ਅੰਮ੍ਰਿਤਸਰ : ਪ੍ਰਭਾਵਿਤ ਇਲਾਕਿਆਂ 'ਚ 200 ਲੋਕਾਂ ਦੇ ਲਏ ਸੈਂਪਲ, 36 ਦੀ ਰਿਪੋਰਟ ਆਈ ਨੈਗੇਟਿਵ

04/23/2020 11:28:32 PM

ਅੰਮ੍ਰਿਤਸਰ,(ਦਲਜੀਤ ਸ਼ਰਮਾ) : ਸਿਹਤ ਵਿਭਾਗ ਵੱਲੋਂ ਅੱਜ ਕ੍ਰਿਸ਼ਨਾ ਨਗਰ ਅਮਰ ਕੋਟ ਸਮੇਤ ਜਿਲੇ ਭਰ 'ਚੋਂ 200 ਲੋਕਾਂ ਦੇ ਟੈਸਟ ਸਬੰਧੀ ਸੈਂਪਲ ਲੈ ਕੇ ਸਰਕਾਰੀ ਮੈਡੀਕਲ ਕਾਲਜ 'ਚ ਟੈਸਟਿੰਗ ਲਈ ਭੇਜੇ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਡਿਪਟੀ ਡਾਇਰੈਕਟਰ ਡੈਂਟਲ ਡਾ. ਚਰਨਜੀਤ ਕੌਰ ਸਿੱਧੂ ਦੀ ਅਗਵਾਈ 'ਚ 23 ਟੀਮਾਂ ਦਾ ਗਠਨ ਕੀਤਾ ਗਿਆ ਸੀ। ਸ਼ੁੱਕਰਵਾਰ ਦੇਰ ਸ਼ਾਮ ਤੱਕ ਇਨ੍ਹਾਂ ਡਾਕਟਰਾਂ ਦੀ ਰਿਪੋਰਟ ਆਉਣ ਦੀ ਸੰਭਾਵਨਾ ਹੈ। ਜਦਕਿ ਬੀਤੇ ਦਿਨੀ ਬੁੱਧਵਾਰ ਕੀਤੇ ਗਏ 36 ਟੈਸਟਾਂ ਦੀ ਰਿਪੋਰਟ ਅੱਜ ਨੈਗੇਟਿਵ ਆ ਗਈ ਹੈ। ਜਾਣਕਾਰੀ ਮੁਤਾਬਕ ਬੀਤੇ ਕੱਲ ਕ੍ਰਿਸ਼ਨਾ ਨਗਰ ਅਮਰਕੋਟ ਕੋਟ ਇਕ ਦਮ 2 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਹੱਥ ਪੈਰ ਫੁੱਲ ਗਏ ਸਨ। ਵਿਭਾਗ ਵੱਲੋਂ ਅੱਜ ਉਕਤ ਖੇਤਰ ਦੇ ਪਾਜ਼ੀਟਿਵ ਮਰੀਜ਼ ਬਸੰਤ ਕੁਮਾਰ ਅਤੇ ਸੰਦੀਪ ਕੁਮਾਰ ਦੇ ਘਰ ਦੇ ਆਲੇ ਦੁਆਲੇ ਰਹਿਣ ਵਾਲੇ 50 ਲੋਕਾਂ ਦੇ ਸੈਂਪਲ ਲਏ ਇਸ ਤੋਂ ਇਲਾਵਾ ਵਿਭਾਗ ਵੱਲੋਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿੱਚ 19, ਨਰਾਇਣਗੜ੍ਹ ਹਸਪਤਾਲ ਵਿੱਚ 25, ਸਿਵਲ ਹਸਪਤਾਲ ਬਾਬਾ ਬਕਾਲਾ 'ਚ 50, ਸਰਕਾਰੀ ਹਸਪਤਾਲ ਅਜਨਾਲਾ 'ਚ 26, ਸਰਕਾਰੀ ਹਸਪਤਾਲ ਥਰੀਏਵਾਲ ਵਿੱਚ 22 ਆਦਿ ਹਸਪਤਾਲਾਂ 'ਚੋਂ ਸੈਂਪਲ ਲਏ ਗਏ। ਸਿਹਤ ਵਿਭਾਗ ਦੀ ਡਿਪਟੀ ਡਾਇਰਕੈਟਰ ਡਾ. ਚਰਨਜੀਤ ਕੌਰ ਸਿੱਧੂ ਦੀ ਅਗਵਾਈ 'ਚ ਡਾ. ਸੌਰਵ, ਡਾ. ਸਿਮਰਨ, ਡਾ. ਪ੍ਰਿਆ, ਡਾ. ਸੁਖਦੇਵ ਆਦਿ ਡੈਂਟਲ ਡਾਕਟਰਾਂ ਨੇ ਸੈਂਪਲ ਇਕੱਠੇ ਕੀਤੇ। ਜ਼ਿਲ੍ਹੇ ਵਿੱਚ ਪਿਛਲੇ 5 ਦਿਨਾਂ ਤੋਂ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਸੀ ਪਰ ਅਚਾਨਕ ਹੀ ਇਹ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਗਰੀਨ ਜੋਨ ਵਿੱਚ ਪੁੱਜਣ ਦੀਆਂ ਸਿਹਤ ਵਿਭਾਗ ਦੀਆਂ ਆਸਾਂ-ਉਮੀਦਾਂ 'ਤੇ ਕੋਰੋਨਾ ਵਾਇਰਸ ਨੇ ਪਾਣੀ ਫੇਰ ਦਿੱਤਾ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਖਾਂਸੀ, ਜੁਕਾਮ ਅਤੇ ਬੁਖਾਰ ਨਾਲ ਪੀੜਤ ਮਰੀਜ਼ਾਂ ਦੇ ਵੀ ਕੋਰੋਨਾ ਵਾਇਰਸ ਦੇ ਟੈਸਟ ਕਰਵਾਏ ਜਾਣ।

ਡਾ. ਚਰਨਜੀਤ ਕੌਰ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਪੀ.ਪੀ.ਈ. ਕਿੱਟਾਂ ਪਾ ਕੇ ਆਮ ਜਨਤਾ ਤੱਕ ਪਹੁੰਚ ਬਣਾ ਰਹੀਆਂ ਹਨ ਅਤੇ ਸੈਂਪਲ ਲੈ ਰਹੀਆਂ ਹਨ। ਲੋਕ ਵੀ ਕੋਰੋਨਾ ਵਾਇਰਸ ਦੇ ਸਬੰਧ ਵਿੱਚ ਆਪਣੇ ਟੈਸਟ ਕਰਵਾਉਣ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨੇ ਲੋਕ ਅੱਗੇ ਆ ਕੇ ਵੱਧ ਤੋਂ ਵੱਧ ਟੈਸਟ ਕਰਵਾਉਣਗੇ ਉਨੀ ਜਲਦੀ ਹੀ ਜ਼ਿਲਾ ਅੰਮ੍ਰਿਤਸਰ ਕੋਰੋਨਾ ਦੀ ਗਿਰਫ਼ਤ 'ਚੋਂ ਬਾਹਰ ਹੋ ਜਾਵੇਗਾ। ਸਿਵਲ ਸਰਜਨ ਡਾ. ਜਗਲ ਕਿਸ਼ੋਰ ਨੇ ਕਿਹਾ ਕਿ ਸੰਦੀਪ ਅਤੇ ਬਸੰਤ ਕੁਮਾਰ ਦੇ ਆਸਪਾਸ ਰਹਿਣ ਵਾਲੇ 50 ਲੋਕਾਂ ਦੇ ਸੈਂਪਲ ਲਏ ਗਏ ਹਨ।
ਉਨ੍ਹਾਂ ਦੱਸਿਆ ਕਿ ਉਕਤ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਸਿਹਤ ਵਿਭਾਗ ਦੇ 15 ਮੁਲਾਜ਼ਮਾਂ ਦੇ ਵੀ ਟੈਸਟ ਕਰਵਾਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆ ਗਈ ਹੈ। ਇਸ ਤੋਂ ਇਲਾਵਾ 21 ਲੋਕਾਂ ਦੇ ਸੈਂਪਲਾ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ।

ਰਾਹਤ ਭਰੀ ਖਬਰ 6 ਪਾਜ਼ੀਟਿਵ ਮਰੀਜ਼ਾਂ ਦੀ ਪਹਿਲੀ ਰਿਪੋਰਟ ਆਈ ਨੈਗੇਟਿਵ
15 ਦਿਨਾਂ ਬਾਅਦ ਕੋਰੋਨਾ ਦੇ 2 ਮਰੀਜ਼ ਜਿਲੇ 'ਚ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ ਉਥੇ ਅੱਜ ਇਕ ਰਾਹਤ ਭਰੀ ਖਬਰ ਆਈ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਪਰਿਵਾਰਿਕ ਮੈਂਬਰ ਅਤੇ ਸੰਪਰਕ ਵਿੱਚ ਆਏ 5 ਲੋਕਾਂ ਤੋਂ ਇਲਾਵਾ ਜੰਡਿਆਲਾ ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਦੀ ਪਹਿਲੀ ਰਿਪੋਰਟ ਨੈਗੇਟਿਵ ਆ ਗਈ ਹੈ। ਸਿਹਤ ਵਿਭਾਗ ਵੱਲੋਂ ਦੂਸਰੀ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਦੂਸਰੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਕਤ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾਵੇਗੀ। ਫਿਲਹਾਲ 5 ਮਰੀਜ਼ ਪ੍ਰਾਈਵੇਟ ਹਸਪਤਾਲ ਫੋਰਟਿਸ ਅਤੇ ਇਕ ਜੰਡਿਆਲਾ ਦਾ ਰਹਿਣ ਵਾਲਾ ਨੌਜਵਾਨ ਗੁਰੂ ਨਾਨਕ ਦੇਵ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚ ਦਾਖਿਲ ਹੈ। ਜੰਡਿਆਲੇ ਦੇ ਰਹਿਣ ਵਾਲੇ ਨੌਜਵਾਨ ਦੀ ਹਾਲਤ ਵਿੱਚ ਵੀ ਜੰਗੀ ਪੱਧਰ 'ਤੇ ਸੁਧਾਰ ਹੋ ਰਿਹਾ ਹੈ ਅਤੇ ਉਸ ਨੂੰ ਹੁਣ ਆਕਸੀਜਨ ਦੀ ਜ਼ਰੂਰਤ ਨਹੀਂ ਪੈ ਰਹੀ।

ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਹੁਣ ਸਵੇਰੇ ਸ਼ਾਮ ਕਰਨਗੇ ਗੁਰੂ ਜਸ ਸਰਵਨ
ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਚੰਗੇ ਢੰਗ ਨਾਲ ਇਲਾਜ ਤਾਂ ਹੋ ਹੀ ਰਿਹਾ ਹੈ, ਹੁਣ ਹਸਪਤਾਲ ਪ੍ਰਸ਼ਾਸਨ ਵੱਲੋਂ ਸਵੇਰੇ ਸ਼ਾਮ ਮਰੀਜ਼ਾਂ ਦੇ ਲਈ ਗੁਰੂ ਜਸ ਸਰਵਨ ਕਰਵਾਉਣ ਦੇ ਲਈ ਮਿਊਜ਼ਿਕ ਸਿਸਟਮ ਲਗਾਇਆ ਜਾ ਰਿਹਾ ਹੈ। ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਦੱਸਿਆ ਕਿ ਸਵੇਰੇ-ਸ਼ਾਮ ਇਸ ਸਿਸਟਮ 'ਤੇ ਸ਼ਬਦ ਅਤੇ ਧਾਰਮਿਕ ਭੇਟਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਰਿਸ਼ਤੇਦਾਰਾਂ ਲਈ ਐਲ. ਈ. ਡੀ. ਲਗਾਈ ਗਈ ਹੈ। ਮਰੀਜ਼ਾਂ ਦਾ ਸੁਚੱਜੇ ਢੰਗ ਨਾਲ ਇਲਾਜ ਕੀਤਾ ਜਾ ਰਿਹਾ ਹੈ।  

ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕਰਨ 'ਤੇ ਜੱਥੇਬੰਦੀਆਂ ਭੜਕੀਆਂ
ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਯੂਨੀਅਨ ਦੇ ਆਗੂ ਨਰਿੰਦਰ ਕੁਮਾਰ, ਜਤਿਨ ਸ਼ਰਮਾ ਆਦਿ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਜਥੇਬੰਦੀਆਂ ਭੜਕ ਉਠੀਆਂ ਹਨ। ਪੰਜਾਬ ਮੈਂਟਲ ਹਸਪਤਾਲ, ਸਰਕਾਰੀ ਟੀ.ਬੀ. ਹਸਪਤਾਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋ ਨੋਟਿਸ ਦਾ ਵਿਰੋਧ ਕਰਦਿਆਂ ਰੋਸ਼ ਮੁਜ਼ਾਹਰੇ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਦਰਜਨ ਤੋਂ ਵੱਧ ਜਥੇਬੰਦੀਆਂ ਵੱਲੋਂ ਨੋਟਿਸ ਰੱਦ ਨਾ ਕਰਨ ਦੀ ਸੂਰਤ ਵਿੱਚ ਚੇਤਾਵਨੀ ਦਿੱਤੀ ਗਈ ਹੈ।


Deepak Kumar

Content Editor

Related News