5 ਹਜ਼ਾਰ ਲੈ ਕੇ ਡਰਾਈਵਿੰਗ ਲਾਇਸੈਂਸ ਬਣਾਉਦਾ ਸੀ ਜ਼ਿਲ੍ਹਾ ਕਚਹਿਰੀ ਦਾ ਏਜੰਟ, ਵਿਜੀਲੈਂਸ ਕਰ ਰਿਹਾ ਕਾਰਵਾਈ

Thursday, Apr 17, 2025 - 06:00 PM (IST)

5 ਹਜ਼ਾਰ ਲੈ ਕੇ ਡਰਾਈਵਿੰਗ ਲਾਇਸੈਂਸ ਬਣਾਉਦਾ ਸੀ ਜ਼ਿਲ੍ਹਾ ਕਚਹਿਰੀ ਦਾ ਏਜੰਟ, ਵਿਜੀਲੈਂਸ ਕਰ ਰਿਹਾ ਕਾਰਵਾਈ

ਅੰਮ੍ਰਿਤਸਰ (ਨੀਰਜ)-ਵਿਜੀਲੈਂਸ ਵਿਭਾਗ ਦੇ ਏਜੰਟਾਂ ਖਿਲਾਫ ਕਾਰਵਾਈ ਤੋਂ ਬਾਅਦ ਜ਼ਿਲ੍ਹਾ ਕਚਹਿਰੀ ਵਿਚ ਸਰਗਰਮ ਏਜੰਟਾਂ ਦੇ ਕਾਲੇ ਕਾਰਨਾਮਿਆਂ ਦੇ ਵੀ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਪਤਾ ਲੱਗਾ ਹੈ ਕਿ ਇਕ ਕਥਿਤ ਵਸੀਕਾ ਨਵੀਸ ਦੀ ਦੁਕਾਨ ’ਤੇ ਬੈਠ ਕੇ ਇਹ ਏਜੰਟ ਸਦਰ ਸੇਵਾ ਕੇਂਦਰ ਵਿਚ ਆਉਣ ਵਾਲੇ ਲੋਕਾਂ ਨੂੰ ਝਾਂਸਾ ਦਿੰਦਾ ਸੀ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ 5 ਤੋਂ 7 ਹਜ਼ਾਰ ਜਾਂ ਇਸ ਤੋਂ ਵੀ ਵੱਧ ਰਿਸ਼ਵਤ ਵਸੂਲ ਕਰਦਾ ਸੀ।

ਇਸ ਏਜੰਟ ਨੇ ਜਾਣਬੁੱਝ ਕੇ ਸਦਰ ਸੇਵਾ ਕੇਂਦਰ ਦੇ ਐਂਟਰੀ ਪੁਆਇੰਟ ਵਾਲੀਆਂ ਪੌੜੀਆਂ ਤੋਂ ਕੁਝ ਦੂਰ ਇਕ ਕਥਿਤ ਵਸੀਕਾ ਨਵੀਸ ਦੀ ਦੁਕਾਨ ਨੂੰ ਆਪਣਾ ਅੱਡਾ ਬਣਾ ਰੱਖਿਆ ਸੀ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਹ ਆਪਣੀ ਠੱਗੀ ਦਾ ਸ਼ਿਕਾਰ ਬਣਾ ਸਕੇ ਅਤੇ ਹੁਣ ਜਿਵੇਂ ਹੀ ਇਹ ਏਜੰਟ ਰੂਪੋਸ਼ ਹੋਇਆ ਹੈ ਤਾਂ ਦਰਜਨਾਂ ਦੀ ਗਿਣਤੀ ਵਿਚ ਲੋਕ ਉਕਤ ਏਜੰਟ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਨੂੰ ਇਸ ਏਜੰਟ ਨੇ ਡਰਾਈਵਿੰਗ ਲਾਇਸੈਂਸ ਅਤੇ ਹੋਰ ਕੰਮ ਕਰਵਾਉਣ ਲਈ ਰੁਪਏ ਠੱਗੇ ਹੋਏ ਸਨ। ਅਜਿਹੇ ਲੋਕ ਹੁਣ ਵਸੀਕਾ ਨਵੀਸ ਦੀ ਵੀ ਭਾਲ ਕਰ ਰਹੇ ਹਨ ਜਿਸ ਦੀ ਦੁਕਾਨ ’ਤੇ ਏਜੰਟ ਬੈਠਦਾ ਸੀ ਅਤੇ ਡੀ. ਸੀ. ਦਫ਼ਤਰ ਦੀ ਉਸ ਮਹਿਲਾ ਕਰਮਚਾਰੀ ਦੀ ਵੀ ਭਾਲ ਕਰ ਰਹੇ ਹਨ, ਜਿਸ ਦੇ ਨਾਲ ਉਹ ਪਿਛਲੇ ਕੁਝ ਦਿਨਾਂ ਤੋਂ ਬੈਠਾ ਦੇਖਿਆ ਜਾ ਰਿਹਾ ਸੀ। ਇਹ ਏਜੰਟ ਇੰਨਾ ਚਲਾਕ ਸੀ ਕਿ ਲੋਕਾਂ ਨੂੰ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ’ਤੇ ਫੋਟੋਆਂ ਤੱਕ ਖਿਚਵਾਉਣ ਲਈ ਵੀ ਮਨ੍ਹਾ ਕਰ ਦਿੰਦਾ ਸੀ ਅਤੇ ਕਹਿੰਦਾ ਸੀ ਕਿ ਫੋਟੋਆਂ ਖਿਚਵਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਸ ਦੀ  ਮੁਲੀਭੁਗਤ ਲੁਧਿਆਣਾ ਤੱਕ ਦੇ ਕਰਮਚਾਰੀਆਂ ਨਾਲ ਹੈ।

ਇਹ ਵੀ ਪੜ੍ਹੋ- ਪਿੰਡ ਮੂਸੇ 'ਚ ਵੱਡੀ ਵਾਰਦਾਤ, ਥਾਣੇਦਾਰ ਦੇ ਘਰ ਅੱਗੇ ਚਲਾਈਆਂ ਗੋਲੀਆਂ

ਡੀ. ਸੀ. ਦਫ਼ਤਰ ਦੀ ਮਹਿਲਾ ਕਰਮਚਾਰੀ ਅਤੇ ਏਜੰਟ ਦੀ ਫ਼ੋਨ ਲੋਕੇਸ਼ਨ ਕਰੇਗੀ ਖੁਲਾਸਾ

ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਏਜੰਟ ਨੇ ਆਪਣਾ ਮੋਬਾਈਲ ਨੰਬਰ ਵੀ ਬੰਦ ਕਰ ਦਿੱਤਾ ਹੈ ਪਰ ਪਿਛਲੇ ਕੁਝ ਦਿਨਾਂ ਦੌਰਾਨ ਉਕਤ ਏਜੰਟ ਦੇ ਫੋਨ ਦੀ ਲੋਕੇਸ਼ਨ ਕਿੱਥੇ-ਕਿੱਥੇ ਸੀ ਅਤੇ ਕਿਸ ਦੇ ਨਾਲ ਸੀ, ਇਸ ਨਾਲ ਵੀ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਵਿਭਾਗ ਵਲੋਂ ਇਹ ਕੰਮ ਕੀਤਾ ਵੀ ਜਾ ਰਿਹਾ ਹੈ।  ਫੋਨ ਲੋਕੇਸ਼ਨ ਦੀ ਜਾਣਕਾਰੀ ਲੈਣ ਨਾਲ ਉਨ੍ਹਾਂ ਲੋਕਾਂ ਦਾ ਵੀ ਪਤਾ ਚੱਲ ਜਾਵੇਗਾ ਜੋ ਇਸ ਦੇ ਆਲੇ-ਦੁਆਲੇ ਬੈਠਦੇ ਸੀ। ਵਸੀਕਾ ਨਵੀਸ ਨੇ ਉਕਤ ਏਜੰਟ ਨੂੰ ਆਪਣੀ ਦੁਕਾਨ ’ਤੇ ਇਨ੍ਹਾਂ ਦਿਨਾਂ ਵਿਚ ਕਿਉਂ ਬਿਠਾ ਰੱਖਿਆ ਸੀ ? ਸ਼ਾਇਦ ਵਸੀਕਾ ਨਵੀਸ ਵੀ ਏਜੰਟ ਤੋਂ ਕਮਿਸ਼ਨ ਲੈਂਦਾ ਸੀ ਅਤੇ ਗ੍ਰਾਹਕ ਲਿਆ ਕੇ ਦਿੰਦਾ ਸੀ।

ਮਹਿਲਾ ਕਰਮਚਾਰੀ ਵੀ ਨਹੀਂ ਆ ਰਹੀ ਨਜ਼ਰ

ਏਜੰਟ ਦੇ ਰੂਪੋਸ਼ ਹੋਣ ਤੋਂ ਬਾਅਦ ਡੀ. ਸੀ. ਦਫ਼ਤਰ ਦੀ ਮਹਿਲਾ ਕਰਮਚਾਰੀ ਜਿਸ ਨਾਲ ਏਜੰਟ ਬੈਠਾ ਦੇਖਿਆ ਗਿਆ ਸੀ ਉਹ ਵੀ ਬੁੱਧਵਾਰ ਤੋਂ ਨਜ਼ਰ ਨਹੀਂ ਆ ਰਹੀ। ਸ਼ਾਇਦ ਉਸ ਨੇ ਛੁੱਟੀ ਲੈ ਲਈ ਸੀ ਪਰ ਮਹਿਲਾ ਕਰਮਚਾਰੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੁਰਾਣੇ ਸੇਵਾ ਕੇਂਦਰ ਤੋਂ ਲੈ ਕੇ ਪੂਰੀ ਤਹਿਸੀਲ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ ਫ਼ੋਨ ਦੀ ਲੋਕੇਸ਼ਨ ਸਭ ਕੁਝ ਬਿਆਨ ਕਰ ਦਿੰਦੀ ਹੈ। ਇਹ ਖੁਲਾਸਾ ਹੋਇਆ ਹੈ ਕਿ ਏਜੰਟ ਨੇ ਮਹਿਲਾ ਕਰਮਚਾਰੀ ਦੇ ਸਰਕਾਰੀ ਦਫ਼ਤਰ ਅੰਦਰ ਇਕ ਛੋਟਾ ਜਿਹਾ ਕੈਬਿਨ ਬਣਾਇਆ ਹੋਇਆ ਸੀ, ਜਿੱਥੋਂ ਉਹ ਕਿਸੇ ਵੀ ਸਰਕਾਰੀ ਕੰਮ ਕਰਵਾਉਣ ਲਈ ਦਫ਼ਤਰ ਆਉਣ ਵਾਲੇ ਹਰ ਵਿਅਕਤੀ ਨਾਲ ਡੀਲ ਕਰਦਾ ਸੀ। ਹਾਲਾਂਕਿ, ਦੋਵਾਂ ਦੀ ਵੀਡੀਓ ਵਿਜੀਲੈਂਸ ਵਿਭਾਗ ਦੇ ਮੁੱਖ ਦਫਤਰ ਦੇ ਟੋਲ-ਫ੍ਰੀ ਨੰਬਰ ’ਤੇ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਹਿਲਾਂ ਵਪਾਰੀ 'ਤੇ ਚੱਲੀਆਂ ਤਾਬੜਤੋੜ ਗੋਲੀਆਂ ਤੇ ਫਿਰ...

ਕਈ ਸੀਨੀਅਰ ਅਧਿਕਾਰੀਆਂ ਨੇ ਵੀ ਦਿੱਤੀ ਸੀ ਚਿਤਾਵਨੀ

ਜਦੋਂ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਏਜੰਟ ਦੀ ਠੱਗੀਬਾਜ਼ੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਚਿਤਾਵਨੀ ਵੀ ਦਿੱਤੀ ਪਰ ਏਜੰਟ ਇੰਨਾ ਚਲਾਕ ਹੋ ਗਿਆ ਸੀ ਕਿ ਉਹ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾ ਹੀ ਲੈਂਦਾ ਸੀ ਅਤੇ ਖੁਦ ਨਹੀਂ ਤਾਂ ਕਿਸੇ ਹੋਰ ਜਾਣਕਾਰ ਰਾਹੀਂ ਸਰਕਾਰੀ ਕੰਮ ਕਰਵਾਉਂਦਾ ਜਾ ਰਿਹਾ ਸੀ। ਫਿਲਹਾਲ ਪੁਰਾਣੀ ਕਹਾਵਤ ਹੈ ਕਿ ਜ਼ਿਆਦਾ ਸ਼ਾਤਿਰ ਬਣਨਾ ਅਤੇ ਬੁੱਧੀਮਾਨ ਬਣਨਾ ਵੀ ਕਿਸੇ ਸਮੇਂ ਘਾਤਕ ਸਿੱਧ ਹੁੰਦਾ ਹੈ।

ਟ੍ਰੈਕ ’ਤੇ ਕੰਮ ਵਿਚ ਆ ਰਹੀ ਰੁਕਾਵਟ 

ਵਿਜੀਲੈਂਸ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਚੱਲਦਿਆਂ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਟੈਸਟ ਦੇਣ ਅਤੇ ਫੋਟੋਆਂ ਖਿਚਵਾਉਣ ਆਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਂਚ ਕਾਰਨ ਕੰਮ ਵਿਚ ਰੁਕਾਵਟ ਆ ਰਹੀ ਹੈ ਅਤੇ ਲੋਕ ਖਾਲੀ ਹੱਥ ਪਰਤ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਔਨਲਾਈਨ ਅਪਾਇੰਟਮੈਂਟ ਲਈ ਹੈ, ਇਸ ਲਈ ਵਿਜੀਲੈਂਸ ਵਿਭਾਗ ਨੂੰ ਜਲਦੀ ਹੀ ਆਪਣੀ ਜਾਂਚ ਪੂਰੀ ਕਰਨੀ ਚਾਹੀਦੀ ਹੈ ਅਤੇ ਜ਼ਿਲ੍ਹਾ ਕਚਹਿਰੀ ਦੇ ਏਜੰਟ ਨੂੰ ਵੀ ਤੁਰੰਤ ਪ੍ਰਭਾਵ ਨਾਲ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 18 ਤਰੀਖ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਤੇ ਕਾਲਜ

ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਲੋਕ 

ਆਰ. ਟੀ. ਏ. ਸਕੱਤਰ ਖੁਸ਼ਦਿਲ ਸਿੰਘ ਸੰਧੂ ਨੇ ਕਿਹਾ ਕਿ ਟਰੈਕ ਦੇ ਕਰਮਚਾਰੀਆਂ ਨੂੰ ਕੁਝ ਮਹੀਨੇ ਪਹਿਲਾਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਕੋਈ ਕਰਮਚਾਰੀ ਕੋਈ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ। ਲੋਕਾਂ ਨੂੰ ਏਜੰਟਾਂ ਦੇ ਝਾਂਸੇ ਵਿਚ ਨਹੀਂ ਫਸਣਾ ਚਾਹੀਦਾ ਅਤੇ ਸਿੱਧਾ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜ਼ਿਲ੍ਹਾ ਕਚਹਿਰੀ ਦੇ ਏਜੰਟ ਬਾਰੇ ਵੀ ਪੁਲਸ ਨੂੰ ਲਿਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News