ਕੌਮਾਂਤਰੀ ਨਗਰ ਕੀਰਤਨ ਉਦੇਪੁਰ ਤੋਂ ਕੋਟਾ ਲਈ ਰਵਾਨਾ

09/27/2019 4:03:52 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਅੰਦਰ ਉਤਸ਼ਾਹ ਲਗਾਤਾਰ ਜਾਰੀ ਹੈ। ਇਸੇ ਤਹਿਤ ਬੀਤੀ ਰਾਤ ਰਾਜਸਥਾਨ ਦੇ ਉਦੇਪੁਰ ਵਿਖੇ ਪਹੁੰਚਣ 'ਤੇ ਵੀ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਸੰਗਤਾਂ ਨੇ ਖਾਲਸਈ ਜੈਕਾਰਿਆਂ ਨਾਲ ਨਗਰ ਕੀਰਤਨ ਨੂੰ ਜੀ-ਆਇਆਂ ਕਿਹਾ। ਇਸ ਤੋਂ ਪਹਿਲਾਂ ਅਹਿਮਦਾਬਾਦ (ਗੁਜਰਾਤ) ਤੋਂ ਉਦੇਪੁਰ ਦੇ ਸਾਰੇ ਰਸਤੇ ਵੀ ਵੱਡੀ ਗਿਣਤੀ 'ਚ ਸੰਗਤ ਜੁੜੀਆਂ। ਸੰਗਤ ਵਲੋਂ ਥਾਂ-ਥਾਂ ਸਵਾਗਤੀ ਗੇਟ ਬਣਾਏ ਗਏ ਅਤੇ ਲੰਗਰ ਆਦਿ ਦੇ ਪ੍ਰਬੰਧ ਵੀ ਕੀਤੇ ਗਏ ਸਨ। ਨਗਰ ਕੀਰਤਨ ਨਾਲ ਚੱਲ ਰਹੀ ਵਿਸ਼ੇਸ਼ ਬੱਸ 'ਚ ਸੁਸ਼ਭਿਤ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਲਈ ਵੀ ਸੰਗਤਾਂ ਨੇ ਵਿਸ਼ੇਸ਼ ਰੁਚੀ ਦਿਖਾਈ।

ਇਸੇ ਦੌਰਾਨ ਅੱਜ ਉਦੇਪੁਰ ਤੋਂ ਕੋਟਾ ਲਈ ਨਗਰ ਕੀਰਤਨ ਦੀ ਰਵਾਨਗੀ ਸਮੇਂ ਸਥਾਨਕ ਗੁਰਦੁਆਰਾ ਸੱਚਖੰਡ ਦਰਬਾਰ ਸਿੱਖ ਕਲੋਨੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਰਾਗੀ ਜਥਿਆਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਸੰਗਤਾਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਸਮੇਂ ਸ਼ਮੂਲੀਅਤ ਕਰਨ ਦੀ ਵੀ ਅਪੀਲ ਕੀਤੀ। ਇਸ ਦੌਰਾਨ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਵੀ ਦਿੱਤੇ ਗਏ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਰਾਜਿਸਥਾਨ ਤੋਂ ਮੈਂਬਰ ਸੁਰਜੀਤ ਸਿੰਘ ਕੰਗ, ਗੁਰਦੁਆਰਾ ਸੱਚਖੰਡ ਦਰਬਾਰ ਸਿੱਖ ਕਲੋਨੀ ਦੇ ਪ੍ਰਧਾਨ ਧਰਮਵੀਰ ਸਿੰਘ, ਸਕੱਤਰ ਦਸ਼ਵਿੱਤ ਸਿੰਘ,  ਅਨੋਖ ਸਿੰਘ, ਸਿੱਖ ਮਿਸ਼ਨ ਰਾਜਿਸਥਾਨ ਦੇ ਇੰਚਾਰਜ ਪ੍ਰਵੀਨ ਸਿੰਘ, ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ, ਤੇਜਿੰਦਰ ਸਿੰਘ, ਪ੍ਰਚਾਰਕ ਭਾਈ ਪਰਮਜੀਤ ਸਿੰਘ, ਸ਼ਿਵਤਾਰ ਸਿੰਘ, ਸੁਖਬੀਰ ਸਿੰਘ ਆਦਿ ਮੌਜੂਦ ਸਨ।


Baljeet Kaur

Content Editor

Related News