ਪ੍ਰਾਈਵੇਟ ਸਕੂਲ ਸਿੱਖਿਆ ਮਾਫੀਆ ਦੀ ਲੁੱਟ ਖਿਲਾਫ ਸ਼ਵੇਤ ਮਲਿਕ ਵਲੋਂ ਸੰਸਦ ''ਚ ਜ਼ੋਰਦਾਰ ਵਿਰੋਧ
Saturday, Jul 27, 2019 - 12:01 PM (IST)

ਅੰਮ੍ਰਿਤਸਰ (ਕਮਲ) : ਭਾਜਪਾ ਦੇ ਸੂਬਾ ਪ੍ਰਧਾਨ ਅਤੇ ਐੱਮ. ਪੀ. ਇੰਜੀ. ਸ਼ਵੇਤ ਮਲਿਕ ਨੇ ਅੱਜ ਆਮ ਜਨਤਾ ਨੂੰ ਦਰਪੇਸ਼ ਵੱਡੀ ਮੁਸ਼ਕਿਲ ਪੰਜਾਬ 'ਚ ਬੱਚਿਆਂ ਦੇ ਮਾਪਿਆਂ ਦੀ ਜੇਬ 'ਤੇ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜ਼ੀ ਦੀ ਵਸੂਲੀ ਜਾਣ ਵਾਲੀ ਭਾਰੀ ਫੀਸ ਖਿਲਾਫ ਸੰਸਦ 'ਚ ਜ਼ੋਰਦਾਰ ਵਿਰੋਧ ਕੀਤਾ। ਮਲਿਕ ਨੇ ਕਿਹਾ ਕਿ ਸਕੂਲ ਸਿੱਖਿਆ ਦਾ ਮੰਦਰ ਹੈ, ਜਿਸ ਨੂੰ ਕੁਝ ਪ੍ਰਾਈਵੇਟ ਸਕੂਲਾਂ ਵੱਲੋਂ ਭਾਰੀ ਰਕਮ ਵਸੂਲਣ ਦਾ ਪੇਸ਼ਾ ਬਣਾ ਲਿਆ ਗਿਆ ਹੈ, ਜੋ ਡੋਨੇਸ਼ਨ, ਬਿਲਡਿੰਗ ਫੀਸ, ਟਰਾਂਸਪੋਰਟ, ਸਕੂਲ ਯੂਨੀਫਾਰਮ, ਲਾਇਬ੍ਰੇਰੀ ਅਤੇ ਲੈਬਾਰਟਰੀ ਫੀਸ, ਟੂਰ, ਪ੍ਰਾਜੈਕਟਸ, ਸਪੋਰਟਸ ਫੀਸ ਰਾਹੀਂ ਬੱਚਿਆਂ ਦੇ ਮਾਪਿਆਂ ਤੋਂ ਭਾਰੀ ਰਕਮ ਵਸੂਲ ਰਹੇ ਹਨ। ਉਨ੍ਹਾਂ ਕਿਹਾ ਕਿ ਮਾਪੇ ਸੀਮਤ ਕਮਾਈ ਦੇ ਬਾਵਜੂਦ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਦਾ ਸੁਪਨਾ ਦੇਖਦੇ ਹਨ, ਜਿਸ 'ਤੇ ਭਾਰੀ ਫੀਸ ਡਕਾਰਨ ਵਾਲੇ ਇਹ ਸਕੂਲ ਗ੍ਰਹਿਣ ਲਾ ਦਿੰਦੇ ਹਨ। ਬੱਚਿਆਂ ਦੀ ਸਿੱਖਿਆ ਲਈ ਆਪਣਾ ਢਿੱਡ ਕੱਟ ਕੇ ਮਾਂ-ਬਾਪ ਭਾਰੀ ਫੀਸ ਦਿੰਦੇ ਹਨ ਅਤੇ ਸਟੇਟਸ ਸਿੰਬਲ ਕਾਰਨ ਮੂੰਹ ਨਹੀਂ ਖੋਲ੍ਹਦੇ। ਪ੍ਰਾਈਵੇਟ ਸਕੂਲਾਂ ਦੀ ਜਮ੍ਹਾ-ਪੂੰਜੀ 'ਚ ਇੰਨਾ ਵਾਧਾ ਹੁੰਦਾ ਜਾ ਰਿਹਾ ਹੈ ਕਿ ਅੱਜ ਵੱਡੇ ਉਦਯੋਗਪਤੀ ਸਕੂਲੀ ਪੇਸ਼ੇ ਨਾਲ ਜੁੜਦੇ ਜਾ ਰਹੇ ਹਨ।
ਮਲਿਕ ਨੇ ਵਿੱਤ ਮੰਤਰੀ ਤੋਂ ਵੀ ਮੰਗ ਕੀਤੀ ਕਿ ਜੋ ਥੋੜ੍ਹੇ ਸਮੇਂ 'ਚ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਕਮਾਈ 'ਚ ਭਾਰੀ ਵਾਧਾ ਹੁੰਦਾ ਹੈ, ਉਸ ਵਿਚ ਟੈਕਸ ਚੋਰੀ ਦੀ ਵੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੇਰੈਂਟਸ ਐਸੋਸੀਏਸ਼ਨ ਜਦੋਂ ਇਨ੍ਹਾਂ ਸਕੂਲਾਂ ਖਿਲਾਫ ਆਵਾਜ਼ ਚੁੱਕਦੀਆਂ ਹਨ ਤਾਂ ਇਹ ਪ੍ਰਾਈਵੇਟ ਸਕੂਲ ਮੈਨੇਜਮੈਂਟ ਬੱਚਿਆਂ 'ਤੇ ਜ਼ੁਲਮ ਕਰਦੀ ਹੈ ਤੇ ਬੱਚਿਆਂ ਨੂੰ ਸਕੂਲ 'ਚੋਂ ਕੱਢਣ ਤੱਕ ਦੀ ਧਮਕੀ ਦਿੰਦੀ ਹੈ। ਪੰਜਾਬ 'ਚ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਮਨਮਾਨੀ 'ਤੇ ਮੂਕ ਦਰਸ਼ਕ ਬਣੇ ਬੈਠੇ ਹਨ।
ਮਲਿਕ ਨੇ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਰੋਕਣ ਲਈ ਸਰਕਾਰ ਤੋਂ ਮੰਗ ਕੀਤੀ ਕਿ ਜਾਂਚ ਲਈ ਇਕ ਸੰਸਦੀ ਕਮੇਟੀ ਪੰਜਾਬ ਭੇਜੀ ਜਾਵੇ ਅਤੇ ਇਕ ਨਵੀਂ ਸਿੱਖਿਆ ਪਾਲਿਸੀ ਰਾਹੀਂ ਪ੍ਰਾਈਵੇਟ ਸਕੂਲਾਂ ਦੀ ਲੁੱਟ 'ਤੇ ਰੋਕ ਲਾਈ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਮਨਮਾਨੀ 'ਤੇ ਨਜ਼ਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਟੀਮ ਨਿਰਧਾਰਤ ਹੈ ਪਰ ਰਾਖੇ ਹੀ ਜੇਕਰ ਹਿੱਸੇਦਾਰ ਬਣ ਜਾਣ ਤਾਂ ਨਿੱਜੀ ਸਕੂਲ ਬੇਲਗਾਮ ਹੋ ਕੇ ਕਮਾਈ ਕਰਨਗੇ ਹੀ। ਇਕ ਪਾਸੇ ਅਦਾਰੇ ਮਨਮਾਨੀ ਫੀਸ ਵਸੂਲਣ 'ਤੇ ਬਜ਼ਿੱਦ ਹਨ, ਜਦਕਿ ਜ਼ਿੰਮੇਵਾਰ ਅਫਸਰ ਆਪਣੀਆਂ ਅੱਖਾਂ ਬੰਦ ਕਰ ਕੇ ਚੈਨ ਦੀ ਨੀਂਦ ਸੌਣ 'ਚ ਮਸਤ ਹਨ।