ਅੰਮ੍ਰਿਤਸਰ ਰੇਲ ਹਾਦਸੇ ''ਚ 70 ਲੋਕਾਂ ਦੀ ਗਈ ਜਾਨ, ਪ੍ਰਸ਼ਾਸਨ, ਸਰਕਾਰ ਤੇ ਰੇਲਵੇ ''ਤੇ ਉੱਠੇ ਸਵਾਲ
Saturday, Oct 20, 2018 - 10:26 AM (IST)

ਅੰਮ੍ਰਿਤਸਰ— ਅੰਮ੍ਰਿਤਸਰ ਵਿਚ ਸ਼ੁੱਕਰਵਾਰ ਸ਼ਾਮ ਹੋਏ ਵੱਡੇ ਰੇਲ ਹਾਦਸੇ 'ਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ। ਆਯੋਜਕਾਂ ਤੋਂ ਲੈ ਕੇ ਪ੍ਰਸ਼ਾਸਨ ਤਕ ਸਵਾਲਾਂ ਦੇ ਘੇਰੇ 'ਚ ਖੜ੍ਹੇ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੁਸਹਿਰੇ ਦਾ ਪ੍ਰੋਗਰਾਮ ਕਾਂਗਰਸੀ ਕੌਂਸਲਰ ਕਰਵਾ ਰਹੇ ਸਨ।ਇਸ ਪ੍ਰੋਗਰਾਮ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸੀ।ਹਾਦਸਾ ਹੋਣ ਤੋਂ ਬਾਅਦ ਉਹ ਮੌਕੇ ਤੋਂ ਤੁਰੰਤ ਚਲੀ ਗਈ।ਚਸ਼ਮਦੀਦਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਸੁੱਧ ਲੈਣ ਦੀ ਬਜਾਏ ਉਥੋਂ ਖਿਸਕ ਜਾਣਾ ਹੀ ਬਿਹਤਰ ਸਮਝਿਆ।
ਸਵਾਲ ਇਹ ਵੀ ਹੈ ਕਿ ਦੁਸਹਿਰੇ ਨੂੰ ਲੈ ਕੇ ਹਾਈ ਅਲਰਟ ਸੀ। ਇੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚਣ ਵਾਲੇ ਸੀ ਪਰ ਪੁਲਸ ਨੇ ਸਖਤ ਸੁਰੱਖਿਆ ਪ੍ਰਬੰਧ ਨਹੀਂ ਕੀਤੇ। ਥੋੜ੍ਹੇ ਜਿਹੇ ਪੁਲਸ ਕਰਮਚਾਰੀਆਂ ਦੇ ਸਹਾਰੇ ਪੂਰਾ ਆਯੋਜਨ ਛੱਡ ਦਿੱਤਾ। ਰੇਲਵੇ ਅਤੇ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਸੀ ਕਿ ਹਰ ਸਾਲ ਟਰੈਕ ਦੇ ਨੇੜੇ ਰਾਵਣ ਦਾ ਦਹਿਣ ਹੁੰਦਾ ਹੈ। ਇਸ ਦੇ ਬਾਵਜੂਦ ਵੀ ਕੋਈ ਸਾਵਧਾਨੀ ਨਹੀਂ ਜਾਰੀ ਕੀਤੀ ਗਈ। ਇਸ ਲਈ ਟਰੇਨ ਸਪੀਡ ਨਾਲ ਆਈ। ਬ੍ਰੇਕ ਲਾਉਣ ਦਾ ਵੀ ਸਮਾਂ ਨਹੀਂ ਸੀ। ਗੇਟਮੈਨ ਵੀ ਅਲਰਟ 'ਤੇ ਨਹੀਂ ਸੀ। ਸੂਬੇ ਕੇ ਕਈ ਜ਼ਿਲ੍ਹਿਆਂ 'ਚ ਰੇਲਵੇ ਟਰੈਕ ਦੇ ਨੇੜੇ ਦੁਸਹਿਰੇ ਦੇ ਮੇਲੇ ਲੱਗਦੇ ਹਨ। ਸਰਕਾਰ ਨੇ ਕਦੇ ਇਸ ਦਾ ਕੋਈ ਡਾਟਾ ਤਿਆਰ ਨਹੀਂ ਕੀਤਾ ਅਤੇ ਨਾ ਹੀ ਇਨ੍ਹਾਂ ਆਯੋਜਨਾਂ ਲਈ ਕੋਈ ਵੱਖਰੀ ਗ੍ਰਾਊਂਡ ਦੀ ਵਿਵਸਥਾ ਕੀਤੀ।
ਭੀੜ ਵਾਲੇ ਇਲਾਕਿਆਂ 'ਚ ਇੰਨੀ ਸਪੀਡ ਕਿਉਂ?
ਅੰਮ੍ਰਿਤਸਰ ਦੇ ਜੌੜਾ ਫਾਟਕ 'ਤੇ ਡੀ. ਐੱਮ. ਯੂ. ਗੱਡੀ ਆਈ ਅਤੇ ਭੀੜ ਦੇ ਉੱਤੋਂ ਲੰਘ ਗਈ। ਟਰੇਨ ਇੰਨੀ ਛੇਤੀ ਲੰਘੀ ਕਿ ਦੁਸਹਿਰਾ ਵੇਖ ਰਹੇ ਲੋਕਾਂ ਨੂੰ ਜਦੋਂ ਤਕ ਕੁਝ ਸਮਝ ਆਉਂਦਾ ਇਸ ਤੋਂ ਪਹਿਲਾਂ ਹੀ ਟਰੇਨ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟਰੇਨ ਦੀ ਸਪੀਡ ਕਾਫੀ ਤੇਜ਼ ਸੀ, ਜਦਕਿ ਭੀੜ ਵਾਲੇ ਇਲਾਕੇ ਨੂੰ ਵੇਖਦਿਆਂ ਉਥੋਂ ਟਰੇਨ ਦੀ ਸਪੀਡ ਘੱਟ ਹੋਣੀ ਚਾਹੀਦੀ ਸੀ।
ਟਰੈਕ ਦੇ ਕੋਲ ਰਾਵਣ ਸਾੜਨ ਦੀ ਇਜਾਜ਼ਤ ਕਿਉਂ?
ਇਸ ਹਾਦਸੇ 'ਤੇ ਦੂਸਰਾ ਸਵਾਲ ਇਹ ਉਠ ਰਿਹਾ ਹੈ ਕਿ ਆਖਿਰ ਰੇਲਵੇ ਟਰੈਕ ਦੇ ਇੰਨੀ ਨੇੜੇ ਰਾਵਣ ਸਾੜਨ ਦੀ ਆਗਿਆ ਪ੍ਰਸ਼ਾਸਨ ਨੇ ਕਿਵੇਂ ਦਿੱਤੀ ਅਤੇ ਜੇ ਦਿੱਤੀ ਤਾਂ ਉਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ। ਇਸ ਲਈ ਹੁਣ ਨਿਗਮ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਦੀ ਭੂਮਿਕਾ ਵੀ ਕਟਹਿਰੇ ਵਿਚ ਹੈ।
ਰੇਲਵੇ ਦੀ ਟਾਈਮਿੰਗ ਵੀ ਕਟਹਿਰੇ 'ਚ
ਚਸ਼ਮਦੀਦਾਂ ਨੇ ਦੱਸਿਆ ਕਿ ਇਕੋ ਹੀ ਵੇਲੇ 2 ਵੱਖ-ਵੱਖ ਦਿਸ਼ਾਵਾਂ ਤੋਂ ਇਕੱਠੀਆਂ ਦੋ ਟਰੇਨਾਂ ਆਈਆਂ ਅਤੇ ਲੋਕਾਂ ਨੂੰ ਬਚਣ ਦਾ ਬਹੁਤ ਘੱਟ ਸਮਾਂ ਮਿਲਿਆ, ਜਿਸ ਨਾਲ ਟਰੇਨ ਦੀ ਲਪੇਟ ਵਿਚ ਕਈ ਲੋਕ ਆ ਗਏ।ਇਸ ਲਈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੇਲਵੇ ਨੇ ਟਰੇਨਾਂ ਦੀ ਟਾਈਮਿੰਗ ਇੰਨੇ ਗਲਤ ਤਰੀਕੇ ਨਾਲ ਤੈਅ ਕਿਉਂ ਕੀਤੀ ਸੀ?