ਹੱਕੀ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਜੇ. ਈਜ਼ ਨੇ ਦਿੱਤਾ ਰੋਸ ਧਰਨਾ

Thursday, Feb 14, 2019 - 04:33 AM (IST)

ਹੱਕੀ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਜੇ. ਈਜ਼ ਨੇ ਦਿੱਤਾ ਰੋਸ ਧਰਨਾ
ਅੰਮ੍ਰਿਤਸਰ (ਭਸੀਨ)-ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਦੇ ਸੱਦੇ ’ਤੇ ਸਰਕਲ ਅੰਮ੍ਰਿਤਸਰ ਦੇ ਸਮੂਹ ਜੂਨੀਅਰ ਇੰਜੀਨੀਅਰਾਂ ਨੇ ਅੱਜ ਸਰਕਲ ਦਫਤਰ ਵਿਖੇ ਰੋਸ ਧਰਨਾ ਦਿੱਤਾ, ਜੋ ਜੇ. ਈ. ਕੇਡਰ ਦੀਆਂ ਅਹਿਮ ਮੰਗਾਂ ਜਿਵੇਂ ਮੁੱਢਲੀ ਤਨਖਾਹ ’ਚ ਵਾਧਾ ਕਰਨ, ਸੀਨੀਆਰਤਾ ਸੂਚੀਆਂ ਅਪਡੇਟ ਕਰਨ ਤੇ ਜੇ. ਈਜ਼ ਨੂੰ ਦਰਪੇਸ਼ ਫੀਲਡ ਮੁਸ਼ਕਿਲਾਂ ਦੇ ਹੱਲ ਲਈ ਬਣੀਆਂ ਕਮੇਟੀਆਂ ਦੀਆਂ ਰਿਪੋਰਟਾਂ ਫਾਈਨਲ ਕਰਨਾ ਸ਼ਾਮਿਲ ਹੈ। ਰੈਲੀ ਦੌਰਾਨ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜੇ. ਈਜ਼ ਦੀ ਮੁੱਢਲੀ ਤਨਖਾਹ 18250 ਰੁਪਏ ਹੈ, ਜਦਕਿ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈਜ਼ ਨੂੰ 17450 ਰੁਪਏ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜੇ. ਈ. ਤੋਂ ਏ. ਏ. ਈ. ਦੀ ਤਰੱਕੀ ’ਚ ਪ੍ਰਸ਼ਾਸਨਿਕ ਤੌਰ ’ਤੇ ਅਡ਼ਚਨਾਂ ਪੈਦਾ ਕਰ ਕੇ ਬੇਲੋਡ਼ੀ ਦੇਰੀ ਕੀਤੀ ਜਾ ਰਹੀ ਹੈ ਤੇ ਮਿਤੀ 24 ਫਰਵਰੀ 2003 ਨੂੰ ਬਣੀ ਪਲੇਸਮੈਂਟ ਪਾਲਿਸੀ ਦੀ ਲਗਾਤਾਰ ਉਲੰਘਣਾ ਮਹਿਕਮੇ ਵੱਲੋਂ ਕੀਤੀ ਜਾ ਰਹੀ ਹੈ। ਮੈਨੇਜਮੈਂਟ ਜੇ. ਈ. ਕੈਟਾਗਰੀ ਤੋਂ ਕੰਮ ਤਾਂ ਲੈਂਦੀ ਹੈ ਪਰ ਸਹੂਲਤਾਂ ਦੇਣ ਲੱਗਿਆਂ ਜੇ. ਈ. ਕੈਟਾਗਰੀ ਨੂੰ ਛੱਡ ਦਿੰਦੀ ਹੈ, ਜਿਸ ਕਾਰਨ ਜੇ. ਈ. ਕੇਡਰ ਨੂੰ ਸੰਘਰਸ਼ ਦਾ ਰਾਹ ਚੁਣਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਮਹਿਕਮੇ ਨੇ ਆਪਣਾ ਕੰਮ ਆਨਲਾਈਨ ਸਿਸਟਮ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਜੇ. ਈ. ਕੈਟਾਗਰੀ ਨੂੰ ਇੰਟਰਨੈੱਟ ਦੀ ਸਹੂਲਤ ਮਹਿਕਮੇ ਵੱਲੋਂ ਨਹੀਂ ਦਿੱਤੀ ਜਾ ਰਹੀ, ਜਦਕਿ ਸਹਾਇਕ ਇੰਜੀਨੀਅਰ ਨੂੰ ਇਹ ਸਹੂਲਤ ਦਿੱਤੀ ਗਈ ਹੈ। ਜੇ. ਈ. ਕੈਟਾਗਰੀ ਨੂੰ ਸਿਸਟਮ ਨਾਲ ਅਪਡੇਟ ਰਹਿਣ ਲਈ ਮਜਬੂਰਨ ਨਿੱਜੀ ਖਰਚੇ ’ਤੇ ਇਕ ਹੋਰ ਸਿਮ ਇੰਟਰਨੈੱਟ ਚਲਾਉਣ ਲਈ ਖਰੀਦਣੀ ਪੈਂਦੀ ਹੈ। ਇਨ੍ਹਾਂ ਮੰਗਾਂ ਨੂੰ ਮੁੱਖ ਰੱਖਦਿਆਂ ਮਹਿਕਮੇ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੈਨੇਜਮੈਂਟ ਹਰ ਵਾਰ ਸਿਰਫ ਭਰੋਸਾ ਹੀ ਦਿੰਦੀ ਹੈ, ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਇਸ ਲਈ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਅੱਜ ਪੂਰੇ ਸੂਬੇ ’ਚ ਸਰਕਲ ਹੈੱਡਕੁਆਰਟਰਾਂ ’ਤੇ ਇਕ ਦਿਨਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ, ਜੇਕਰ ਮੈਨੇਜਮੈਂਟ ਨੇ ਜੇ. ਈ. ਕੇਡਰ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਅਧੀਨ ਸਟੋਰ ਤੇ ਐੱਮ. ਈ. ਲੈਬਸ ਦਾ ਬਾਈਕਾਟ, ਡਿਫਾਲਟਿੰਗ ਅਮਾਊਂਟ ਦੀ ਉਗਰਾਹੀ ਬੰਦ ਕਰਨਾ ਤੇ ਬਿਜਲੀ ਚੋਰੀ ਆਦਿ ਨਾ ਫਡ਼ਨਾ ਸ਼ਾਮਿਲ ਹੈ, ਜਿਸ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪਾਵਰਕਾਮ ਦੀ ਹੋਵੇਗੀ। ਇਸ ਮੌਕੇ ਸੂਬਾ ਸਲਾਹਕਾਰ ਇੰਜ. ਇਕਬਾਲ ਸਿੰਘ ਏ. ਏ. ਈ., ਇੰਜ. ਜਤਿੰਦਰ ਕੁਮਾਰ ਲਖਨਪਾਲ ਪ੍ਰਧਾਨ ਬਾਰਡਰ ਜ਼ੋਨ, ਇੰਜ. ਵਿਕਰਮਪਾਲ ਸਿੰਘ ਵਿਰਕ ਏ. ਏ. ਈ, ਇੰਜ. ਨਿੰਦਰਪਾਲ, ਇੰਜ. ਨਿਰਵੈਰ ਸਿੰਘ, ਇੰਜ. ਅਸ਼ੋਕ ਕੁਮਾਰ ਜੇ. ਈ., ਇੰਜ. ਗੁਰਿੰਦਰ ਸਿੰਘ, ਇੰਜ. ਸਮੀਰ ਭਾਟੀਆ ਜੇ. ਈ., ਇੰਜ. ਰਜਿੰਦਰਪਾਲ ਸਿੰਘ ਪ੍ਰਧਾਨ ਪੱਛਮ ਮੰਡਲ, ਇੰਜ. ਅੰਮ੍ਰਿਤਪਾਲ ਸਿੰਘ ਭੁੱਲਰ, ਇੰਜ. ਸਤਪਾਲ ਸਿੰਘ, ਇੰਜ. ਲਖਵਿੰਦਰ ਕੁਮਾਰ ਤੇ ਇੰਜ. ਅਸ਼ਵਨੀ ਕੁਮਾਰ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ।

Related News