3 ਕਿੱਲੋ ਹੈਰੋਇਨ, ਦੋ ਪਿਸਤੌਲਾਂ ਸਣੇ ਫੜਿਆ ਗਿਆ ਵੱਡਾ ਤਸਕਰ, ਡੀ. ਜੀ. ਪੀ. ਨੇ ਦਿੱਤੀ ਜਾਣਕਾਰੀ
Wednesday, Apr 16, 2025 - 05:59 PM (IST)

ਚੰਡੀਗੜ੍ਹ/ਅੰਮ੍ਰਿਤਸਰ : ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਦੌਰਾਨ ਸਰਹੱਦ ਪਾਰੋਂ ਨਸ਼ਾ ਤਸਕਰੀ ਨੂੰ ਕਰਾਰੀ ਸੱਟ ਮਾਰਦਿਆਂ ਪੰਜਾਬ ਪੁਲਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐਫ) ਨੇ ਪਾਕਿਸਤਾਨ ਅਧਾਰਤ ਤਸਕਰ ਨਾਲ ਸਬੰਧਤ ਮੁੱਖ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 3.105 ਕਿਲੋਗ੍ਰਾਮ ਹੈਰੋਇਨ ਅਤੇ ਦੋ .32 ਬੋਰ ਦੇ ਦੇਸੀ ਪਿਸਤੌਲਾਂ ਸਮੇਤ 37 ਕਾਰਤੂਸ ਅਤੇ ਦੋ ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜੋਬਨਜੀਤ ਸਿੰਘ ਉਰਫ਼ ਜੋਬਨ ਵਾਸੀ ਪਿੰਡ ਕੋਟਲੀ ਸੁਰ ਸਿੰਘ, ਤਰਨਤਾਰਨ ਵਜੋਂ ਹੋਈ ਹੈ ਅਤੇ ਉਹ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ।
ਇਹ ਵੀ ਪੜ੍ਹੋ : Punjab ਦੇ ਲੱਖਾਂ ਸਮਾਰਟ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਤਾਂ ਨਹੀਂ ਮਿਲੇਗਾ ਮੁਫਤ ਰਾਸ਼ਨ...
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਅਧਾਰਤ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ। ਡੀਜੀਪੀ ਨੇ ਦੱਸਿਆ ਕਿ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇ-ਪਿਛਲੇ ਸਬੰਧਾਂ ਨੂੰ ਸਥਾਪਤ ਕਰਨ ਵਾਸਤੇ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਏਡੀਜੀਪੀ) ਏਐਨਟੀਐਫ ਨੀਲਾਭ ਕਿਸ਼ੋਰ ਨੇ ਦੱਸਿਆ ਕਿ ਏਐਨਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਦੋਸ਼ੀ ਜੋਬਨਜੀਤ ਉਰਫ਼ ਜੋਬਨ ਇਕ ਬਦਨਾਮ ਨਸ਼ਾ ਤਸਕਰ ਹੈ ਅਤੇ ਉਸਨੇ ਹਾਲ ਹੀ ਵਿਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੂਹ ‘ਤੇ ਤੁਰੰਤ ਕਾਰਵਾਈ ਕਰਦਿਆਂ ਸੁਪਰਡੈਂਟ ਆਫ਼ ਪੁਲਿਸ (ਐੱਸਪੀ) ਬਾਰਡਰ ਰੇਂਜ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਖੁਫੀਆ ਆਪਰੇਸ਼ਨ ਸ਼ੁਰੂ ਕੀਤਾ ਅਤੇ ਦੋਸ਼ੀ ਜੋਬਨਜੀਤ ਸਿੰਘ ਨੂੰ ਪਿੰਡ ਕੋਟਲੀ ਸੁਰ ਸਿੰਘ ਸਥਿਤ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਐੱਫਆਈਆਰ ਨੰਬਰ 99 ਮਿਤੀ 15.04.2025 ਨੂੰ ਪੁਲਸ ਸਟੇਸ਼ਨ ਏਐੱਨਟੀਐੱਫ, ਐੱਸਏਐੱਸ ਨਗਰ ਵਿਖੇ ਐੱਨਡੀਪੀਐੱਸ ਐਕਟ ਦੀ ਧਾਰਾ 21-ਸੀ, 23 ਅਤੇ 25 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦਰਜ ਕੀਤੀ ਗਈ ਹੈ।