ਅੰਮ੍ਰਿਤਸਰ ਦਿਹਾਤੀ ਦੇ ਨਵੇਂ SSP ਅੱਗੇ ਚੁਣੌਤੀਆਂ ਦਾ ‘ਪਹਾੜ’, ਅਪਰਾਧ ਨੂੰ ਰੋਕਣ ’ਚ ਨਾਕਾਮ ਸਾਬਤ ਹੋ ਰਹੀ ਪੁਲਸ

10/23/2021 12:28:52 PM

ਮਜੀਠਾ/ਕੱਥੂਨੰਗਲ (ਸਰਬਜੀਤ) - ਭਾਰਤ-ਪਾਕਿ ਦੀ ਅੰਤਰ ਰਾਸ਼ਟਰੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਇਥੇ ਬਾਰਡਰ ਨਾਲ ਲੱਗਦਾ ਹੋਣ ਕਰ ਕੇ ਆਸਾਨੀ ਨਾਲ ਨਸ਼ੇ ਦੀ ਸਮਗਲਿੰਗ ਹੁੰਦੀ ਹੈ। ਖ਼ਾਸ ਕਰ ਕੇ ਬਾਰਡਰ ਪਾਰ ਤੋਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਪਾਕਿ ਨਸ਼ਾ ਸਮੱਗਲਰ ਬਾਰਡਰ ਰਾਹੀਂ ਭਾਰਤ ਵਿੱਚ ਭੇਜਦੇ ਰਹਿੰਦੇ ਹਨ ਪਰ ਫਿਰ ਵੀ ਸਾਡੀ ਪੁਲਸ ਪਾਕਿ ਸਮੱਗਲਰਾਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਕਈ ਵਾਰ ਸਫ਼ਲ ਹੁੰਦੀ ਦਿਖਾਈ ਦਿੱਤੀ ਹੈ। ਹੁਣ ਜਿੰਨ੍ਹਾਂ ਮੁੱਦਿਆਂ ਨੂੰ ਅਸੀਂ ‘ਜਗ ਬਾਣੀ’ ਦੇ ਮਾਧਿਅਮ ਰਾਹੀਂ ਉਜਾਗਰ ਕਰਨ ਜਾ ਰਹੇ ਹਾਂ, ਉਹ ਮਹਿਜ਼ੇ ਨਵੇਂ ਆਏ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਐੱਸ. ਐੱਸ. ਪੀ. ਰਾਕੇਸ਼ ਕੌਸ਼ਲ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ। ਹੁਣ ਦੇਖਣਾ ਹੋਵੇਗਾ ਕਿ ਰਾਕੇਸ਼ ਕੌਸ਼ਲ ਆਪਣੇ ਕਾਰਜਕਾਲ ਦੌਰਾਨ ਲੱਗੇ ਚੁਣੌਤੀਆਂ ਦੇ ਢੇਰ ਦਾ ਸਾਹਮਣਾ ਕਰਦੇ ਹੋਏ, ਇਸ ਨੂੰ ਹੱਲ ਕਰ ਪਾਉਂਦੇ ਹਨ ਜਾਂ ਨਹੀਂ। ਦੂਜਾ ਸਰਹੱਦੀ ਖੇਤਰ ਹੋਣ ਕਰ ਕੇ ਇਥੇ ਹੁੰਦੀ ਨਸ਼ਿਆਂ ਦੀ ਵਿਕਰੀ ’ਤੇ ਵੀ ਕੀ ਨਵੇਂ ਪੁਲਸ ਮੁਖੀ ਰੋਕ ਲਗਾਉਣ ਵਿਚ ਸਫਲ ਹੋਣਗੇ? ਇਹ ਤਾਂ ਹੁਣ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਨਵੇਂ ਪੁਲਸ ਮੁਖੀ ਦੀ ਕਾਰਗੁਜ਼ਾਰੀ ਬਾਰੇ ਪਤਾ ਚੱਲ ਜਾਵੇਗਾ।

ਨਸ਼ੇ ਦੇ ਵੱਡੇ ਸੌਦਾਗਰਾਂ ਦਾ ਪਹੁੰਚ ਤੋਂ ਬਾਹਰ ਹੋਣਾ : 
ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਅਧੀਨ ਆਉਂਦੇ ਇਲਾਕਿਆਂ ਵਿਚ ਪਿਛਲੇ ਸਮੇ ਤੋਂ ਹੋ ਰਹੀਆਂ ਅਨੇਕਾ ਲੁੱਟਾਂ-ਖੋਹਾਂ ਆਦਿ ਦੀਆਂ ਵਾਰਦਾਤਾਂ ਨੇ ਜਿਥੇ ਲੋਕ ਮਨਾਂ ਅੰਦਰ ਡਰ ਤੇ ਸਹਿਮ ਪੈਦਾ ਕਰਕੇ ਰੱਖ ਦਿੱਤਾ ਹੈ। ਉਥੇ ਆਧੁਨਿਕ ਢੰਗ ਨਾਲ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਫੜਣ ਲਈ ਪੁਲਸ ਨੂੰ ਖ਼ੂਬ ਪਸੀਨਾ ਬਹਾਉਣਾ ਪੈ ਰਿਹਾ ਹੈ ਅਤੇ ਪੁਲਸ ਦੀਆਂ ਅਨੇਕਾ ਕੋਸ਼ਿਸ਼ਾਂ ਅਤੇ ਦਾਅਵਿਆਂ ਦੇ ਬਾਵਜੂਦ ਨਸ਼ੇ ਦੇ ਵੱਡੇ ਸੌਦਾਗਰ ਪਹੁੰਚ ਤੋਂ ਬਾਹਰ ਹਨ।

ਪਾਕਿ ਦੀ ਸਰਹੱਦ ਨੇੜੇ ਹੋਣ ਦਾ ਨੁਕਸਾਨ : 
ਵੈਸੇ ਤਾਂ ਗੁਆਂਢ ਦਾ ਸਾਥ ਰਿਸ਼ਤੇਦਾਰ ਨਾਲੋਂ ਅਹਿਮ ਮੰਨਿਆ ਜਾਂਦਾ ਹੈ। ਲੇਕਿਨ ਸਾਡਾ ਗੁਆਂਢੀ ਮੁਲਖ ਪਾਕਿ ਇੰਨ੍ਹਾ ਨੀਚ ਅਤੇ ਘਟੀਆ ਹੈ ਕਿ ਉਹ ਸਰਹੱਦ ਦੇ ਨੇੜਲੇ ਇਲਾਕਿਆਂ ਵਿਚ ਘਿਣੌਨੇ ਤੋਂ ਘਿਣੌਨਾ ਕੰਮ ਕਰਨ ਲਈ ਇਕ ਵਾਰ ਨਹੀਂ ਸੋਚਦਾ। ਜਿਸਦਾ ਖਮਿਆਜਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਭੁਗਤਨਾ ਪੈ ਰਿਹਾ ਹੈ। ਸ਼ਾਇਦ ਸਰਹੱਦ ਕਰਕੇ ਹੀ ਇਥੇ ਨਸ਼ੇ ਦਾ ਕਾਰੋਬਾਰ ਵਧਿਆ ਹੈ, ਜਿਸ ਨੂੰ ਕੰਟਰੋਲ ਕਰਨ ਲਈ ਨਵੇਂ ਪੁਲਸ ਮੁੱਖੀ ਕੌਸ਼ਲ ਨੂੰ ਕੋਈ ਨਿਵੇਕਲਾਂ ਅਤੇ ਉਸਾਰੂ ਢੰਗ ਤਰੀਕਾ ਅਪਣਾਉਣਾ ਪਵੇਗਾ।

ਲੀਡਰਾਂ ਦੀ ਸਿੱਧੀ ਦਖਲਅੰਦਾਜ਼ੀ: 
ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਵਿੱਚ ਵਿਧਾਨ ਸਭਾ ਹਲਕਾ ਮਜੀਠਾ, ਅਜਨਾਲਾ, ਰਾਜਾਸਾਂਸੀ, ਜੰਡਿਆਲਾ ਗੁਰੂ, ਅਟਾਰੀ ਤੇ ਬਾਬਾ ਬਕਾਲਾ ਦੇ ਸਿਆਸੀ ਲੀਡਰਾਂ ਦੀ ਸਿੱਧੀ ਦਖਲਅੰਦਾਜ਼ੀ ਹੁੰਦੀ ਰਹੀ ਹੈ। ਭਵਿੱਖ ਵਿਚ ਵੀ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਕ ਗੱਲ ਹੋਰ ਇੰਨ੍ਹਾਂ ਹਲਕਿਆਂ ਦੇ ਲਗਭਗ ਸਾਰੇ ਸਿਆਸੀ ਲੀਡਰ ਸਿਆਸਤ ਦੇ ਪੁਰਾਣੇ ਧੁਰੰਤਰ ਹਨ, ਜਿੰਨ੍ਹਾ ਦੀ ਆਪਣੀ-ਆਪਣੀ ਪਾਰਟੀ ਵਿਚ ਪੂਰੀ ਤੂਤੀ ਬੋਲਦੀ ਹੈ। ਇਸ ਲਈ ਹਰੇਕ ਲੀਡਰ ਨੂੰ ਸੈਟਿਸਫਾਇਡ ਕਰਨਾ ਨਵੇਂ ਪੁਲਸ ਮੁਖੀ ਕੌਸ਼ਲ ਅੱਗੇ ਛੋਟੀ ਚੁਣੌਤੀ ਨਹੀਂ ਹੋਵੇਗੀ।

ਨਾਜ਼ਾਇਜ਼ ਨਸ਼ਿਆਂ ਦੀ ਵਿਕਰੀ : 
ਐੱਸ.ਐੱਸ.ਪੀ. ਸਾਹਿਬ! ਇਸ ਦਿਹਾਤੀ ਖੇਤਰ ਅਧੀਨ ਆਉਂਦੇ ਪਿੰਡਾਂ ਤੇ ਕਸਬਿਆਂ ਵਿਚ ਨਸ਼ਿਆਂ ਦੀ ਨਾਜਾਇਜ਼ ਵਿਕਰੀ ਤੁਹਾਡੇ ਲਈ ਇਕ ਵੱਡੀ ਚੁਣੌਤੀ ਹੈ। ਸੂਤਰਾਂ ਮੁਤਾਬਕ ਇਸ ਵੇਲੇ ਨਾਜਾਇਜ਼ ਸ਼ਰਾਬ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ ਨਸ਼ੇ ਆਮ ਵਿਕ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਜਿਹੇ ਨਸ਼ੇ ਵੇਚਣ ਵਾਲਿਆਂ ਨੂੰ ਜਿਥੇ ਕੁਝ ਕੁ ਰਾਜਨੀਤਕ ਤਾਕਤਾਂ ਦਾ ਸਮਰਥਨ ਪ੍ਰਾਪਤ ਹੈ, ਉਥੇ ਕਈਆਂ ਨੂੰ ਪੁਲਸ ਵਿਭਾਗ ਦੇ ਕਈ ਲਾਲਚੀ ਕਿਸਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਾਥ ਮਿਲਦਾ ਰਹਿੰਦਾ ਹੈ, ਜਿਸ ਕਰ ਕੇ ਈਮਾਨਦਾਰ ਪੁਲਸ ਕਰਮਚਾਰੀ ਆਪਣਾ ਫਰਜ਼ ਨਿਭਾਉਣ ਤੋਂ ਖੁੰਝ ਜਾਂਦੇ ਹਨ।

ਚੋਰਾਂ ਤੇ ਲੁਟੇਰਿਆਂ ਦਾ ਕਹਿਰ ਜਾਰੀ : 
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿਚ ਪੁਲਸ ਦਾ ਰਾਜ ਨਹੀਂ ਸੀ ਸਗੋਂ ਚੋਰਾਂ ਤੇ ਲੁਟੇਰਿਆਂ ਦਾ ਰਾਜ ਹੈ। ਚੋਰ ਲੋਕਾਂ ਦੇ ਘਰਾਂ ਦੁਕਾਨਾ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਚੋਰੀ ਕਰ ਕੇ ਲੈ ਜਾਂਦੇ ਹਨ। ਲੁਟੇਰੇ ਦਿਨ ਦਿਹਾੜੇ ਰਾਹੀਗਾਰਾਂ ਨੂੰ ਆਪਣੇ ਨੋਕੀਲੇ ਹਥਿਆਰਾਂ ਨਾਲ ਬੰਦੀ ਬਣਾ ਕੇ ਉਨ੍ਹਾਂ ਨੂੰ ਲੁੱਟਦੇ ਹਨ ਅਤੇ ਕਈਆਂ ਨੂੰ ਚੰਦ ਪੈਸਿਆਂ ਦੇ ਖਾਤਿਰ ਮੌਤ ਦੇ ਘਾਟ ਵੀ ਉੱਤਾਰ ਵੀ ਦਿੱਤਾ ਜਾਂਦਾ ਹੈ। ਹੁਣ ਇਹ ਦੇਖਣਾ ਹੋਵੇਗਾ ਕੀ ਨਵੇਂ ਪੁਲਸ ਮੁਖੀ ਕੌਸ਼ਲ ਵਲੋਂ ਚੋਰਾਂ ਤੇ ਲੁਟੇਰਿਆਂ ਦਾ ਲੋਕ ਮਨਾਂ ਵਿਚ ਪਾਇਆ ਜਾਂਦਾ ਡਰ ਤੇ ਸਹਿਮ ਥੰਮਦਾ ਹੈ ਜਾਂ ਫਿਰ ਇਸੇ ਤਰ੍ਹਾਂ ਲੁਟੇਰੇ ਤੇ ਚੋਰ ਆਪਣਾ ਕਹਿਰ ਜਾਰੀ ਰੱਖਦੇ ਹੋਏ ਲੁੱਟਦੇ ਰਹਿਣਗੇ।

ਪੁਲਸ ਦੀ ਗਸ਼ਤ ਨਾ ਮਾਤਰ : 
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿਚ ਜਿੰਨੇ ਵੀ ਥਾਣੇ ਆਉਂਦੇ ਹਨ, ਉਨ੍ਹਾਂ ਅਧੀਨ ਇਲਾਕਿਆਂ ਵਿਚ ਇਕ ਤਾਂ ਪੁਲਸ ਦੀ ਗਸ਼ਤ ਨਾ ਮਾਤਰ ਹੈ। ਦੂਜੇ ਪੁਲਸ ਮਹਿਕਮੇ ਵਲੋਂ ਬਣਾਏ ਗਏ ਨਾਕਿਆਂ ’ਤੇ ਵੀ ਪੁਲਸ ਕਰਮਚਾਰੀ ਤਾਇਨਾਤ ਨਾ ਕੀਤੇ ਜਾਣ ਕਰਕੇ ਲੁੱਟਾਂ-ਖੋਹਾਂ ਹੋਣੀਆਂ ਆਮ ਜਿਹੀ ਗੱਲ ਹੈ, ਜਿਸ ਕਰਕੇ ਪੁਲਸ ਮੁਖੀ ਨੂੰ ਇਸ ਪਾਸੇ ਵੀ ਵਿਸ਼ੇਸ਼ ਧਿਆਨ ਦਿੰਦੇ ਹੋਏ ਲੋਕ ਮਨਾਂ ਵਿਚ ਆਪਣੀ ਪੈਂਠ ਬਣਾਉਣੀ ਪਵੇਗੀ ਤਾਂ ਜੋ ਲੋਕਾਂ ਦਾ ਪੁਲਸ ’ਤੇ ਵਿਸ਼ਵਾਸ ਬਣਿਆ ਰਹੇ।

17 ਥਾਣਿਆਂ ਤੇ 31 ਪੁਲਸ ਚੌਕੀਆਂ ਵੀ ਨਹੀਂ ਰੋਕ ਪਾਏ ਕਰਾਈਮ ਨੂੰ : 
ਉਕਤ ਜ਼ਿਲ੍ਹੇ ਵਿਚ ਦਿਨੋਂ-ਦਿਨ ਪਨਪਦੇ ਜਾ ਰਹੇ ਕਰਾਈਮ ਨੂੰ ਜੜ੍ਹੋ ਖ਼ਤਮ ਕਰਨ ਦਾ ਮੁੱਢਲਾ ਫਰਜ਼ ਨਿਭਾਉਣ ਦੇ ਦਾਅਵੇ ਤਾਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਲੱਖ ਕਰਦੀ ਹੈ। ਇਸ ਦਿਹਾਤੀ ਜ਼ਿਲ੍ਹੇ ਵਿਚ ਪੈਂਦੇ 17 ਥਾਣਿਆਂ ਅਤੇ 31 ਪੁਲਸ ਚੌਕੀਆਂ ਵਿਚ ਤਾਇਨਾਤ ਪੰਜਾਬ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਗਿਣਤੀ ਸੈਂਕੜਿਆਂ ਦੇ ਹਿਸਾਬ ਨਾਲ ਹੋਣ ਦੇ ਬਾਵਜੂਦ ਛੋਟੀਆਂ-ਮੋਟੀਆਂ ਹੁੰਦੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅਜੈ ਤੱਕ ਠੱਲ੍ਹ ਨਹੀਂ ਪਾਈ ਜਾਣੀ ਜਿਥੇ ਪੁਲਸ ਵਿਭਾਗ ਲਈ ਬਹੁਤ ਸ਼ਰਮ ਵਾਲੀ ਗੱਲ ਹੈ। ਇਸ ਵਿਸ਼ੇਸ਼ ’ਤੇ ਅਹਿਮ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੀ ਨਵੇਂ ਐੱਸ.ਐੱਸ.ਪੀ ਰਾਕੇਸ਼ ਕੌਸ਼ਲ ਦਿਹਾਤੀ ਖੇਤਰ ਵਿਚ ਵਧਦੇ ਕਰਾਈਮ ਨੂੰ ਰੋਕਣ ਲਈ ਕੋਈ ਨਵੀਂ ਯੁਕਤ ਲੜਾਉਣਗੇ, ਇਹ ਤਾਂ ਹੁਣ ਐੱਸ.ਐੱਸ.ਪੀ ’ਤੇ ਡਿਪੈਂਡ ਕਰਦਾ ਹੈ ਕਿ ਉਨ੍ਹਾਂ ਨੇ ਕਰਾਈਮ ਨੂੰ ਕਿਵੇਂ ਖਤਮ ਕਰਕੇ ਲੋਕਾਂ ਨੂੰ ਡਰ ਮੁਕਤ ਮਾਹੌਲ ਦੇਣਾ ਹੈ।


rajwinder kaur

Content Editor

Related News