ਗੁਰੂ ਨਗਰੀ ’ਚ ਇਕ ਪਰਿਵਾਰ ’ਤੇ ਬਰਸਾਤ ਬਣੀ ਆਫ਼ਤ, ਘਰ ਦੀ ਕੱਚੀ ਛੱਤ ਡਿੱਗਣ ਕਾਰਨ 3 ਜ਼ਖ਼ਮੀ

07/21/2021 11:38:50 AM

ਅੰਮ੍ਰਿਤਸਰ (ਰਮਨ) - ਗੁਰੂ ਨਗਰੀ ’ਚ ਬੀਤੇ ਦਿਨ ਤੋਂ ਲਗਾਤਾਰ ਹੋਰ ਰਹੀ ਬਾਰਸ਼ ਕਾਰਨ ਸ਼ਹਿਰ ਦੇ ਡੀ-ਡਵੀਜ਼ਨ ਥਾਣੇ ਅਧੀਨ ਪੈਂਦੇ ਕਿਲਾ ਭੰਗੀਆ 'ਚ 3 ਮੰਜ਼ਿਲਾ ਮਕਾਨ ਢਹਿ ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਪਰਿਵਾਰ ਦੇ ਚਾਰ ਮੈਂਬਰ ਮਲਬੇ ਹੇਠਾਂ ਦੱਬੇ ਗਏ। ਇਸ ਘਟਨਾ ਦੀ ਸੂਚਨਾ ਆਲੇ-ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਨੂੰ ਦਿੱਤੀ, ਜਿਨ੍ਹਾਂ ਨੇ ਲਗਪਗ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਕੱਢ ਲਿਆ। ਜ਼ਖ਼ਮੀ ਲੋਕਾਂ ਦੀ ਪਛਾਣ ਬਿੱਲਾ, ਮੋਨੂ, ਭਾਵਨਾ ਤੇ ਮੰਨਤ ਵਜੋਂ ਹੋਈ ਹੈ। ਉਕਤ ਚਾਰਾਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 

ਇਸੇ ਤਰ੍ਹਾਂ ਗੁਰੂ ਨਗਰੀ ’ਚ ਇਕ ਹੋਰ ਪਰਿਵਾਰ ’ਤੇ ਬਰਸਾਤ ਆਫਤ ਬਣ ਕੇ ਵਰ੍ਹੀ, ਜਿਸ ’ਚ ਪਰਿਵਾਰ ਦੇ ਤਿੰਨ ਮੈਂਬਰ ਦੱਬ ਕੇ ਜ਼ਖਮੀ ਹੋ ਗਏ। ਮੂਲੇਚੱਕ ਸਥਿਤ ਭਾਈ ਵੀਰ ਸਿੰਘ ਕਾਲੋਨੀ ’ਚ ਰਹਿਣ ਵਾਲੇ ਸ਼ਮਸ਼ੇਰ ਸਿੰਘ ਸਵੇਰੇ ਘਰ ਤੋਂ ਕੰਮ ਲਈ ਗਿਆ ਸੀ ਕਿ 12 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦੀ ਕੱਚੀ ਛੱਤ ਡਿੱਗ ਗਈ, ਜਿਸ ’ਚ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਅਤੇ ਦੋ ਧੀਆਂ ਜੀਤੂ , ਕੋਮਲ ਦੱਬ ਗਈਆਂ। ਉਸ ਸਮੇਂ ਬੇਟਾ ਆਕਾਸ਼ਦੀਪ ਵੀ ਘਰ ’ਤੇ ਮੌਜੂਦ ਸੀ ਪਰ ਉਹ ਵਾਲ-ਵਾਲ ਬਚ ਗਿਆ।

ਜਿਵੇਂ ਹੀ ਘਰ ਦੀ ਛੱਤ ਡਿੱਗੀ ਤਾਂ ਆਂਢ-ਗੁਆਂਢ ਦੇ ਲੋਕ ਇਕੱਠਾ ਹੋ ਗਏ ਅਤੇ ਮਿੱਟੀ ਦੇ ਮਲਬੇ ’ਚ ਦੱਬੇ ਪਰਿਵਾਰ ਨੂੰ ਕੱਢਿਆ ਅਤੇ ਗੁਰੂ ਨਾਨਕ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ। ਮਾਂ ਸਮੇਤ ਦੋਵੇਂ ਬੇਟੀਆਂ ਨੂੰ ਸੱਟਾਂ ਲੱਗੀਆਂ ਹਨ। ਗੁਆਂਢੀਆਂ ਨੇ ਦੱਸਿਆ ਕਿ ਸਵੇਰੇ ਤੋਂ ਹੀ ਮੀਂਹ ਪੈ ਰਿਹਾ ਸੀ ਜਦੋਂ ਉਨ੍ਹਾਂ ਨੂੰ ਕੁਝ ਡਿੱਗਣ ਦੀ ਆਵਾਜ਼ ਆਈ ਤਾਂ ਵੇਖਿਆ ਦੀ ਸ਼ਮਸ਼ੇਰ ਦੇ ਘਰ ਦੀ ਛੱਤ ਡਿੱਗ ਗਈ ਸੀ, ਜਿਸ ਨਾਲ ਸਾਰੇ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ।

ਸ਼ਹਿਰ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਲੋਕਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਪਰ ਅਜੇ ਵੀ ਲੋਕ ਇਸ ਸਕੀਮ ਤੋਂ ਵਾਂਝੇ ਹਨ। ਹਰ ਸਾਲ ਅਜਿਹੇ ਹਾਦਸੇ ਹੁੰਦੇ ਹਨ ਅਤੇ ਕਈਆਂ ਦੀ ਜਾਨ ਜਾਂਦੀ ਹੈ ਪਰ ਇਸ ਨਾਲ ਸਬੰਧਤ ਵਿਭਾਗ ਕੁੰਭਕਰਨੀ ਨੀਂਦ ਸੋ ਰਿਹਾ ਹੈ। ਖਸਤਾ ਹਾਲਤ ਇਮਾਰਤਾਂ ਨੂੰ ਲੈ ਕੇ ਜਗ ਬਾਣੀ ਵਲੋਂ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਪਰ ਨਗਰ ਨਿਗਮ ਦਾ ਐੱਮ. ਟੀ. ਪੀ. ਵਿਭਾਗ ਅਜੇ ਤੱਕ ਸਰਵੇ ’ਚ ਹੀ ਲਗਾ ਹੋਇਆ ਹੈ ।


rajwinder kaur

Content Editor

Related News