ਲੰਮੇ ਸਮੇਂ ਤੱਕ ਲੋਕ ਮਨਾਂ ’ਚ ਵਸੇ ਰਹਿਣਗੇ ਡੀ. ਸੀ. ਸੰਘਾ
Thursday, Feb 14, 2019 - 04:36 AM (IST)

ਅੰਮ੍ਰਿਤਸਰ (ਨੀਰਜ)-ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਤਬਦੀਲ ਕੀਤੇ ਗਏ 6 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ’ਚ ਅੰਮ੍ਰਿਤਸਰ ਦੇ ਡੀ. ਸੀ. ਕਮਲਦੀਪ ਸਿੰਘ ਸੰਘਾ ਦਾ ਨਾਂ ਆਉਣ ਨਾਲ ਜ਼ਿਲੇ ਦਾ ਹਰ ਜਾਗਰੂਕ ਨਾਗਰਿਕ ਭਾਵੁਕ ਹੋਇਆ ਹੈ। ਅਜਿਹਾ ਲੰਮੇ ਅਰਸੇ ਬਾਅਦ ਦੇਖਣ ਨੂੰ ਮਿਲਿਆ ਹੈ ਕਿ ਇਕ ਡਿਪਟੀ ਕਮਿਸ਼ਨਰ ਦੇ ਤਬਾਦਲੇ ਨੇ ਆਮ ਲੋਕਾਂ ਦੇ ਮਨ ’ਤੇ ਦਸਤਕ ਦਿੱਤੀ ਹੋਵੇ। ਅਜਿਹਾ ਉਨ੍ਹਾਂ ਦੇ ਇਕ ਅਧਿਕਾਰੀ ਵਜੋਂ ਕੀਤੇ ਕੰਮਾਂ ਕਰ ਕੇ ਤੇ ਇਕ ਇਨਸਾਨ ਵਜੋਂ ਜ਼ਿਲੇ ਦੇ ਆਮ ਨਾਗਰਿਕ ਤੱਕ ਪਾਈ ਸਾਂਝ ਕਾਰਨ ਹੋਇਆ ਹੈ। ਕਮਲਦੀਪ ਸਿੰਘ ਸੰਘਾ ਕਰੀਬ 2 ਸਾਲ ਪਹਿਲਾਂ ਫਤਿਹਗਡ਼੍ਹ ਸਾਹਿਬ ਤੋਂ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਸਾਹਮਣੇ ਵੱਡੀਆਂ ਚੁਣੌਤੀਆਂ ਖਡ਼੍ਹੀਆਂ ਸਨ। ਮਨਰੇਗਾ ਸਕੀਮ ਤਹਿਤ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਮਾਮਲੇ ’ਚ ਜ਼ਿਲਾ ਪੰਜਾਬ ਦੀ ਸਭ ਤੋਂ ਅਖੀਰਲੀ ਕਤਾਰ ’ਚ ਸੀ, ਜੋ ਕਿ ਹੁਣ ਪਹਿਲੇ, ਦੂਸਰੇ ਸਥਾਨ ’ਤੇ ਆ ਪਹੁੰਚਿਆ ਹੈ। ਸਵੱਛ ਭਾਰਤ ਮੁਹਿੰਮ ਤਹਿਤ ਜ਼ਿਲੇ ’ਚ ਟਾਇਲਟ ਬਣਾਉਣ ਦਾ ਕੰਮ ਬਹੁਤ ਸੁਸਤ ਚਾਲੇ ਸੀ, ਜਿਸ ਨੂੰ ਸੰਘਾ ਨੇ ਆਪਣੀ ਅਗਵਾਈ ਹੇਠ ਖੁਦ ਕਰਵਾਇਆ। ਜ਼ਿਲੇ ’ਚ ਹਵਾਈ ਫੌਜ, ਥਲ ਸੈਨਾ, ਸਮੁੰਦਰੀ ਫੌਜ ਦੀ ਭਰਤੀ ਲਈ ਜ਼ਿਲਾ ਪ੍ਰਸ਼ਾਸਨ ਨੇ ਹਰ ਤਰ੍ਹਾਂ ਦੀ ਸਹਾਇਤਾ ਕਰ ਕੇ ਵੱਧ ਤੋਂ ਵੱਧ ਜਵਾਨਾਂ ਨੂੰ ਭਰਤੀ ਹੋਣ ਲਈ ਜ਼ੋਰ ਲਾਇਆ। ਨਸ਼ਾ ਰੋਕੂ ਮੁਹਿੰਮ ’ਚ ਵੀ ਜ਼ਿਲੇ ਨੇ ਪੁਲਸ ਦੇ ਨਾਲ ਪਿੰਡ-ਪਿੰਡ ਪਹੁੰਚ ਕੀਤੀ ਤੇ ਨਸ਼ੇ ਦੇ ਰੋਗ ਗਲੋਂ ਲਾਹੁਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫ਼ਤ ਦਵਾਈ ਦੇ ਨਾਲ-ਨਾਲ ਮੁਫ਼ਤ ਖਾਣੇ ਦੀ ਸੁਵਿਧਾ ਵੀ ਮੁਹੱਈਆ ਕਰਵਾਈ। ਵਾਤਾਵਰਣ ਸੰਭਾਲ ਲਈ ਸੰਘਾ ਨੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਤੇ ਹੋਰ ਗੈਰ-ਸਰਕਾਰੀ ਸੰਸਥਾਵਾਂ ਨੂੰ ਨਾਲ ਲੈ ਕੇ ਸ਼ਹਿਰ ਨੂੰ ਆਉਂਦੇ ਸਾਰੇ ਰਸਤਿਆਂ ’ਤੇ ਬੂਟੇ ਲਾਏ। ਪਰਾਲੀ ਦੀ ਸਾਂਭ ਲਈ ਵੀ ਸੰਘਾ ਕਿਸਾਨਾਂ ਦੇ ਖੇਤਾਂ ਤੱਕ ਪਹੁੰਚੇ ਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿਵਾਉਣ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਤਕਡ਼ਾ ਕੀਤਾ। ਜ਼ਿਲੇ ’ਚੋਂ ਗੈਰ-ਕਾਨੂੰਨੀ ਮਾਈਨਿੰਗ ਰੋਕਣ, ਰੇਲ ਹਾਦਸੇ ਦੇ ਪੀਡ਼ਤਾਂ ਦੀ ਸਹਾਇਤਾ ਲਈ 2 ਦਿਨ ਲਗਾਤਾਰ ਕੰਮ ਕਰਨਾ, ਗਲਤ ਪਾਸੇ ਤੋਂ ਆਉਂਦੀ ਟ੍ਰੈਫਿਕ ਨੂੰ ਰੋਕਣ ਲਈ ਆਪ ਜੀ. ਟੀ. ਰੋਡ ’ਤੇ ਖਡ਼੍ਹ ਜਾਣਾ, ਗਰੀਬ ਦੀ ਮਦਦ ਲਈ ਸਾਰੇ ਪ੍ਰਬੰਧ ਕਰ ਦੇਣੇ, ਨੌਜਵਾਨਾਂ ਦੇ ਖੇਡਣ ਲਈ ਪਿੰਡਾਂ ’ਚ ਖੇਡ ਮੈਦਾਨ ਤੇ ਬਜ਼ੁਰਗਾਂ ਲਈ ਪਾਰਕਾਂ ਦਾ ਨਿਰਮਾਣ ਕਰਵਾਉਣਾ ਸੰਘਾ ਦੇ ਹਿੱਸੇ ਹੀ ਆਇਆ ਹੈ। ਇਸ ਤੋਂ ਇਲਾਵਾ ਵੀ ਕਿੰਨੇ ਹੀ ਅਜਿਹੇ ਕੰਮ ਹਨ ਜੋ ਲੋਕਾਂ ਨੂੰ ਯਾਦ ਰਹਿਣਗੇ।