ਸੁਰੱਖਿਆ ''ਤੇ ਖ਼ਤਰਾ ਬਣਦੇ ਜਾ ਰਹੇ ਜੇਲਾਂ ''ਚ ਬੈਠੇ ਦੇਸ਼-ਵਿਰੋਧੀ ਅਨਸਰ

01/22/2020 11:24:48 AM

ਅੰਮ੍ਰਿਤਸਰ (ਸੰਜੀਵ) : ਪੰਜਾਬ ਦੀਆਂ ਜੇਲਾਂ 'ਚੋਂ ਹੋ ਰਹੀਆਂ ਦੇਸ਼ ਵਿਰੋਧੀ ਗਤੀਵਿਧੀਆਂ ਅੱਜ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ। ਜੇਲਾਂ 'ਚ ਬੈਠ ਕੇ ਮੋਬਾਇਲ ਅਤੇ ਵਾਈ-ਫਾਈ ਵਰਗੇ ਸੰਚਾਰ ਸਾਧਨਾਂ ਨਾਲ ਆਪਣਾ ਨੈੱਟਵਰਕ ਚਲਾ ਰਹੇ ਅੱਤਵਾਦੀ ਸੰਗਠਨ ਅਤੇ ਖਤਰਨਾਕ ਸਮੱਗਲਰ ਦੇਸ਼ ਦੇ ਕਿਸੇ ਵੀ ਹਿੱਸੇ 'ਚ ਮਾਰ ਕਰ ਰਹੇ ਹਨ। ਜੇਲਾਂ 'ਚੋਂ ਸੀਮਾ ਪਾਰ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਵੱਲੋਂ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਤੱਕ ਮੰਗਵਾਈ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਜੇਲਾਂ 'ਚੋਂ ਚੱਲ ਰਹੇ ਮੋਬਾਇਲ ਨੈੱਟਵਰਕ ਨੂੰ ਕਿਉਂ ਨਹੀਂ ਤੋੜਿਆ ਜਾ ਰਿਹਾ, ਇਹ ਇਕ ਵੱਡਾ ਸਵਾਲ ਹੈ, ਜੋ ਪੰਜਾਬ ਸਰਕਾਰ ਅਤੇ ਜੇਲ ਪ੍ਰਸ਼ਾਸਨ ਲਈ ਗੰਭੀਰ ਜਾਂਚ ਦਾ ਵਿਸ਼ਾ ਬਣ ਚੁੱਕਾ ਹੈ। ਮੀਡੀਆ ਰਾਹੀਂ ਵੀ ਕਈ ਵਾਰ ਸਰਕਾਰ ਨੂੰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਸ 'ਤੇ ਕੋਈ ਉਚਿਤ ਕਾਰਵਾਈ ਨਾ ਹੋਣਾ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੇ ਸੰਕੇਤ ਦੇ ਰਿਹਾ ਹੈ।

ਪੰਜਾਬ ਦੀਆਂ ਜੇਲਾਂ 'ਚੋਂ 2019 'ਚ ਮਿਲੇ ਮੋਬਾਇਲ
ਕੇਂਦਰੀ ਜੇਲ - ਰਿਕਵਰ ਕੀਤੇ ਗਏ ਮੋਬਾਇਲ

ਲੁਧਿਆਣਾ - 338
ਫਿਰੋਜ਼ਪੁਰ - 109
ਕਪੂਰਥਲਾ - 107
ਫਰੀਦਕੋਟ - 96
ਪਟਿਆਲਾ - 71
ਬਠਿੰਡਾ - 66
ਰੁਪਨਗਰ - 46
ਹੁਸ਼ਿਆਰਪੁਰ - 34
ਨਾਭਾ - 29
ਸੰਗਰੂਰ - 28
ਬਰਨਾਲਾ - 22
ਮਾਨਸਾ - 6
ਗੁਰਦਾਸਪੁਰ - 3
ਪਠਾਨਕੋਟ - 2

ਅੰਮ੍ਰਿਤਸਰ ਜੇਲ ਦੀ ਗੱਲ ਕਰੀਏ ਤਾਂ ਬੇਸ਼ੱਕ 2019 'ਚ ਕੇਂਦਰੀ ਜੇਲ ਫਤਾਹਪੁਰ 'ਚੋਂ 96 ਮੋਬਾਇਲ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਤਾਂ ਜੇਲ 'ਚ ਮੋਬਾਇਲ ਮਿਲਣ ਦੀਆਂ ਘਟਨਾਵਾਂ 'ਚ ਇਕਦਮ ਵਾਧਾ ਹੋ ਗਿਆ, ਜਿਸ ਨੇ ਜੇਲ ਦੇ ਸੁਰੱਖਿਆ ਤੰਤਰ 'ਤੇ ਸਵਾਲ ਖੜ੍ਹੇ ਕਰ ਦਿੱਤੇ। ਪਿਛਲੇ ਕਰੀਬ 20 ਦਿਨਾਂ ਦੇ ਜੇਲ ਗ੍ਰਾਫ 'ਤੇ ਝਾਤ ਮਾਰੀਏ ਤਾਂ ਜੇਲ 'ਚੋਂ 36 ਮੋਬਾਇਲ ਰਿਕਵਰ ਕੀਤੇ ਜਾ ਚੁੱਕੇ ਹਨ, ਜੋ ਸਾਲ 2019 'ਚ ਰਿਕਵਰ ਹੋਣ ਵਾਲੇ ਮੋਬਾਇਲਾਂ ਦਾ ਕਰੀਬ 40 ਫ਼ੀਸਦੀ ਬਣਦਾ ਹੈ।

ਪਿਛਲੇ 19 ਦਿਨਾਂ ਦੌਰਾਨ ਅੰਮ੍ਰਿਤਸਰ ਜੇਲ 'ਚੋਂ ਹੋਈ ਰਿਕਵਰੀ ਅਤੇ ਦੋਸ਼
ਸਾਲ 2020 ਰਿਕਵਰੀ
1 ਜਨਵਰੀ 20 ਬੰਡਲ ਸਿਗਰਟਾਂ, 2 ਹੀਟਰ ਦੇ ਸਪ੍ਰਿੰਗ
4 ਜਨਵਰੀ 2 ਮੋਬਾਇਲ
5 ਜਨਵਰੀ ਹਵਾਲਾਤੀਆਂ 'ਚ ਹੋਈ ਜੰਗ
7 ਜਨਵਰੀ 4 ਮੋਬਾਇਲ
8 ਜਨਵਰੀ 4 ਮੋਬਾਇਲ
11 ਜਨਵਰੀ 3 ਮੋਬਾਇਲ, 1 ਡਾਟਾ ਕੇਬਲ , 10 ਬੰਡਲ ਸਿਗਰਟਾਂ
12 ਜਨਵਰੀ 3 ਮੋਬਾਇਲ
14 ਜਨਵਰੀ 1 ਮੋਬਾਇਲ
15 ਜਨਵਰੀ ਕੈਦੀਆਂ ਦਾ ਸੁਰੱਖਿਆ ਕਰਮਚਾਰੀ 'ਤੇ ਹਮਲਾ
16 ਜਨਵਰੀ 1 ਮੋਬਾਇਲ
17 ਜਨਵਰੀ 2 ਮੋਬਾਇਲ, 1 ਗ੍ਰਾਮ ਅਫੀਮ, 3 ਨਸ਼ੇ ਵਾਲੀਆਂ ਗੋਲੀਆਂ
18 ਜਨਵਰੀ 15 ਮੋਬਾਇਲ
19 ਜਨਵਰੀ 1 ਮੋਬਾਇਲ

ਜੇਲ 'ਚ ਕਿਉਂ ਨਹੀਂ ਲੱਗ ਰਹੇ ਜੈਮਰ?
ਇੰਨੀ ਵੱਡੀ ਗਿਣਤੀ 'ਚ ਜੇਲਾਂ 'ਚੋਂ ਰਿਕਵਰ ਕੀਤੇ ਜਾ ਰਹੇ ਮੋਬਾਇਲ ਦੇ ਮਾਮਲਿਆਂ ਨੇ ਜੇਲਾਂ ਦੀ ਸੁਰੱਖਿਆ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬਾਵਜੂਦ ਇਸ ਦੇ ਪਿਛਲੇ ਕਈ ਸਾਲਾਂ ਤੋਂ ਜੇਲਾਂ 'ਚ ਜੈਮਰ ਲੱਗਣ ਦੀਆਂ ਪ੍ਰਪੋਜ਼ਲਾਂ ਫਾਈਲਾਂ ਦੀ ਧੂੜ ਚੱਟ ਰਹੀਆਂ ਹਨ। ਪਿਛਲੇ 10 ਸਾਲਾਂ ਤੋਂ ਹਰ ਵਾਰ ਇਹ ਸਵਾਲ ਜੇਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਜੈਮਰਾਂ ਸਬੰਧੀ ਪੁੱਛਿਆ ਜਾਂਦਾ ਰਿਹਾ ਹੈ। ਉਨ੍ਹਾਂ ਦਾ ਪੁਰਾਣਾ ਜਵਾਬ ਅੱਜ ਵੀ ਉਥੇ ਹੀ ਖੜ੍ਹਾ ਹੈ ਕਿ ਛੇਤੀ ਹੀ ਜੇਲਾਂ 'ਚ ਜੈਮਰ ਲਾਏ ਜਾ ਰਹੇ ਹਨ। ਕੀ ਸਰਕਾਰ ਨਹੀਂ ਚਾਹੁੰਦੀ ਕਿ ਜੇਲਾਂ ਵਿਚ ਬੈਠੇ ਅੱਤਵਾਦੀ ਸੰਗਠਨਾਂ, ਗੈਂਗਸਟਰਾਂ ਅਤੇ ਸਮੱਗਲਰਾਂ ਦੇ ਸੰਚਾਰ ਸਾਧਨਾਂ 'ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ। ਇਹ ਵੀ ਇਕ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ।

ਕਿਹੜੇ ਰਸਤੇ ਜੇਲਾਂ 'ਚ ਜਾ ਰਹੇ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ?
ਜੇਲਾਂ 'ਚੋਂ ਬਰਾਮਦ ਹੋ ਰਹੇ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ ਕਿਹੜੇ ਰਸਤੇ ਜਾ ਰਹੇ ਹਨ, ਇਸ 'ਤੇ ਵੀ ਅੱਜ ਮੰਥਨ ਜ਼ਰੂਰੀ ਹੋ ਚੁੱਕਾ ਹੈ। ਜੇਲ 'ਚ ਤਾਇਨਾਤ ਕਾਲੀਆਂ ਭੇਡਾਂ ਨੂੰ ਵੀ ਪਛਾਣਨ ਦੀ ਲੋੜ ਹੈ। ਜੇਲ 'ਚ ਤਾਇਨਾਤ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥਾਂ ਦਾ ਅੰਦਰ ਜਾਣਾ ਸੰਭਵ ਨਹੀਂ ਹੈ।

ਖੁਫੀਆ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਕਿ ਪਿਛਲੇ ਕੁਝ ਦਿਨਾਂ 'ਚ ਪਈ ਧੁੰਦ ਕਾਰਣ ਜੇਲ ਵਿਚ ਮੋਬਾਇਲ ਸੁੱਟੇ ਜਾ ਰਹੇ ਹਨ। ਇਸ ਕਾਰਣ ਜੇਲ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਸਖਤ ਮੁਹਿੰਮ ਚਲਾਈ ਜਾ ਰਹੀ ਹੈ। ਜੇਲ ਕੰਪਲੈਕਸ 'ਚ ਸੁੱਟੇ ਗਏ ਸਾਰੇ ਮੋਬਾਇਲਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ। ਇਸ ਸਰਚ ਮੁਹਿੰਮ ਤਹਿਤ ਪਿਛਲੇ ਕਰੀਬ 15 ਦਿਨਾਂ ਤੋਂ ਲਗਾਤਾਰ ਸੀ. ਆਰ. ਪੀ. ਐੱਫ., ਪੋਸਕੋ ਅਤੇ ਜੇਲ ਪ੍ਰਸ਼ਾਸਨ ਇਸ ਵਿਚ ਜੁਟਿਆ ਹੋਇਆ ਹੈ। ਬਾਹਰੋਂ ਸੁੱਟੇ ਗਏ ਇਕ-ਇਕ ਮੋਬਾਇਲ ਨੂੰ ਲੱਭ ਕੇ ਰਿਕਵਰ ਕੀਤਾ ਜਾ ਰਿਹਾ ਹੈ। – ਅਰਸ਼ਪ੍ਰੀਤ ਸਿੰਘ, ਜੇਲ ਸੁਪਰਡੈਂਟ


Baljeet Kaur

Content Editor

Related News