ਪ੍ਰੇਮ ਸਬੰਧਾਂ ''ਚ ਰੁਕਾਵਟ ਬਣੇ ਪਿਉ ਦੀ ਬਜਾਏ ਚਾਚੇ ਦੀ ਕਰ ਦਿੱਤੀ ਸੀ ਹੱਤਿਆ

Thursday, Sep 12, 2019 - 10:37 AM (IST)

ਅੰਮ੍ਰਿਤਸਰ (ਮਹਿੰਦਰ) : ਇਕ ਰੌਂਗ ਕਾਲ ਨੇ ਇਕ ਲੜਕੀ ਨੂੰ ਨੌਜਵਾਨ ਦੇ ਇਸ ਤਰ੍ਹਾਂ ਕਰੀਬ ਲਿਆ ਦਿੱਤਾ ਕਿ ਦੋਵਾਂ ਵਿਚ ਸ਼ੁਰੂ ਹੋਇਆ ਪ੍ਰੇਮ ਪਿਆਰ ਹੱਤਿਆ ਵਾਲੇ ਪਾਸੇ ਜਾ ਪੁੱਜਾ। ਪ੍ਰੇਮ ਵਿਆਹ 'ਚ ਅੜਚਨ ਬਣੇ ਜਾਤੀ ਬੰਧਨ ਨੂੰ ਖਤਮ ਕਰਵਾਉਣ ਲਈ ਪ੍ਰੇਮਿਕਾ ਨੇ ਖੁਦ ਆਪਣੇ ਪ੍ਰੇਮੀ ਨੂੰ ਹੱਤਿਆ ਕਰਨ ਦੀ ਪੇਸ਼ਕਸ਼ ਕਰ ਦਿੱਤੀ। ਇਸ ਤੋਂ ਬਾਅਦ ਉਕਤ ਨਾਬਾਲਗ ਕੁਝ ਹੋਰ ਦੋਸਤਾਂ ਦੀ ਮਦਦ ਨਾਲ ਪ੍ਰੇਮਿਕਾ ਦੇ ਪਿਉ ਦੀ ਹੱਤਿਆ ਦੀ ਕੋਸ਼ਿਸ਼ 'ਚ ਗਲਤੀ ਨਾਲ ਉਸ ਦੇ ਚਾਚੇ ਦੀ ਹੱਤਿਆ ਕਰ ਬੈਠਾ। ਖੁਲਾਸਾ ਹੋਣ 'ਤੇ ਦਰਜ ਕੀਤੇ ਗਏ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਇਸ ਮਾਮਲੇ 'ਚ ਗ੍ਰਿਫਤਾਰ ਇਕ ਨਾਬਾਲਗ ਸਾਥੀ ਮੁਲਜ਼ਮ ਨੇ ਅਦਾਲਤ ਵਿਚ ਨਾ ਸਿਰਫ ਜੁਰਮ ਕਬੂਲ ਕੀਤਾ ਸਗੋਂ ਭਵਿੱਖ 'ਚ ਪੂਰੀ ਤਰ੍ਹਾਂ ਸੁਧਰਣ ਅਤੇ ਕੋਈ ਵੀ ਜੁਰਮ ਤੇ ਗੈਰ-ਕਾਨੂੰਨੀ ਕੰਮ ਨਾ ਕਰਨ ਦਾ ਵੀ ਵਾਅਦਾ ਕੀਤਾ।

ਪ੍ਰਿੰਸੀਪਲ ਆਫ ਜੁਵੇਨਾਈਲ ਜਸਟਿਸ ਬੋਰਡ ਦੀ ਅਦਾਲਤ 'ਚ ਜੱਜ ਅਪਰਾਜਿਤਾ ਜੋਸ਼ੀ ਵਲੋਂ ਸਿਰਫ ਨਾਬਾਲਗ ਸਾਥੀ ਮੁਲਜ਼ਮ ਖਿਲਾਫ ਮਾਮਲੇ ਦੀ ਸੁਣਵਾਈ
ਮੁਕੰਮਲ ਹੋਣ 'ਤੇ 8 ਵੱਖ-ਵੱਖ ਜੁਰਮਾਂ 'ਚ 4 ਤੋਂ 17 ਮਹੀਨਿਆਂ ਤੱਕ ਅਤੇ ਕੁਲ 6 ਹਜ਼ਾਰ ਰੁਪਏ ਦਾ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ। ਸਾਰੀ ਸਜ਼ਾ ਇਕੱਠੇ ਚਲਾਉਣ ਦੇ ਹੁਕਮ ਤਹਿਤ ਉਸ ਨੂੰ ਸਜ਼ਾ ਦੀ ਸਾਰੀ ਮਿਆਦ ਵਿਚ ਇਕ ਸਾਲ ਤੱਕ ਰੋਜ਼ਾਨਾ 3 ਘੰਟੇ ਸਿਵਲ ਹਸਪਤਾਲ ਨਕੋਦਰ 'ਚ ਦਾਖਲ ਮਰੀਜ਼ਾਂ ਦੀ ਸੇਵਾ ਅਤੇ ਦੇਖਭਾਲ ਕਰਨੀ ਪਵੇਗੀ, ਨਾਲ ਹੀ ਸਿਵਲ ਹਸਪਤਾਲ ਨਕੋਦਰ ਦੇ ਐੱਸ. ਐੱਮ. ਓ. ਨੂੰ ਸਜ਼ਾ ਪ੍ਰਾਪਤ ਸਾਥੀ ਮੁਲਜ਼ਮ 'ਤੇ ਰੋਜ਼ਾਨਾ ਨਿਗਰਾਨੀ ਰੱਖਣ ਦੇ ਨਾਲ ਹਰ ਮਹੀਨੇ ਜੁਵੇਨਾਈਲ ਜਸਟਿਸ ਬੋਰਡ ਨੂੰ ਇਸ ਸਬੰਧੀ ਮਹੀਨਾਵਾਰ ਰਿਪੋਰਟ ਵੀ ਪੇਸ਼ ਕਰਨੀ ਪਵੇਗੀ।

ਧਾਰਾ 302/323/324/325/326/452/148/149 ਅਤੇ 120-ਬੀ ਦੇ ਤਹਿਤ ਥਾਣਾ ਏ-ਡਵੀਜ਼ਨ 'ਚ 03-08-2015 ਨੂੰ ਦਰਜ ਕੀਤੇ ਗਏ ਮੁਕੱਦਮਾ ਨੰਬਰ 280/2015 ਅਨੁਸਾਰ ਪਿੰਡ ਖਾਨਕੋਟ ਦੇ ਬਾਹਰਵਾਰ ਸਥਿਤ ਨਿਰੰਕਾਰੀ ਭਵਨ 'ਚ ਤਾਇਨਾਤ ਸਕਿਓਰਿਟੀ ਗਾਰਡ ਬਗੀਚਾ ਸਿੰਘ ਦੀ ਕੁਝ ਅਣਪਛਾਤੇ ਹੱਤਿਆਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਸੀ, ਜਦੋਂ ਕਿ ਉਸ ਦੇ ਭਰਾ ਕਾਰਜ ਸਿੰਘ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ। ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਕਾਰਜ ਸਿੰਘ ਦੀ ਭਤੀਜੀ ਤੇ ਜ਼ਖਮੀ ਹੋਏ ਬਗੀਚਾ ਸਿੰਘ ਦੀ ਬੇਟੀ ਈਸਟ ਗੋਬਿੰਦ ਨਗਰ ਵਾਸੀ ਮਨਮੀਤ ਕੌਰ ਨੇ ਜੁਰਮ ਕਬੂਲ ਕਰਦਿਆਂ ਕਿਹਾ ਸੀ ਕਿ ਕਰੀਬ 8 ਸਾਲ ਪਹਿਲਾਂ ਇਕ ਰੌਂਗ ਕਾਲ ਜ਼ਰੀਏ ਉਸ ਦੀ ਨਕੋਦਰ ਵਾਸੀ ਰਾਕੇਸ਼ ਸੋਢੀ ਉਰਫ ਸੰਨੀ ਪੁੱਤਰ ਬਿਹਾਰੀ ਲਾਲ ਨਾਲ ਹੋਈ ਗੱਲਬਾਤ ਨਾਲ ਦੋਵਾਂ 'ਚ ਡੂੰਘੀ ਦੋਸਤੀ ਹੋ ਗਈ ਤੇ ਸਰੀਰਕ ਸਬੰਧ ਵੀ ਬਣ ਚੁੱਕੇ ਸਨ। ਉਸ ਦਾ ਪ੍ਰੇਮੀ ਅਕਸਰ ਰਾਤ ਸਮੇਂ ਉਸ ਨੂੰ ਮਿਲਣ ਆਉਂਦਾ ਸੀ।

ਦੋਵੇਂ ਆਪਸ 'ਚ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਜਾਤੀ ਬੰਧਨ ਕਾਰਨ ਪਿਤਾ ਸਹਿਮਤ ਨਹੀਂ ਸੀ। ਉਸ ਨੇ ਮਜਬੂਰ ਹੋ ਕੇ ਆਪਣੇ ਪ੍ਰੇਮੀ ਨੂੰ ਇਹ ਕਹਿ ਦਿੱਤਾ ਸੀ ਕਿ ਉਸ ਦੇ ਪਿਉ ਦੀ ਹੱਤਿਆ ਕਰਨ 'ਤੇ ਹੀ ਦੋਵਾਂ ਦਾ ਵਿਆਹ ਹੋ ਸਕਦਾ ਹੈ। ਪ੍ਰੇਮਿਕਾ ਦੇ ਕਹਿਣ 'ਤੇ ਪ੍ਰੇਮੀ ਰਾਕੇਸ਼ ਸੋਢੀ ਉਰਫ ਸੰਨੀ ਨੇ ਨਕੋਦਰ ਵਾਸੀ ਪ੍ਰਿਥਵੀ ਕਾਲੜਾ ਪੁੱਤਰ ਤਰੁਣ ਕੁਮਾਰ, ਰਵੀ ਉਰਫ ਗੱਪੂ ਪੁੱਤਰ ਸਵ. ਰਾਜ ਕੁਮਾਰ ਅਤੇ ਸਤੀਸ਼ ਕੁਮਾਰ ਉਰਫ ਸ਼ੈਂਕੀ ਪੁੱਤਰ ਪਵਨ ਕੁਮਾਰ ਨਾਲ ਮਿਲ ਕੇ 02-08-2015 ਦੀ ਦੇਰ ਰਾਤ 11-12 ਵਜੇ ਦੇ ਕਰੀਬ ਗਲਤੀ ਨਾਲ ਆਪਣੀ ਪ੍ਰੇਮਿਕਾ ਦੇ ਪਿਤਾ ਬਗੀਚਾ ਸਿੰਘ ਦੀ ਬਜਾਏ ਚਾਚਾ ਕਾਰਜ ਸਿੰਘ ਦੀ ਹੱਤਿਆ ਕਰ ਦਿੱਤੀ ਸੀ, ਜਦੋਂ ਕਿ ਪਿਤਾ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ।

ਵਾਰਦਾਤ ਤੋਂ ਪਹਿਲਾਂ ਮੰਗਿਆ ਸੀ ਕਮਰਾ
ਮੇਨ ਗੇਟ 'ਤੇ ਤਾਇਨਾਤ ਸਕਿਓਰਿਟੀ ਗਾਰਡ ਦੋਵਾਂ ਭਰਾਵਾਂ ਕਾਰਜ ਸਿੰਘ ਅਤੇ ਬਗੀਚਾ ਸਿੰਘ ਤੋਂ ਮੁਲਜ਼ਮ ਨਿਰੰਕਾਰੀ ਭਵਨ ਵਿਚ ਰਾਤ ਠਹਿਰਨ ਦੇ ਬਹਾਨੇ ਕਮਰਾ ਮੰਗ ਰਹੇ ਸਨ, ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਾਹਰ ਤੋਂ ਆਏ ਹਨ ਅਤੇ ਵੱਲਾ ਦੇ ਨਜ਼ਦੀਕ ਉਨ੍ਹਾਂ ਦੀ ਗੱਡੀ ਖ਼ਰਾਬ ਹੋ ਗਈ ਹੈ, ਜਿਸ 'ਤੇ ਕਾਰਜ ਸਿੰਘ ਨੇ ਨਿਰੰਕਾਰੀ ਭਵਨ ਦੇ ਕਰਮਚਾਰੀ ਅਨੁਰਾਗ ਸ਼ਰਮਾ ਨੂੰ ਦੱਸਿਆ ਤਾਂ ਰਾਤ ਹੋਣ ਕਾਰਨ ਭਵਨ 'ਚ ਰੱਖੇ ਗਏ ਕੁੱਤੇ ਨੂੰ ਨਾਲ ਲੈ ਕੇ ਮੇਨ ਗੇਟ 'ਤੇ ਪੁੱਜੇ ਅਤੇ ਬਾਹਰ ਖੜ੍ਹੇ 5-6 ਲੜਕਿਆਂ ਨੂੰ ਦੱਸਿਆ ਕਿ ਕਿਸੇ ਬਾਹਰੀ ਅਣਪਛਾਤੇ ਵਿਅਕਤੀ ਨੂੰ ਇਥੇ ਕਮਰਾ ਨਹੀਂ ਦਿੱਤਾ ਜਾ ਸਕਦਾ, ਜਿਸ 'ਤੇ ਸਾਰੇ ਉਥੋਂ ਚਲੇ ਗਏ ਪਰ 15-20 ਮਿੰਟਾਂ ਬਾਅਦ ਕਾਤਲ ਨਿਰੰਕਾਰੀ ਭਵਨ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਅਤੇ ਮੇਨ ਗੇਟ 'ਤੇ ਤਾਇਨਾਤ ਸਕਿਓਰਿਟੀ ਗਾਰਡ ਕਾਰਜ ਸਿੰਘ ਅਤੇ ਬਗੀਚਾ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਵਿਚ ਕਾਰਜ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਸੀ ਅਤੇ ਬਗੀਚਾ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ।

ਕਿਵੇਂ ਹੋਇਆ ਹੱਤਿਆਕਾਂਡ ਦਾ ਖੁਲਾਸਾ ਤੇ ਕਿਵੇਂ ਫੜੇ ਗਏ ਮੁਲਜ਼ਮ
ਵਾਰਦਾਤ ਦੇ ਕੁਝ ਘੰਟਿਆਂ ਬਾਅਦ ਹੀ ਜਦੋਂ ਬਗੀਚਾ ਸਿੰਘ ਦੀ ਬੇਟੀ ਮਨਮੀਤ ਕੌਰ ਨੂੰ ਇਹ ਪਤਾ ਲੱਗਾ ਕਿ ਉਸ ਦੇ ਪ੍ਰੇਮੀ ਰਾਕੇਸ਼ ਸੋਢੀ ਉਰਫ ਸੰਨੀ ਨੇ ਆਪਣੇ ਦੋਸਤਾਂ ਨਾਲ ਉਸ ਦੇ ਪਿਉ ਦੀ ਬਜਾਏ ਚਾਚਾ ਦੀ ਹੱਤਿਆ ਕਰ ਦਿੱਤੀ ਹੈ ਤਾਂ ਉਸ ਨੇ 8-8-2015 ਨੂੰ ਆਪਣੇ ਪ੍ਰੇਮੀ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਦੀ ਚਾਚੀ ਕੁਲਵਿੰਦਰ ਕੌਰ ਨਾਲ ਮਿਲ ਕੇ ਉਸ ਨੂੰ ਸਾਰੀ ਗੱਲ ਦੱਸ ਦਿੰਦੇ ਹਨ ਅਤੇ ਮਾਮਲੇ ਨੂੰ ਰਫਾ-ਦਫਾ ਕਰਵਾ ਦਿੰਦੇ ਹਨ। ਪ੍ਰੇਮਿਕਾ ਦੀਆਂ ਗੱਲਾਂ ਦਾ ਵਿਸ਼ਵਾਸ ਕਰ ਕੇ ਰਾਕੇਸ਼ ਸੋਢੀ ਆਪਣੇ ਨਾਬਾਲਗ ਦੋਸਤ ਪ੍ਰਿਥਵੀ ਕਾਲੜਾ ਅਤੇ ਪ੍ਰੇਮਿਕਾ ਮਨਮੀਤ ਕੌਰ ਨਾਲ ਉਸ ਦੀ ਚਾਚੀ ਕੁਲਵਿੰਦਰ ਕੌਰ ਨੂੰ ਮਿਲਿਆ ਵੀ ਸੀ ਪਰ ਹੱਤਿਆਕਾਂਡ ਦਾ ਸਾਰਾ ਖੁਲਾਸਾ ਹੋਣ 'ਤੇ ਪੁਲਸ ਨੇ ਮ੍ਰਿਤਕ ਕਾਰਜ ਸਿੰਘ ਦੀ ਸਕੀ ਭਤੀਜੀ ਮਨਮੀਤ ਕੌਰ ਦੇ ਨਾਲ ਹੋਰ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ।

ਵਾਰਦਾਤ ਦੇ ਸਮੇਂ ਸੀ ਨਾਬਾਲਗ, ਸਜ਼ਾ ਸਮੇਂ ਹੋ ਚੁੱਕਾ ਸੀ ਬਾਲਗ
ਇਸ ਮਾਮਲੇ 'ਚ ਵਿਸ਼ੇਸ਼ ਗੱਲ ਇਹ ਵੀ ਸੀ ਕਿ ਹੱਤਿਆਕਾਂਡ 'ਚ ਸ਼ਾਮਿਲ ਸਾਥੀ ਮੁਲਜ਼ਮ ਪ੍ਰਿਥਵੀ ਕਾਲੜਾ ਦੀ ਜਨਮ ਤਰੀਕ 07-08-1997 ਹੋਣ ਕਾਰਨ ਵਾਰਦਾਤ ਸਮੇਂ ਉਸ ਦੇ ਬਾਲਗ ਹੋਣ ਵਿਚ ਸਿਰਫ 5 ਦਿਨ ਬਾਕੀ ਸਨ। ਹਾਲਾਂਕਿ ਸਰੀਰਕ ਤੌਰ 'ਤੇ ਦੇਖਣ ਵਿਚ ਨਾਬਾਲਗ ਨਹੀਂ ਲੱਗਦਾ ਸੀ ਪਰ ਉਸ ਦੀ ਜਨਮ ਤਰੀਕ ਦੇ ਆਧਾਰ 'ਤੇ ਜੁਵੇਨਾਈਲ ਜਸਟਿਸ ਬੋਰਡ ਨੂੰ ਵਾਰਦਾਤ ਦੇ ਸਮੇਂ ਉਸ ਨੂੰ ਨਾਬਾਲਗ ਹੀ ਐਲਾਨ ਕਰਨਾ ਪਿਆ ਸੀ ਅਤੇ ਮਾਮਲੇ ਦੀ ਸੁਣਵਾਈ ਦੌਰਾਨ ਉਸ ਨੂੰ ਜੇਲ ਭੇਜਣ ਦੀ ਬਜਾਏ ਚਿਲਡਰਨ ਹੋਮ ਭੇਜ ਦਿੱਤਾ ਗਿਆ ਸੀ। ਮਾਮਲੇ ਦੀ ਸੁਣਵਾਈ ਅਤੇ ਅਦਾਲਤ ਵੱਲੋਂ ਫੈਸਲਾ ਸੁਣਾਉਣ ਦੇ ਸਮੇਂ ਵੀ ਸਾਥੀ ਮੁਲਜ਼ਮ ਪ੍ਰਿਥਵੀ ਕਾਲੜਾ ਬਾਲਗ ਹੋ ਚੁੱਕਾ ਸੀ ਪਰ ਵਾਰਦਾਤ ਦੇ ਸਮੇਂ ਉਸ ਦੇ ਨਾਬਾਲਗ ਹੋਣ ਕਰ ਕੇ ਉਹ ਸਖਤ ਸਜ਼ਾ ਤੋਂ ਬਚਣ 'ਚ ਕਾਮਯਾਬ ਹੋ ਗਿਆ।

ਹੋਰ ਸਾਰੇ ਬਾਲਗ ਕਾਤਲਾਂ ਖਿਲਾਫ ਚੱਲ ਰਿਹਾ ਹੈ ਵੱਖ ਤੋਂ ਮਾਮਲਾ
ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹੋਰ ਸਾਰੇ ਕਾਤਲਾਂ ਖਿਲਾਫ ਵੱਖ ਤੋਂ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਵੀ. ਕੇ. ਗੋਇਲ ਦੀ ਅਦਾਲਤ 'ਚ ਵੱਖ ਤੋਂ ਚੱਲ ਰਿਹਾ ਹੈ, ਜਿਸ 'ਤੇ ਅਦਾਲਤ ਵੱਲੋਂ 17 ਸਤੰਬਰ ਨੂੰ ਅਗਲੀ ਸੁਣਵਾਈ ਕੀਤੀ ਜਾਣੀ ਹੈ।


Baljeet Kaur

Content Editor

Related News