ਅੰਮ੍ਰਿਤਸਰ : ਔਰਤ ਦੀ ਲਾਸ਼ ਬਰਾਮਦ
Monday, Jul 09, 2018 - 01:47 PM (IST)
ਅੰਮ੍ਰਿਤਸਰ (ਅਰੁਣ) : ਅੰਮ੍ਰਿਤਸਰ 'ਚ 15 ਜੂਨ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੋਈ 42 ਸਾਲਾ ਔਰਤ ਦੀ ਕਤਲ ਕੀਤੀ ਲਾਸ਼ ਪੁਲਸ ਨੇ ਨਹਿਰ ਨੇੜੇ ਸਥਿਤ ਝਾੜੀਆਂ 'ਚੋਂ ਬਰਾਮਦ ਕੀਤੀ ਹੈ। ਵਾਰਿਸਾਂ ਵਲੋਂ ਲਾਸ਼ ਦੀ ਸ਼ਨਾਖਤ ਕਰਨ ਮਗਰੋਂ ਸ਼ੱਕ ਦੇ ਆਧਾਰ 'ਤੇ 3 ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਅਜਨਾਲਾ ਵਾਸੀ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਉਸ ਦੀ ਭੈਣ ਗੀਤਾ ਰਾਣੀ ਦਾ ਦੂਜਾ ਵਿਆਹ 8 ਸਾਲ ਪਹਿਲਾਂ ਸੁਖਵਿੰਦਰ ਸਿੰਘ ਨਾਲ ਹੋਇਆ ਸੀ, 15 ਜੂਨ ਨੂੰ ਉਸ ਦੀ ਭੈਣ ਘਰ ਤੋਂ ਬਾਜ਼ਾਰ ਗਈ ਪਰ ਵਾਪਸ ਨਹੀਂ ਪਰਤੀ, ਜਿਸ ਸਬੰਧੀ ਉਸ ਦੀ ਗੁੰਮਸ਼ੁਦਗੀ ਸਬੰਧੀ ਥਾਣੇ 'ਚ ਰਿਪੋਰਟ ਲਿਖਾਈ ਗਈ ਸੀ। ਨਹਿਰ ਨੇੜਿਓਂ ਅਣਪਛਾਤੀ ਔਰਤ ਦੀ ਲਾਸ਼ ਮਿਲਣ ਸਬੰਧੀ ਸੂਚਨਾ ਮਿਲਣ 'ਤੇ ਉਨ੍ਹਾਂ ਲਾਸ਼ ਦੀ ਸ਼ਨਾਖਤ ਕਰਦਿਆਂ ਆਪਣੀ ਭੈਣ ਨੂੰ ਪਛਾਣਿਆ ਲਿਆ। ਸ਼ਿਕਾਇਤ 'ਚ ਦੋਸ਼ ਲਗਾਉਂਦਿਆਂ ਅੰਮ੍ਰਿਤਪਾਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਨੇ ਦੂਜਾ ਵਿਆਹ ਲਿਆ ਸੀ, ਜਿਸ ਸਬੰਧੀ ਅਦਾਲਤ 'ਚ ਚੱਲਦਾ ਹੈ। ਇਸੇ ਰੰਜਿਸ਼ ਕਾਰਨ ਉਸ ਦੀ ਭੈਣ ਨੂੰ ਅਗਵਾ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਸੁਖਵਿੰਦਰ ਸਿੰਘ, ਮੰਨਾ, ਕਾਲੀ ਪੁੱਤਰ ਮੁਖਤਾਰ ਸਿੰਘ ਵਾਸੀ ਮੱਤੇਵਾਲ ਖਿਲਾਫ ਮਿਲੀਭੁਗਤ ਨਾਲ ਅਗਵਾ ਕਰਨ ਮਗਰੋਂ ਕਤਲ ਕਰਨ ਦੋਸ਼ ਤਹਿਤ ਮਾਮਲਾ ਦਰਜ ਕਰ ਕੇ ਛਾਣਬੀਣ ਕੀਤੀ ਜਾ ਰਹੀ ਹੈ।
