ਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਨਾਲ ਅਣਪਛਾਤੇ ਨੌਜਵਾਨਾਂ ਵਲੋਂ ਛੇੜਛਾੜ

Friday, Feb 21, 2020 - 01:18 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਨਾਲ ਦੇਰ ਸ਼ਾਮ 3 ਅਣਪਛਾਤੇ ਨੌਜਵਾਨਾਂ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛੇੜਛਾੜ ਦਾ ਵਿਰੋਧ ਕਰਨ 'ਤੇ ਮੌਕੇ 'ਤੇ ਆਏ ਓਲਡ ਫਾਈਨਲ ਯੀਅਰ ਦੇ ਵਿਦਿਆਰਥੀ ਨੂੰ ਉਕਤ ਲੜਕਿਆਂ ਨੇ ਰਿਵਾਲਵਰ ਦਿਖਾ ਕੇ ਜਿਥੇ ਧਮਕੀ ਦਿੱਤੀ, ਉਥੇ ਉਕਤ ਵਿਦਿਆਰਥੀ ਦੇ ਸਿਰ 'ਤੇ ਰਾਡ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਕਾਲਜ ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਮੈਡੀਕਲ ਕਾਲਜ ਵਿਚ ਸਥਿਤ ਲਾਇਬ੍ਰੇਰੀ ਤੋਂ ਪੜ੍ਹ ਕੇ 3 ਵਿਦਿਆਰਥਣਾਂ ਆਪਣੇ ਹੋਸਟਲ ਨੂੰ ਦੇਰ ਸ਼ਾਮ ਜਾ ਰਹੀਆਂ ਸਨ। ਇਸ ਦੌਰਾਨ ਉਹ ਲਾਇਬ੍ਰੇਰੀ ਤੋਂ ਕੁਝ ਹੀ ਦੂਰੀ 'ਤੇ ਸਨ ਕਿ ਤੇਜ਼ ਰਫਤਾਰ ਆਈ-20 ਕਾਰ ਸਵਾਰ 3 ਲੜਕੇ ਉਨ੍ਹਾਂ ਕੋਲ ਆਏੇ ਅਤੇ ਰੌਲਾ ਪਾਉਣ ਲੱਗੇ। ਲੜਕਿਆਂ ਨੇ ਵਿਦਿਆਰਥਣਾਂ ਨਾਲ ਛੇੜਛਾੜ ਕੀਤੀ, ਹੈਰਾਨੀਜਨਕ ਕੁਮੈਂਟ ਵੀ ਕੀਤੇ। ਵਿਦਿਆਰਥਣਾਂ ਨੇ ਵਿਰੋਧ ਕਰਦਿਆਂ ਰੌਲਾ ਪਾਇਆ। ਰੌਲਾ ਸੁਣ ਕੇ ਲਾਇਬ੍ਰੇਰੀ 'ਚ ਪੜ੍ਹ ਰਿਹਾ ਓਲਡ ਫਾਈਨਲ ਯੀਅਰ ਦਾ ਵਿਦਿਆਰਥੀ ਮਨਮੋਹਨ ਸਿੰਘ ਉਥੇ ਪਹੁੰਚਿਆ। ਉਸ ਨੇ ਇਨ੍ਹਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ 'ਤੇ ਇਕ ਨੌਜਵਾਨ ਨੇ ਕਾਰ 'ਚ ਰੱਖੀ ਪਿਸਟਲ ਕੱਢੀ ਅਤੇ ਮਨਮੋਹਨ ਸਿੰਘ ਦੀ ਕੰਨਪਟੀ 'ਤੇ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਮਨਮੋਹਨ ਸਿੰਘ ਕੁਝ ਬੋਲਦਾ, ਦੂਜੇ ਨੌਜਵਾਨ ਨੇ ਉਸ ਦੇ ਸਿਰ 'ਤੇ ਰਾਡ ਦੇ ਮਾਰ ਦਿੱਤੀ। ਘਟਨਾ ਦੌਰਾਨ ਮਨਮੋਹਨ ਸਿੰਘ ਨੇ ਟੋਪੀ ਪਾ ਰੱਖੀ ਸੀ, ਇਸ ਲਈ ਰਾਡ ਨਾਲ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਇਸ ਦੌਰਾਨ ਮੈਡੀਕਲ ਕਾਲਜ ਦੇ ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀ ਵੀ ਉਥੇ ਪਹੁੰਚ ਗਏ। ਵਿਦਿਆਰਥੀਆਂ ਨੂੰ ਦੇਖ ਕੇ ਨੌਜਵਾਨ ਕਾਰ 'ਚ ਸਵਾਰ ਹੋ ਕੇ ਉਥੋਂ ਭੱਜ ਗਏ। ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੇ ਕਿਹਾ ਕਿ ਮੈਂ ਸੁਰੱਖਿਆ ਏਜੰਸੀ ਦੇ ਕਮਾਂਡਰ ਨੂੰ ਲਿਖ ਰਹੀ ਹਾਂ ਕਿ ਜਾਂ ਤਾਂ ਇਨ੍ਹਾਂ ਦੀ ਕਾਰਜਪ੍ਰਣਾਲੀ 'ਚ ਸੁਧਾਰ ਲਿਆਵੇ ਜਾਂ ਫਿਰ ਏਜੰਸੀ ਦਾ ਕੰਟਰੈਕਟ ਖਤਮ ਕਰ ਦਿੱਤਾ ਜਾਵੇ। ਅਸੀਂ ਕਾਲਜ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹਾਂ। ਇਸ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਮੰਨਣਯੋਗ ਨਹੀਂ ਹੋਵੇਗੀ।


Baljeet Kaur

Content Editor

Related News