ਨੌਸ਼ਹਿਰਾ ਕਾਲੋਨੀ ''ਚ ਪੀਲੀਆ ਨੇ ਪੈਰ ਪਸਾਰੇ, 2 ਦਰਜਨ ਮਿਲੇ ਮਰੀਜ਼

01/19/2020 2:41:14 PM

ਅੰਮ੍ਰਿਤਸਰ (ਦਲਜੀਤ) : ਹਲਕਾ ਉੱਤਰੀ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਕਾਲੋਨੀ 'ਚ ਪੀਲੀਆ ਨੇ ਆਪਣੇ ਪੈਰ ਪਸਾਰ ਲਏ ਹਨ। ਕਾਲੋਨੀ 'ਚ ਦੋ ਦਰਜਨ ਦੇ ਕਰੀਬ ਲੋਕ ਪੀਲੀਆ ਨਾਲ ਪੀੜਤ ਪਾਏ ਗਏ ਹਨ। ਪੀੜਤ ਮਰੀਜ਼ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਹਨ। ਪੀਲੀਆ ਤੋਂ ਪੀੜਤ ਮਰੀਜ਼ਾਂ ਦੀ ਉਮਰ 25 ਤੋਂ 70 ਸਾਲ ਦੀ ਹੈ। ਸਿਹਤ ਵਿਭਾਗ ਵੱਲੋਂ ਇੰਨੇ ਵੱਡੇ ਪੱਧਰ 'ਤੇ ਪੀਲੀਆ ਦੇ ਕੇਸ ਸਾਹਮਣੇ ਆਉਣ ਉਪਰੰਤ ਅੱਜ ਉੱਚ ਅਧਿਕਾਰੀਆਂ ਦੀ ਦੇਖਰੇਖ 'ਚ ਕਾਲੋਨੀ ਦਾ ਦੌਰਾ ਕੀਤਾ ਅਤੇ ਕਾਲੋਨੀ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਲੋਰੀਨ ਦੀਆਂ ਗੋਲੀਆਂ ਵੰਡੀਆਂ।

ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੇ ਧਿਆਨ 'ਚ ਆਇਆ ਕਿ ਨੌਸ਼ਹਿਰਾ ਪਿੰਡ ਦੀ ਕਾਲੋਨੀ 'ਚ ਪੀਲੀਆ ਨੇ ਪੈਰ ਪਸਾਰੇ ਹਨ। ਵਿਭਾਗ ਦੀ ਟੀਮ ਨੇ ਜਦੋਂ ਕਾਲੋਨੀ ਦਾ ਦੌਰਾ ਕੀਤਾ ਤਾਂ ਪਾਇਆ ਗਿਆ ਕਿ 25 ਤੋਂ 70 ਸਾਲ ਦੀ ਉਮਰ ਦੇ ਕਈ ਮਰੀਜ਼ ਪੀਲੀਆ ਦੀ ਪਕੜ ਵਿਚ ਸਨ। ਵਿਭਾਗ ਦੇ ਏ. ਐੱਸ. ਆਈ. ਗੁਰਦੇਵ ਸਿੰਘ ਅਤੇ ਹੋਰ ਕਰਮਚਾਰੀਆਂ ਵੱਲੋਂ ਪਿੰਡ ਦਾ ਦੌਰਾ ਕਰ ਕੇ ਕਾਲੋਰੀਨ ਦੀਆਂ ਗੋਲੀਆਂ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੇ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਾਟਰ ਸਪਲਾਈ ਦਾ ਪਾਣੀ ਗੰਦਾ ਆਇਆ ਸੀ, ਜਿਸ ਦੀ ਵਰਤੋਂ ਕਰਨ ਉਪਰੰਤ ਉਹ ਬੀਮਾਰ ਹੋ ਗਏ। ਸਿਹਤ ਵਿਭਾਗ ਦੀ ਅਧਿਕਾਰੀ ਨਵਦੀਪ ਕੌਰ ਨੇ ਦੱਸਿਆ ਕਿ ਕਾਲੋਨੀ ਵਿਚ 1230 ਦੇ ਕਰੀਬ ਆਬਾਦੀ ਰਹਿ ਰਹੀ ਹੈ।

ਕਾਲੋਨੀ ਦੇ ਲੋਕਾਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਇਹ ਬੀਮਾਰੀ ਗੰਦਾ ਪਾਣੀ ਪੀਣ ਤੋਂ ਹੋਈ ਹੈ। ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕੀਤੀ ਗਈ ਹੈ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਪਾਣੀ ਨੂੰ ਉਬਾਲ ਕੇ ਪੀਣ ਅਤੇ ਪੀਣ ਵਾਲੀਆਂ ਪਾਣੀ ਦੀਆਂ ਟੈਕੀਆਂ ਦੀ ਸਮਰੱਥ ਸਫਾਈ ਕਰ ਕੇ ਰੱਖਣ। ਉਨ੍ਹਾਂ ਨੇ ਕਿਹਾ ਕਿ ਟੀਮ ਲਗਾਤਾਰ ਕਾਲੋਨੀ ਦਾ ਦੌਰਾ ਕਰ ਰਹੀ ਹੈ। ਇਸ ਦੇ ਇਲਾਵਾ ਨਾਲ ਹੀ ਸੱਤ ਲੋਕਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਲੈਬੋਰਟਰੀ ਭੇਜੇ ਹਨ। ਇਸ ਦੇ ਨਾਲ ਹੀ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ। ਵਿਭਾਗ ਨੇ ਅਪੀਲ ਕੀਤੀ ਕਿ ਲੋਕ ਪਾਣੀ ਉਬਾਲ ਕੇ ਪੀਣ।

ਦੂਸ਼ਿਤ ਪਾਣੀ ਨਾਲ ਫੈਲੀ ਬੀਮਾਰੀ
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਇਹ ਸਾਰੀ ਸਮੱਸਿਆ ਸੀਵਰੇਜ ਦੀਆਂ ਪਾਈਪਾਂ ਲੀਕ ਹੋਣ ਦੀ ਵਜ੍ਹਾ ਨਾਲ ਆਈ ਹੈ, ਜਿਸ ਨੂੰ ਦਰੁਸਤ ਕਰਵਾਉਣ ਲਈ ਪ੍ਰਬੰਧਕੀ ਅਧਿਕਾਰੀਆਂ ਨੂੰ ਪੱਤਰ ਲਿਖੇ ਗਏ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਟੀਮਾਂ ਹਾਲਾਤ 'ਤੇ ਨਜ਼ਰ ਰੱਖ ਰਹੀਆਂ ਹਨ।


Baljeet Kaur

Content Editor

Related News