ਟੀ. ਬੀ. ਹਸਪਤਾਲ ਦੇ ਆਈ. ਸੀ. ਯੂ. ''ਚ ਲੱਗੀ ਭਿਆਨਕ ਅੱਗ

Thursday, May 02, 2019 - 01:49 PM (IST)

ਟੀ. ਬੀ. ਹਸਪਤਾਲ ਦੇ ਆਈ. ਸੀ. ਯੂ. ''ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ (ਦਲਜੀਤ, ਗੁਰਪ੍ਰੀਤ) : ਸਰਕਾਰੀ ਟੀ. ਬੀ. ਹਸਪਤਾਲ ਦੇ ਪਿਛਲੇ 4 ਸਾਲ ਤੋਂ ਬੰਦ ਪਏ ਆਈ. ਸੀ. ਯੂ. 'ਚ ਸ਼ਾਰਟ ਸਰਕਟ ਕਾਰਨ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਜਿਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਉਥੇ ਹੀ ਆਈ. ਸੀ. ਯੂ. 'ਚ ਪਿਆ ਕੰਪਿਊਟਰ ਤੇ ਪ੍ਰਿੰਟਰ ਸੜ ਕੇ ਸੁਆਹ ਹੋ ਗਿਆ। ਫਾਇਰ ਬਿਗ੍ਰੇਡ ਵਲੋਂ 20 ਮਿੰਟਾਂ 'ਚ ਅੱਗ 'ਤੇ ਕਾਬੂ ਪਾਇਆ ਗਿਆ। ਹਸਪਤਾਲ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ 3 ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਆਈ. ਸੀ. ਯੂ. 'ਚ ਸੈਂਟਰਲਾਈਜ਼ਡ ਆਕਸੀਜਨ ਦੀ ਸਪਲਾਈ ਨਾ ਹੋਣ ਕਾਰਨ ਇਹ ਪਿਛਲੇ 4 ਸਾਲਾਂ ਤੋਂ ਬੰਦ ਪਿਆ ਸੀ। ਇਥੇ 2 ਬੈੱਡ, ਇਕ ਕੰਪਿਊਟਰ ਤੇ ਇਕ ਪ੍ਰਿੰਟਰ ਪਿਆ ਹੋਇਆ ਸੀ। ਆਈ. ਸੀ. ਯੂ. ਵਾਲੇ ਬਲਾਕ ਵਿਚ ਬਿਜਲੀ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਪਰ ਅਚਾਨਕ ਹੀ ਸ਼ਾਰਟ ਸਰਕਟ ਹੋਣ ਕਾਰਨ ਇਥੇ ਅੱਗ ਲੱਗ ਗਈ। ਹਸਪਤਾਲ 'ਚ ਮੌਜੂਦ ਡਾ. ਅੰਮ੍ਰਿਤ ਨੇ ਆਈ. ਸੀ. ਯੂ. 'ਚ ਧੂੰਆਂ ਉੱਡਦਾ ਦੇਖ ਕੇ ਤੁਰੰਤ ਫਾਇਰ ਬਿਗ੍ਰੇਡ ਤੇ ਹਸਪਤਾਲ ਦੇ ਇੰਚਾਰਜ ਡਾ. ਨਵੀਨ ਪਾਂਧੀ ਨੂੰ ਜਾਣਕਾਰੀ ਦਿੱਤੀ ਅਤੇ ਕੁਝ ਹੀ ਮਿੰਟਾਂ 'ਚ ਡਾ. ਪਾਂਧੀ ਸਮੇਤ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਉਨ੍ਹਾਂਂ ਅੱਗ 'ਤੇ ਕਾਬੂ ਪਾ ਲਿਆ। ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ।

ਡਾ. ਬਲਬੀਰ ਮਲਹੋਤਰਾ ਦੀ ਅਗਵਾਈ 'ਚ ਕਮੇਟੀ ਕਰੇਗੀ ਜਾਂਚ
ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਡਾ. ਬਲਬੀਰ ਮਲਹੋਤਰਾ ਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਅਗਵਾਈ 'ਚ ਡਾ. ਗੁਨੀਤ ਤੇ ਡਾ. ਸੰਦੀਪ ਦੀ ਡਿਊਟੀ ਲਾ ਦਿੱਤੀ ਗਈ ਹੈ। 3 ਮੈਂਬਰੀ ਟੀਮ ਜਲਦ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਉਨ੍ਹਾਂ ਨੂੰ ਦੇਵੇਗੀ।

ਸਮਾਂ ਰਹਿੰਦਿਆਂ ਅੱਗ 'ਤੇ ਕਾਬੂ ਨਾ ਕੀਤਾ ਹੁੰਦਾ ਤਾਂ ਹੋ ਸਕਦਾ ਸੀ ਨੁਕਸਾਨ
ਹਸਪਤਾਲ 'ਚ ਜਿਸ ਆਈ. ਸੀ. ਯੂ. 'ਚ ਅੱਗ ਲੱਗੀ, ਉਥੋਂ ਕੁਝ ਹੀ ਦੂਰੀ 'ਤੇ ਆਪ੍ਰੇਸ਼ਨ ਥੀਏਟਰ ਤੇ ਮਰੀਜ਼ਾਂ ਨੂੰ ਦਾਖਲ ਕਰਨ ਵਾਲੇ ਵਾਰਡ ਹਨ, ਜੇਕਰ ਅੱਗ 'ਤੇ ਸਮਾਂ ਰਹਿੰਦਿਆਂ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ। ਸਾਹ ਦੇ ਰੋਗੀਆਂ ਲਈ ਅੱਗ ਦਾ ਧੂੰਆਂ ਕਾਫੀ ਨੁਕਸਾਨਦਾਇਕ ਹੈ।
 


author

Baljeet Kaur

Content Editor

Related News