ਭਾਰਤੀ ਸਰਹੱਦ ''ਚ ਗਲਤੀ ਨਾਲ ਦਾਖਲ ਹੋਇਆ ਬੱਚਾ, ਹੋਵੇਗੀ ਪਾਕਿ ਵਾਪਸੀ
Monday, Sep 09, 2019 - 01:08 PM (IST)
![ਭਾਰਤੀ ਸਰਹੱਦ ''ਚ ਗਲਤੀ ਨਾਲ ਦਾਖਲ ਹੋਇਆ ਬੱਚਾ, ਹੋਵੇਗੀ ਪਾਕਿ ਵਾਪਸੀ](https://static.jagbani.com/multimedia/2019_9image_13_07_549869300a4.jpg)
ਅੰਮ੍ਰਿਤਸਰ (ਮਹਿੰਦਰ) : ਕਰੀਬ ਢਾਈ ਮਹੀਨੇ ਪਹਿਲਾਂ ਪਾਕਿਸਤਾਨ ਦੀ ਸਰਹੱਦ ਰਾਹੀਂ ਗਲਤੀ ਨਾਲ ਭਾਰਤੀ ਸਰਹੱਦ 'ਚ ਪ੍ਰਵੇਸ਼ ਕਰਨ ਵਾਲੇ ਕਰੀਬ 13 ਸਾਲਾਂ ਦੇ ਨਾਬਾਲਗ ਬੱਚੇ ਨਸੀਨ ਉੱਲਾ ਦੀ ਗ੍ਰਿਫਤਾਰੀ ਦੇ ਬਾਅਦ ਉਸ ਦੇ ਪਰਿਵਾਰ ਦਾ ਕੋਈ ਅਤਾ-ਪਤਾ ਨਹੀਂ ਲੱਗ ਰਿਹਾ ਸੀ। ਸਥਾਨਕ ਇਕ ਮਹਿਲਾ ਜੱਜ ਅਤੇ ਇਕ ਵਕੀਲ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਹੁਣ ਇਸ ਬੱਚੇ ਦਾ ਸਰਹੱਦੋਂ ਪਾਰ ਪਾਕਿਸਤਾਨ ਆਪਣੇ ਮਾਂ-ਬਾਪ ਕੋਲ ਵਾਪਸ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ।
ਕਿਸਾਨ ਨੂੰ ਮਿਲਿਆ 2 ਦਿਨ ਤੋਂ ਭੁੱਖਾ ਸੀ ਲੜਕਾ
22 ਜੂਨ 2019 ਨੂੰ ਸਰਹੱਦ 'ਤੇ ਸਥਿਤ ਪਿੰਡ ਹਰਦੋ ਰਤਨ ਵਾਸੀ ਪੂਰਣ ਸਿੰਘ ਨਾਂ ਦੇ ਇਕ ਕਿਸਾਨ ਨੇ ਥਾਣਾ ਘਰਿੰਡਾ ਦੀ ਪੁਲਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਸ ਦਿਨ ਸਵੇਰੇ ਕਰੀਬ 7:30 ਵਜੇ ਕਰੀਬ 13-14 ਸਾਲਾਂ ਦਾ ਲੜਕਾ ਉਸ ਦੇ ਕੋਲ ਆਇਆ। ਕਹਿ ਰਿਹਾ ਸੀ ਕਿ ਉਹ ਬਲੋਚਿਸਤਾਨ (ਪਾਕਿਸਤਾਨ) ਦਾ ਰਹਿਣ ਵਾਲਾ ਹੈ ਅਤੇ ਗਲਤੀ ਨਾਲ ਭਾਰਤੀ ਸਰਹੱਦ ਵਿਚ ਆ ਗਿਆ ਹੈ। ਉਹ 2 ਦਿਨਾਂ ਤੋਂ ਭੁੱਖਾ ਹੋਣ ਕਾਰਣ ਖਾਣਾ ਮੰਗ ਰਿਹਾ ਸੀ। ਪੁੱਛੇ ਜਾਣ 'ਤੇ ਉਸ ਨੇ ਆਪਣੀ ਪਛਾਣ ਹਰਨਈ, ਬਲੋਚਿਸਤਾਨ (ਪਾਕਿਸਤਾਨ) ਵਾਸੀ ਨਸੀਨ ਉੱਲਾ ਪੁੱਤਰ ਮੁਹੰਮਦ ਆਮੀਨ ਦੇ ਤੌਰ 'ਤੇ ਕਰਵਾਈ ਸੀ। ਉਕਤ ਜਾਣਕਾਰੀ ਦੇ ਆਧਾਰ 'ਤੇ ਥਾਣਾ ਘਰਿੰਡਾ ਦੀ ਪੁਲਸ ਨੇ ਪਾਕਿਸਤਾਨੀ ਲੜਕੇ ਨਸੀਨ ਉੱਲਾ ਖਿਲਾਫ ਭਾਰਤੀ ਪਾਸਪੋਰਟ ਕਾਨੂੰਨ 1920 ਦੀ ਧਾਰਾ 3 ਅਤੇ ਐਕਟ 1946 ਦੀ ਧਾਰਾ 14 ਦੇ ਤਹਿਤ ਮੁਕੱਦਮਾ ਨੰਬਰ 100/2019 ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ। ਅਦਾਲਤ ਨੇ ਉਸ ਨੂੰ ਹੁਸ਼ਿਆਰਪੁਰ ਦੇ ਚਿਲਡਰਨ ਹੋਮ ਵਿਚ ਭੇਜ ਦਿੱਤਾ ਸੀ।
ਮਾਂ-ਬਾਪ ਦਾ ਪਤਾ ਲਾਉਣ ਲਈ ਅੰਸਾਰ ਬਰਨੀ ਨਾਲ ਵਕੀਲ ਨੇ ਕੀਤਾ ਸੰਪਰਕ
ਥਾਣਾ ਘਰਿੰਡਾ ਦੀ ਪੁਲਸ ਨੇ ਜਿੱਥੇ ਪਾਕਿਸਤਾਨੀ ਲੜਕੇ ਨੂੰ ਦੋਸ਼ੀ ਦੱਸਦੇ ਹੋਏ ਉਸ ਖਿਲਾਫ ਅਦਾਲਤ ਵਿਚ ਮੁਕੱਦਮਾ ਚਲਾਉਣ ਲਈ ਪੇਸ਼ ਕੀਤਾ ਸੀ, ਉਥੇ ਹੀ ਕਥਿਤ ਦੋਸ਼ੀ ਲੜਕਾ ਆਪਣੇ ਆਪ ਨੂੰ ਨਿਰਦੋਸ਼ ਦੱਸ ਰਿਹਾ ਸੀ। ਉਸ ਦੇ ਕੋਲ ਨਾ ਤਾਂ ਕੋਈ ਪਾਸਪੋਰਟ ਅਤੇ ਨਾ ਹੀ ਆਪਣੀ ਪਛਾਣ ਸਬੰਧੀ ਕੋਈ ਦਸਤਾਵੇਜ਼ ਸੀ। ਭਾਰਤ-ਪਾਕਿ ਦੋਵਾਂ ਦੇਸ਼ਾਂ ਵਿਚ ਚਾਹੇ ਜਿੰਨੀ ਵੀ ਕੜਵਾਹਟ ਚੱਲ ਰਹੀ ਹੈ ਪਰ ਆਪਣੇ ਮਾਂ-ਬਾਪ ਤੋਂ ਵਿਛੜੇ ਇਸ ਲੜਕੇ ਲਈ ਸਭ ਤੋਂ ਪਹਿਲਾਂ ਮਹਿਲਾ ਜੱਜ ਨੇ ਕੁਝ ਵਕੀਲਾਂ ਨੂੰ ਇਸ ਲੜਕੇ ਦਾ ਮੁਫਤ ਕੇਸ ਲੜਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਵਕੀਲ ਦੇਵ ਪ੍ਰਕਾਸ਼ ਸ਼ਰਮਾ (ਡੀ. ਪੀ. ਸ਼ਰਮਾ) ਇਸ ਦੇ ਲਈ ਤਿਆਰ ਹੋ ਗਏ। ਉਨ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਸਰਹੱਦ ਪਾਰ ਪਾਕਿਸਤਾਨ ਵਿਚ ਮਨੁੱਖੀ ਅਧਿਕਾਰ ਸੰਗਠਨ ਚਲਾਉਣ ਵਾਲੇ ਐਡਵੋਕੇਟ ਅੰਸਾਰ ਬਰਨੀ ਨਾਲ ਸੰਪਰਕ ਕੀਤਾ। ਲੜਕੇ ਦੇ ਮਾਂ-ਬਾਪ ਦਾ ਪਤਾ ਲਾਉਣ ਲਈ ਉਨ੍ਹਾਂ ਨੂੰ ਜਾਣਕਾਰੀ ਦੇਣ ਦੀ ਬੇਨਤੀ ਕੀਤੀ।
ਪਿਤਾ ਦੀਆਂ ਲੱਤਾਂ ਕੱਟ ਚੁੱਕੀਆਂ ਸਨ, ਮਾਂ ਦੀ ਹਾਲਤ ਵੀ ਤਰਸਯੋਗ
ਸੀਮਾ ਪਾਰ ਪਾਕਿਸਤਾਨ ਦੇ ਵਕੀਲ ਅੰਸਾਰ ਬਰਨੀ ਨੇ ਮਿਲੀ ਜਾਣਕਾਰੀ ਦੇ ਆਧਾਰ 'ਤੇ ਲੜਕੇ ਨਸੀਨ ਉੱਲਾ ਦੇ ਦੱਸੇ ਗਏ ਪਤੇ ਦੇ ਆਧਾਰ 'ਤੇ ਉਸ ਦੇ ਪਰਿਵਾਰ ਦਾ ਪਤਾ ਲਾਇਆ ਤਾਂ ਨਸੀਬ ਉੱਲਾ ਦੇ ਪਿਤਾ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਣ ਦੇ ਨਾਲ-ਨਾਲ ਉਸ ਦੀ ਮਾਂ ਦੀ ਹਾਲਤ ਵੀ ਕਾਫ਼ੀ ਤਰਸਯੋਗ ਹੋਣ ਦਾ ਪਤਾ ਚੱਲਿਆ। ਇਸ 'ਤੇ ਅੰਸਾਰ ਬਰਨੀ ਨੇ ਸਰਹੱਦ ਪਾਰੋਂ ਇਸ ਲੜਕੇ ਦੀ ਹਰ ਸੰਭਵ ਮਦਦ ਕਰਨ ਦੀ ਪੇਸ਼ਕਸ਼ ਕਰਨ ਦੇ ਨਾਲ-ਨਾਲ ਉਸ ਨੂੰ ਉਸ ਦੇ ਪਰਿਵਾਰ ਤੱਕ ਵਾਪਸ ਭਿਜਵਾਉਣ ਦੀ ਬੇਨਤੀ ਵੀ ਕੀਤੀ। ਸਾਰੇ ਸਬੂਤ ਪੇਸ਼ ਕੀਤੇ ਜਾਣ 'ਤੇ ਅਦਾਲਤ ਨੇ ਵੀ ਪਾਕਿਸਤਾਨੀ ਨਾਬਾਲਗ ਲੜਕੇ ਪ੍ਰਤੀ ਨਰਮੀ ਵਰਤਦੇ ਹੋਏ ਉਸ ਦੇ ਦੁਆਰਾ ਚਿਲਡਰਨ ਹੋਮ ਵਿਚ ਕੱਟੇ ਗਏ 2 ਮਹੀਨਿਆਂ ਅਤੇ 14 ਦਿਨ ਦੇ ਸਮੇਂ ਨੂੰ ਹੀ ਉਸ ਦੀ ਸਜ਼ਾ ਮੰਨਦੇ ਹੋਏ ਉਸ ਨੂੰ ਉਸ ਦੇ ਮਾਂ-ਬਾਪ ਕੋਲ ਭਿਜਵਾਉਣ ਦੇ ਮਹੱਤਵਪੂਰਨ ਆਦੇਸ਼ ਜਾਰੀ ਕੀਤੇ ਹਨ।
ਸਥਾਨਕ ਜੁਵੇਨਾਈਲ ਕੋਰਟ ਦੀ ਮਹਿਲਾ ਜੱਜ (ਪ੍ਰਿੰਸੀਪਲ ਨਿਆਂ-ਅਧਿਕਾਰੀ ਜੁਵੇਨਾਈਲ ਜਸਟਿਸ ਬੋਰਡ, ਅੰਮ੍ਰਿਤਸਰ) ਅਪਰਾਜਿਤਾ ਜੋਸ਼ੀ ਨੇ ਇਸ ਮਾਮਲੇ ਵਿਚ ਆਪਣਾ ਮਹੱਤਵਪੂਰਨ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਇਸ ਲੜਕੇ ਨੂੰ ਜਦੋਂ ਵੀ ਕਸੱਟਡੀ 'ਚੋਂ ਰਿਹਾਅ ਕੀਤਾ ਜਾਂਦਾ ਹੈ ਤਾਂ ਆਬਰਜਵੇਸ਼ਨ ਹੋਮ ਹੁਸ਼ਿਆਰਪੁਰ ਦੇ ਸੁਪਰਡੈਂਟ ਸਪੈਸ਼ਲ ਹੋਮ ਨੂੰ ਇਸ ਲੜਕੇ ਨੂੰ ਪੂਰੀ ਸੁਰੱਖਿਆ ਨਾਲ ਅੰਮ੍ਰਿਤਸਰ ਦੀ ਚਾਈਲਡ ਵੈੱਲਫੇਅਰ ਕਮੇਟੀ ਕੋਲ ਲਿਆਉਣਾ ਹੋਵੇਗਾ ਤਾਂ ਕਿ ਉਹ ਕਮੇਟੀ ਕਿਸੇ ਕੰਪੀਟੈਂਟ ਏਜੰਸੀ (ਸਬੰਧਤ ਕਿਸੇ ਏਜੰਸੀ) ਦੇ ਜ਼ਰੀਏ ਭਾਰਤ ਸਰਕਾਰ ਇਸ ਲੜਕੇ ਨੂੰ ਪਾਕਿਸਤਾਨ ਵਿਚ ਉਸ ਦੇ ਮਾਂ-ਬਾਪ ਕੋਲ ਭਿਜਵਾ ਸਕੇ।