ਘੁਸਪੈਠੀਏ ਦੀ ਲਾਸ਼ ਲੈਣ ਲਈ ਪਾਕਿਸਤਾਨ ਨੇ ਪਹਿਲੀ ਵਾਰ ਕੀਤੀ ਹਾਂ

Friday, Oct 18, 2019 - 10:29 AM (IST)

ਘੁਸਪੈਠੀਏ ਦੀ ਲਾਸ਼ ਲੈਣ ਲਈ ਪਾਕਿਸਤਾਨ ਨੇ ਪਹਿਲੀ ਵਾਰ ਕੀਤੀ ਹਾਂ

ਅੰਮ੍ਰਿਤਸਰ (ਨੀਰਜ) : ਬਾਰਡਰ 'ਤੇ ਜਦੋਂ ਵੀ ਕੋਈ ਪਾਕਿਸਤਾਨੀ ਘੁਸਪੈਠੀਆ ਮਾਰਿਆ ਜਾਂਦਾ ਹੈ ਤਾਂ ਪਾਕਿ ਰੇਂਜਰਸ ਆਪਣੇ ਨਾਗਰਿਕ ਦੀ ਲਾਸ਼ ਨੂੰ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ। ਬੁੱਧਵਾਰ ਰਾਤ ਨੂੰ ਬੀ. ਐੱਸ. ਐੱਫ. ਦੀ ਗੋਲੀ ਨਾਲ ਮਾਰੇ ਜਾਣ ਵਾਲੇ ਘੁਸਪੈਠੀਏ ਦੇ ਮਾਮਲੇ 'ਚ ਪਾਕਿ ਰੇਂਜਰਸ ਨੇ ਪਹਿਲੀ ਵਾਰ ਲਾਸ਼ ਲੈਣ ਲਈ ਹਾਂ ਕੀਤੀ ਪਰ ਜੀ. ਆਰ. ਪੀ. ਅਟਾਰੀ ਰੇਲਵੇ ਸਟੇਸ਼ਨ ਦੀ ਪੁਲਸ ਲਾਸ਼ ਦਾ ਪੋਸਟਮਾਰਟਮ ਹੀ ਨਹੀਂ ਕਰਵਾ ਸਕੀ।

ਜਾਣਕਾਰੀ ਅਨੁਸਾਰ 19 ਸਾਲ ਦਾ ਪਾਕਿਸਤਾਨੀ ਨਾਗਰਿਕ ਗੁੱਲ ਫਰਾਜ਼ ਪਾਕਿਸਤਾਨ ਤੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਦੇ ਰੇਲਵੇ ਟ੍ਰੈਕ ਦੇ ਰਸਤੇ ਭਾਰਤੀ ਸਰਹੱਦ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਬੀ. ਐੱਸ. ਐੱਫ. ਦੀ ਗੋਲੀ ਨਾਲ ਮਾਰਿਆ ਗਿਆ। ਗੁੱਲ ਫਰਾਜ਼ ਨੂੰ ਰੁਕਣ ਦੀ ਵੀ ਚਿਤਾਵਨੀ ਦਿੱਤੀ ਗਈ ਸੀ ਪਰ ਉਹ ਨਹੀਂ ਰੁਕਿਆ, ਜਿਸ ਕਾਰਨ ਬੀ. ਐੱਸ. ਐੱਫ. ਨੂੰ ਗੋਲੀ ਚਲਾਉਣੀ ਪਈ। ਹਾਲਾਂਕਿ ਗੁੱਲ ਫਰਾਜ਼ ਕੋਲੋਂ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਹਥਿਆਰ ਮਿਲਿਆ ਤੇ ਨਾ ਹੀ ਹੈਰੋਇਨ ਜਾਂ ਹੋਰ ਇਤਰਾਜ਼ਯੋਗ ਚੀਜ਼ ਮਿਲੀ ਹੈ। ਉਸ ਦੀ ਮੌਤ ਤੋਂ ਬਾਅਦ ਇਹ ਰਾਜ਼ ਵੀ ਦਫਨ ਹੋ ਗਿਆ ਕਿ ਉਸ ਨੂੰ ਪਾਕਿਸਤਾਨ ਨੇ ਪ੍ਰਵੇਸ਼ ਲਈ ਭੇਜਿਆ ਸੀ ਜਾਂ ਫਿਰ ਕਿਸੇ ਹੋਰ ਕਾਰਣ ਭੇਜਿਆ ਸੀ।

ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਗੱਲ ਕਰੀਏ ਤਾਂ ਕਈ ਮਹੀਨਿਆਂ ਬਾਅਦ ਕਿਸੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਿਆ ਗਿਆ ਹੈ। ਬੀ. ਐੱਸ. ਐੱਫ. ਅਧਿਕਾਰੀਆਂ ਅਨੁਸਾਰ ਬਾਰਡਰ 'ਤੇ ਝੋਨੇ ਦੀ ਫਸਲ ਦੀ ਕਟਾਈ ਅਤੇ ਜੰਮੂ-ਕਸ਼ਮੀਰ ਤੇ ਪੰਜਾਬ ਵਿਚ ਅੱਤਵਾਦੀ ਹਮਲੇ ਹੋਣ ਦੇ ਅਲਰਟ ਕਾਰਣ ਚੱਪੇ-ਚੱਪੇ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ।

ਰੋੜਾਂਵਾਲਾ ਦੇ ਇਲਾਕੇ 'ਚ ਹੀ ਸਮਝੌਤਾ ਐਕਸਪ੍ਰੈੱਸ ਦੇ ਡਰਾਈਵਰ ਨੇ ਸੁੱਟੀ ਸੀ 3 ਕਿਲੋ ਹੈਰੋਇਨ
ਜਿਸ ਸਮਝੌਤਾ ਐਕਸਪ੍ਰੈੱਸ ਦੇ ਟ੍ਰੈਕ ਕੋਲ ਬੀ. ਐੱਸ. ਐੱਫ. ਨੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਿਆ ਹੈ, ਉਸੇ ਟ੍ਰੈਕ ਦੇ ਨਜ਼ਦੀਕ ਰੋੜਾਂਵਾਲਾ ਬੀ. ਓ. ਪੀ. ਦੇ ਰੇਲ ਟ੍ਰੈਕ 'ਤੇ ਪਾਕਿਸਤਾਨੀ ਸਮਝੌਤਾ ਐਕਸਪ੍ਰੈੱਸ ਦੇ ਡਰਾਈਵਰ ਨੇ 3 ਕਿਲੋ ਹੈਰੋਇਨ ਸੁੱਟੀ ਸੀ। ਕਸਟਮ ਵਿਭਾਗ ਅਤੇ ਹੋਰ ਏਜੰਸੀਆਂ ਨੂੰ ਪਾਕਿਸਤਾਨੀ ਸਮਝੌਤਾ ਦਾ ਡਰਾਈਵਰ ਵਾਂਟੇਡ ਹੈ ਪਰ ਇਸ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਕਾਰਣ ਸਮਝੌਤਾ ਐਕਸਪ੍ਰੈੱਸ ਦਾ ਆਉਣਾ-ਜਾਣਾ ਬੰਦ ਗਿਆ ਸੀ। ਘਟਨਾ ਦਾ ਰਹੱਸਮਈ ਪਹਿਲੂ ਇਹ ਰਿਹਾ ਸੀ ਕਿ ਪਾਕਿਸਤਾਨੀ ਡਰਾਈਵਰ ਨੇ ਭਾਰਤੀ ਸਰਹੱਦ 'ਚ ਆ ਕੇ ਅਟਾਰੀ ਰੇਲਵੇ ਸਟੇਸ਼ਨ ਤੋਂ ਵਾਪਸ ਪਾਕਿਸਤਾਨ ਜਾਂਦੇ ਸਮੇਂ ਰੋੜਾਂਵਾਲਾ ਦੇ ਨਜ਼ਦੀਕ ਹੈਰੋਇਨ ਦੀ ਖੇਪ ਸੁੱਟੀ ਸੀ ਕਿਉਂਕਿ ਇਸ ਖੇਤਰ 'ਚ ਹੁਣ ਤੱਕ ਲੋਹੇ ਦੀ ਗਰਿੱਲ ਨਹੀਂ ਲੱਗੀ।


author

Baljeet Kaur

Content Editor

Related News