ਕੈਨੇਡਾ ਦੇ ਕਿਊਬਕ ਸੂਬੇ ''ਚ ਕਕਾਰ ਪਹਿਨ ਕੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

Monday, Aug 26, 2019 - 06:12 PM (IST)

ਕੈਨੇਡਾ ਦੇ ਕਿਊਬਕ ਸੂਬੇ ''ਚ ਕਕਾਰ ਪਹਿਨ ਕੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

ਅੰਮ੍ਰਿਤਸਰ (ਦੀਪਕ) : ਕੈਨੇਡਾ ਦੇ ਕਿਊਬਕ ਸੂਬੇ ਅੰਦਰ ਇਕ ਕਾਨੂੰਨ ਤਹਿਤ ਧਰਮ ਨਿਰਪੱਖਤਾ ਦੇ ਨਾਂ 'ਤੇ ਸਿੱਖ ਕਕਾਰਾਂ ਨੂੰ ਪਹਿਨ ਕੇ ਸਰਕਾਰੀ ਥਾਵਾਂ 'ਤੇ ਕੰਮ ਕਰਨ ਦੀ ਮਨਾਹੀ ਦਾ ਸ਼੍ਰੋਮਣੀ ਕਮੇਟੀ ਵਲੋਂ ਸਖਤ ਨੋਟਿਸ ਲਿਆ ਗਿਆ ਹੈ। ਵੱਖ-ਵੱਖ ਅਖਬਾਰਾਂ 'ਚ ਛਪੀਆਂ ਖ਼ਬਰਾਂ ਅਨੁਸਾਰ ਕਿਊਬਕ ਸੂਬੇ ਦੇ ਮਾਂਟਰੀਅਲ ਸ਼ਹਿਰ 'ਚ ਇਕ ਸਿੱਖ ਬੀਬੀ ਅੰਮ੍ਰਿਤ ਕੌਰ ਨੂੰ ਦਸਤਾਰ ਅਤੇ ਕਕਾਰਾਂ ਕਾਰਨ ਸੂਬਾ ਛੱਡਣਾ ਪੈ ਰਿਹਾ ਹੈ, ਕਿਉਂਕਿ ਉਸ ਨੂੰ ਇਨ੍ਹਾਂ ਧਾਰਮਿਕ ਚਿੰਨ੍ਹਾਂ ਕਾਰਨ ਨੌਕਰੀ ਤੋਂ ਹੱਥ ਧੋਣੇ ਪਏ। ਉਹ ਇਕ ਅਧਿਆਪਕਾ ਹੈ। ਇਸ ਕਾਨੂੰਨ ਕਰ ਕੇ ਕਿਊਬਕ ਤੋਂ ਬੀ. ਸੀ. ਵਿਖੇ ਤਬਦੀਲ ਹੋਣ ਲਈ ਮਜਬੂਰ ਹੋਈ ਹੈ।

ਇਸ ਕਾਨੂੰਨ ਨੂੰ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦੀ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਅਨੁਸਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਕਾਨੂੰਨ ਸਬੰਧੀ ਮੁੜ ਨਜ਼ਰਸਾਨੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਸ ਦੇਸ਼ ਅੰਦਰ ਧਾਰਮਿਕ ਅਧਿਕਾਰਾਂ ਦਾ ਉਲੰਘਣ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ ਜਿਸ ਦੇਸ਼ ਦੀ ਸੰਸਦ ਵਿਚ ਕਈ ਪੰਜਾਬੀ ਅਤੇ ਖ਼ਾਸਕਰ ਸਿੱਖ ਮੈਂਬਰ ਪਾਰਲੀਮੈਂਟ ਸ਼ਾਮਲ ਹਨ। ਇਥੋਂ ਤਕ ਕਿ ਕੈਨੇਡਾ ਦਾ ਰੱਖਿਆ ਮੰਤਰੀ ਵੀ ਇਕ ਸਾਬਤ ਸੂਰਤ ਗੁਰਸਿੱਖ ਹੈ।

ਭਾਈ ਲੌਂਗੋਵਾਲ ਨੇ ਆਖਿਆ ਕਿ ਅਜਿਹਾ ਕਾਨੂੰਨ ਖ਼ਤਮ ਹੋਣਾ ਚਾਹੀਦਾ ਹੈ, ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ। ਭਾਈ ਲੌਂਗੋਵਾਲ ਨੇ ਆਖਿਆ ਕਿ ਉਹ ਅਜਿਹੇ ਮਾਮਲਿਆਂ ਸਬੰਧੀ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਵੀ ਰਾਬਤਾ ਬਣਾਉਣਗੇ। ਭਵਿੱਖ 'ਚ ਵੱਖ-ਵੱਖ ਦੇਸ਼ਾਂ ਦੇ ਸਫਾਰਤਖਾਨਿਆਂ ਨੂੰ ਲਿਖਣਗੇ।


author

Baljeet Kaur

Content Editor

Related News