ਸ਼੍ਰੋਮਣੀ ਕਮੇਟੀ ਤੋਂ 328 ਪਾਵਨ ਸਰੂਪ ਹੀ ਨਹੀਂ, 200 ਪੁਰਾਤਨ ਗ੍ਰੰਥ ਵੀ ਹੋਏ ਗਾਇਬ : ਸਾਬਕਾ ਜਥੇਦਾਰ

Friday, Nov 20, 2020 - 09:59 AM (IST)

ਸ਼੍ਰੋਮਣੀ ਕਮੇਟੀ ਤੋਂ 328 ਪਾਵਨ ਸਰੂਪ ਹੀ ਨਹੀਂ, 200 ਪੁਰਾਤਨ ਗ੍ਰੰਥ ਵੀ ਹੋਏ ਗਾਇਬ : ਸਾਬਕਾ ਜਥੇਦਾਰ

ਅੰਮ੍ਰਿਤਸਰ (ਮਮਤਾ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਐੱਸ. ਜੀ. ਪੀ. ਸੀ. ਨੂੰ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉੱਥੋਂ ਇਸ ਤੋਂ ਪਹਿਲਾਂ 200 ਪੁਰਾਤਨ ਧਾਰਮਿਕ ਗ੍ਰੰਥ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਰਕਾਰ ਵਲੋਂ ਵਾਪਸ ਕੀਤਾ ਗਿਆ ਸਾਮਾਨ ਵੀ ਗਾਇਬ ਹੋਇਆ ਹੈ ਪਰ ਇਸ ਸਾਰੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ ਚੁੱਪ ਧਾਰੀ ਹੋਈ ਹੈ । ਭਾਈ ਰਣਜੀਤ ਸਿੰਘ ਨੇ ਇਸ ਮਾਮਲੇ 'ਚ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ 200 ਪੁਰਾਣੇ ਧਾਰਮਿਕ ਗ੍ਰੰਥ ਵੀ ਗਾਇਬ ਹੋਏ ਹਨ, ਜਿਨ੍ਹਾਂ 'ਚੋਂ 64 ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ 'ਚ ਲਿਖੇ ਗਏ ਸਨ। ਇਨ੍ਹਾਂ 'ਚ ਹੁਕਮਨਾਮਾ ਸਮੇਤ ਹੋਰ ਅਮੁੱਲ ਸਮੱਗਰੀ ਹੈ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਕ ਅਤੇ ਰਿਕਾਰਡ 'ਚੋਂ ਗੁੰਮ ਹੈ ਅਤੇ ਇਸਦੀ ਜਾਂਚ ਵੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ: ਕਪੂਰਥਲਾ 'ਚ ਮਾਨਸਿਕ ਤੌਰ 'ਤੇ ਬੀਮਾਰ ਕੁੜੀ ਨਾਲ ਜਬਰ-ਜ਼ਿਨਾਹ

ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੁਰਾਤਨ 200 ਪਾਵਨ ਸਰੂਪਾਂ 'ਚ 28 ਦੇ ਕਰੀਬ ਹੱਥ ਲਿਖਤ ਗ੍ਰੰਥ ਸਿੱਖ ਗੁਰੂਆਂ ਅਤੇ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਲਿਖੇ ਗਏ। ਇਨ੍ਹਾਂ 'ਚ ਇਕ ਬਾਬਾ ਹਰਦਾਸ ਸਿੰਘ ਦੀ ਸੁਨਹਿਰੀ ਪੁਸਤਕ, ਦੋ ਜਨਮ ਸਾਖੀਆਂ ਅਤੇ ਦੋ ਹੱਥ ਲਿਖਤ ਦਸਮ ਗ੍ਰੰਥ ਵੀ ਸ਼ਾਮਿਲ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦੋਸ਼ ਲਾਇਆ ਕਿ ਉਹ ਸਿਰਫ਼ ਲਾਪਤਾ 328 ਸਰੂਪਾਂ ਬਾਰੇ ਹੀ ਲੀਪਾਪੋਚੀ ਨਹੀਂ ਕਰ ਰਹੀ ਸਗੋਂ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਫੌਜ ਵੱਲੋਂ ਲਈ ਗਈ ਅਨਮੋਲ ਸਮੱਗਰੀ, ਜਿਸ ਨੂੰ ਬਾਅਦ ਵਿਚ 1990 'ਚ ਵਾਪਸ ਵੀ ਕਰ ਦਿੱਤਾ ਗਿਆ, ਦੇ ਮਾਮਲੇ ਵਿਚ ਵੀ ਕਹਾਣੀਆਂ ਬਣਾ ਰਹੀ ਹੈ । ਉਨ੍ਹਾਂ ਕਿਹਾ ਕਿ ਸੰਗਤ ਗਾਇਬ ਸਰੂਪਾਂ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਗਾਇਬ ਹੋਏ ਖਜਾਨੇ ਬਾਰੇ ਜਾਣਨਾ ਚਾਹੁੰਦੀ ਹੈ ਪਰ ਸ਼੍ਰੋਮਣੀ ਕਮੇਟੀ ਕੋਲ ਇਸਦਾ ਕੋਈ ਜਵਾਬ ਨਹੀਂ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਗੁਰਦਾਸਪੁਰ 'ਚ 14 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ

ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਮਾਮਲੇ 'ਚ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕਣ ਕਾਰਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਨੇ ਵੀ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਾਪਸ ਕੀਤੇ ਗਏ ਸਾਮਾਨ ਦੀ ਸੂਚੀ ਦਿੱਤੀ ਗਈ ਸੀ ਪਰ ਲਾਇਬ੍ਰੇਰੀ ਦੇ ਡਾਇਰੈਕਟਰ ਵੱਲੋਂ ਰੱਖੇ ਗਏ ਸਾਮਾਨ ਵਾਲੀ ਅਲਮਾਰੀ ਖਾਲੀ ਮਿਲੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਸੰਗਤ ਦੇ ਸਾਹਮਣੇ ਸੱਚਾਈ ਲਿਆਂਦੀ ਜਾਣੀ ਚਾਹੀਦੀ ਹੈ 


author

Baljeet Kaur

Content Editor

Related News