ਸ਼੍ਰੋਮਣੀ ਕਮੇਟੀ 7 ਜਨਵਰੀ ਤੋਂ ਪੂਰੇ ਪੰਜਾਬ 'ਚ ਸਜਾਏਗੀ ਨਗਰ ਕੀਰਤਨ

12/11/2018 11:55:30 AM

ਅੰਮ੍ਰਿਤਸਰ (ਦੀਪਕ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼  ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ  ਸਜਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।  ਨਗਰ ਕੀਰਤਨ ਦੀ ਤਿਆਰੀ ਤੇ ਰੂਪ-ਰੇਖਾ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਮੁਢਲੇ ਤੌਰ 'ਤੇ ਕਾਰਵਾਈ ਆਰੰਭੀ ਗਈ  ਹੈ, ਜਿਸ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਇਕੱਤਰਤਾ ਘਰ ਵਿਖੇ ਭਾਈ ਗੋਬਿੰਦ  ਸਿੰਘ ਲੌਂਗੋਵਾਲ ਵੱਲੋਂ ਕਮੇਟੀ ਅਹੁਦੇਦਾਰਾਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ,  ਹਲਕਾ ਇੰਚਾਰਜਾਂ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।  ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ   ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਸਬੰਧੀ  ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਆਰੰਭਤਾ ਲੰਘੀ 23 ਨਵੰਬਰ  ਨੂੰ ਸੁਲਤਾਨਪੁਰ ਲੋਧੀ ਤੋਂ ਕੀਤੀ ਜਾ ਚੁੱਕੀ ਹੈ ਤੇ ਇਸੇ ਦੀ ਨਿਰੰਤਰਤਾ ਵਿਚ ਹੁਣ  ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਇਕ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ  ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ 7 ਜਨਵਰੀ ਨੂੰ ਸ੍ਰੀ  ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ  ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਸ਼ੁਰੂ ਹੋਵੇਗਾ, ਜੋ ਅਗਲੇ ਕੁਝ ਮਹੀਨੇ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚੋਂ ਹੁੰਦਾ ਹੋਇਆ ਵਾਪਸ ਸੁਲਤਾਨਪੁਰ ਲੋਧੀ ਵਿਖੇ ਹੀ ਸੰਪੂਰਨ ਹੋਵੇਗਾ।  ਉਨ੍ਹਾਂ ਆਸ ਪ੍ਰਗਟਾਈ ਕਿ ਨਗਰ ਕੀਰਤਨ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਇਤਿਹਾਸਕ  ਗੁਰਪੁਰਬ ਮੌਕੇ ਜਾਹੋ-ਜਲਾਲ ਨਾਲ ਸ਼ਮੂਲੀਅਤ ਕਰਨ ਸਬੰਧੀ ਪ੍ਰੇਰਣਾ ਦਿੰਦਾ ਹੋਇਆ ਅਪ੍ਰੈਲ  ਮਹੀਨੇ ਤੱਕ ਸਾਰੇ ਪੰਜਾਬ ਦੀ ਯਾਤਰਾ ਸੰਪੂਰਨ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੀਰਤਨ ਨਾਲ ਸੰਗਤ ਦੇ ਦਰਸ਼ਨਾਂ ਲਈ ਇਤਿਹਾਸਕ ਸ਼ਸਤਰਾਂ ਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਵਾਲੀ ਬੱਸ ਵੀ ਚੱਲੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਗਰ ਕੀਰਤਨ ਦੇ ਮੁਢਲੇ ਰੂਟ ਸਬੰਧੀ ਜਾਣਕਾਰੀ  ਦਿੰਦਿਆਂ ਦੱਸਿਆ ਕਿ 7 ਜਨਵਰੀ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ  ਤੋਂ ਆਰੰਭ ਹੋ ਕੇ ਨਗਰ ਕੀਰਤਨ ਦੇ ਰਾਤ ਦਾ ਵਿਸ਼ਰਾਮ ਸ੍ਰੀ ਗੋਇੰਦਵਾਲ ਸਾਹਿਬ ਵਿਖੇ  ਹੋਵੇਗਾ, ਜਿਥੋਂ 8 ਜਨਵਰੀ ਨੂੰ ਤਰਨਤਾਰਨ ਲਈ ਰਵਾਨਾ ਹੋਵੇਗਾ।9 ਜਨਵਰੀ ਨੂੰ ਤਰਨਤਾਰਨ ਤੋਂ ਪਹੂਵਿੰਡ, 10 ਜਨਵਰੀ ਨੂੰ ਪਹੂਵਿੰਡ ਤੋਂ ਕੈਰੋਂ/ਪੱਟੀ, 11 ਜਨਵਰੀ ਨੂੰ  ਕੈਰੋਂ/ਪੱਟੀ ਤੋਂ ਆਰਫਕੇ (ਫਿਰੋਜ਼ਪੁਰ) ਤੇ 12 ਜਨਵਰੀ ਨੂੰ ਆਰਫਕੇ ਤੋਂ ਚੱਲ ਕੇ  ਗੁਰਦੁਆਰਾ ਸਾਹਿਬ ਬਜੀਦਪੁਰ ਵਿਖੇ ਰਾਤ ਦਾ ਵਿਸ਼ਰਾਮ ਹੋਵੇਗਾ। ਨਗਰ ਕੀਰਤਨ ਸਬੰਧੀ ਇਕੱਤਰਤਾ 'ਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਬੀਬੀ  ਉਪਿੰਦਰਜੀਤ ਕੌਰ, ਵਿਜੈ ਸਿੰਘ ਬਾਦੀਆਂ ਆਦਿ ਮੌਜੂਦ ਸਨ।


Baljeet Kaur

Content Editor

Related News