਼ ਵੀ ਦਿੱਤੀ ਤੇ ਹਰ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਤਾਂ ਜੋ ਕੋਈ ਟਕਰਾਅ ਨਾ ਹੋਵੇ ਪਰ ਇਹ ਹਮੇਸ਼ਾ ਸਾਡੇ ਨਾਲ ਗੱਲ ਕਰਕੇ ਮੁੱਕਰ ਜਾਂਦੇ ਸਨ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਤਾਂ ਅਚਾਨਕ ਹੀ ਅਜਿਹੀ ਘਟਨਾ ਵਾਪਰ ਗਈ, ਜੋ ਕਿਸੇ ਦੇ ਧਿਆਨ 'ਚ ਵੀ ਨਹੀਂ ਸੀ।
ਇਹ ਵੀ ਪੜ੍ਹੋ : ਨਾਜਾਇਜ਼ ਸਬੰਧਾਂ ਨੂੰ ਬਚਾਉਣ ਲਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਨ੍ਹਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਗੇਟ ਨੂੰ ਜ਼ਿੰਦਾ ਲਗਾ ਦਿੱਤਾ ਸੀ, ਜਿਸ ਨੂੰ ਬਾਅਦ 'ਚ ਅਸੀਂ ਖੋਲ੍ਹਿਆ। ਬੀਤੇ ਕੱਲ੍ਹ ਵੀ ਅਜਿਹਾ ਹੀ ਹੋਇਆ ਸੀ। ਪਹਿਲਾਂ ਇਨ੍ਹਾਂ ਨੇ ਦਫ਼ਤਰ ਦੇ ਮੁੱਖ ਦਰਵਾਜ਼ੇ ਨੂੰ ਜ਼ਿੰਦਾ ਲਗਾ ਦਿੱਤਾ ਤੇ ਛੋਟੇ ਗੇਟ 'ਚ ਇਹ ਖ਼ੁਦ ਬੈਠ ਗਏ। ਇਕ ਵਜੇ ਸਾਰੇ ਕਰਮਚਾਰੀਆਂ ਨੇ ਲੰਗਰ ਛੱਕਣ ਜਾਣਾ ਸੀ ਤੇ ਉਨ੍ਹਾਂ ਨੇ ਧਰਨੇ 'ਤੇ ਬੈਠੀਆਂ ਸੰਗਤਾਂ ਨੂੰ ਕਿਹਾ ਕਿ ਸਾਨੂੰ ਲੰਗਰ ਛੱਕਣ ਜਾਣ ਦਿਓ ਪਰ ਇਨ੍ਹਾਂ ਨੇ ਜਿੱਦ ਕੀਤੀ, ਜਿਸ ਨੂੰ ਲੈ ਕੇ ਟਕਰਾਅ ਹੋ ਗਿਆ। ਦੇਖਦੇ ਹੀ ਦੇਖਦੇ ਮਾਮਲਾ ਇੰਨਾਂ ਵੱਧ ਗਿਆ ਕਿ ਉਨ੍ਹਾਂ ਨੇ ਕਿਰਪਾਨਾਂ ਕੱਢ ਲਈਆਂ। ਇਸ ਦੌਰਾਨ ਸਾਡੇ ਬੰਦਿਆਂ ਨੇ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ ਤੇ ਉਨ੍ਹਾਂ ਨੇ ਕਿਰਪਾਨਾਂ ਖੋਹੀਆਂ। ਇਸ ਦੌਰਾਨ ਸਾਡੇ ਕਈ ਕਰਮਚਾਰੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਬੰਦੀ ਨਹੀਂ ਬਣਾਇਆ ਗਿਆ ਸੀ ਸਗੋਂ ਉਨ੍ਹਾਂ ਨੂੰ ਸਿਰਫ਼ ਫੜ੍ਹਿਆ ਗਿਆ ਸੀ ਤਾਂ ਜੋ ਉਹ ਜ਼ਿਆਦਾ ਨੁਕਸਾਨ ਨਾ ਕਰ ਸਕਣ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕੁਝ ਸਮੇਂ ਬਾਅਦ ਹੀ ਪੁਲਸ ਨੇ ਉਨ੍ਹਾਂ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਭ ਸਰਕਾਰ ਕਰਵਾ ਰਹੀ ਹੈ। ਸਰਕਾਰ ਨੂੰ ਅਸੀਂ ਵਾਰ-ਵਾਰ ਚਿੱਠੀਆਂ ਵੀ ਲਿਖੀਆਂ ਕਿ ਇਹ ਲੋਕ ਬਹੁਤ ਹਥਿਆਰ ਲੈ ਕੇ ਇਥੇ ਧਰਨੇ 'ਤੇ ਬੈਠਦੇ ਹਨ ਤੇ ਕਿਸੇ ਸਮੇਂ ਵੀ ਨੁਕਸਾਨ ਹੋ ਸਕਦਾ ਹੈ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਰਕੇ ਟਕਰਾਅ ਹੋ ਗਿਆ।ਉਨ੍ਹਾਂ ਕਿਹਾ ਕਿ ਜਦੋਂ ਇਹ ਟਕਰਾਅ ਹੋਇਆ ਉਦੋਂ ਪੁਲਸ ਉਥੇ ਮੌਜੂਦ ਸੀ, ਜੇ ਉਹ ਚਾਹੁੰਦੀ ਤਾਂ ਟਕਰਾਅ ਰੋਕ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰੇ ਸਰਕਾਰ ਦੇ ਬੰਦੇ ਹਨ ਤੇ ਸਰਕਾਰ ਹੀ ਚਾਹੁੰਦੀ ਹੈ ਕਿ ਇਹ ਟਕਰਾਅ ਹੋਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੂੰ 2 ਪਰਚੇ ਵੀ ਦਰਜ ਕਰਵਾਏ ਗਏ ਹਨ ਪਰ ਦੁੱਖ ਹੈ ਕਿ ਪੁਲਸ ਨੂੰ ਦੋਸ਼ੀ ਫੜ੍ਹ ਕੇ ਵੀ ਦਿੱਤੀ ਗਏ ਪਰ ਉਨ੍ਹਾਂ ਨੇ ਛੱਡ ਦਿੱਤੇ।