ਭਾਰਤ-ਪਾਕਿ ਦੋਸਤੀ ਬੱਸ ਨੂੰ ਰੋਕਣ ਦੇ ਦੋਸ਼ ''ਚ 3 ਸ਼ਿਵ ਸੈਨਿਕ ਗ੍ਰਿਫਤਾਰ
Saturday, Feb 16, 2019 - 12:24 PM (IST)

ਅੰਮ੍ਰਿਤਸਰ (ਜਸ਼ਨ) : ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਦੇ ਰੋਸ ਵਜੋਂ ਸਥਾਨਕ ਇੰਡੀਆ ਗੇਟ ਕੋਲ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਦੇ ਪ੍ਰਧਾਨ ਵਿਪਨ ਨਈਅਰ ਅਤੇ ਸ਼ਿਵ ਸੈਨਾ ਸ਼ੇਰ-ਏ-ਪੰਜਾਬ ਦੇ ਪ੍ਰਧਾਨ ਵਿਵੇਕ ਸੱਗੂ, ਚੇਅਰਮੈਨ ਪ੍ਰਦੀਪ ਜੱਟ ਦੀ ਅਗਵਾਈ 'ਚ ਪਾਕਿਸਤਾਨ ਜਾ ਰਹੀ ਬੱਸ ਨੂੰ ਸ਼ਿਵ ਸੈਨਿਕਾਂ ਨੇ ਰੋਕਣ ਦਾ ਯਤਨ ਕੀਤਾ ਤੇ ਕਈਆਂ ਨੇ ਆਪਣੇ ਵਾਹਨ ਬੱਸ ਪਿੱਛੇ ਦੌੜਾਏ। ਇਸੇ ਦੌਰਾਨ ਪੁਲਸ ਨੇ 3 ਸ਼ਿਵ ਸੈਨਿਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਨੂੰ ਥਾਣਾ ਕੰਟੋਨਮੈਂਟ ਲੈ ਗਈ। ਇਸ 'ਤੇ ਭੜਕੇ ਸ਼ਿਵ ਸੈਨਿਕਾਂ ਦਾ ਗੁੱਸਾ ਫੁੱਟ ਪਿਆ ਤੇ ਉਨ੍ਹਾਂ ਇੰਡੀਆ ਗੇਟ ਕੋਲ ਹੀ ਪਾਕਿਸਤਾਨ ਦਾ ਪੁਤਲਾ ਫੂਕਿਆ ਤੇ ਵੱਡੇ ਪੱਧਰ 'ਤੇ ਪਾਕਿਸਤਾਨ ਤੇ ਆਈ. ਐੱਸ. ਆਈ. ਮੁਰਦਾਬਾਦ ਦੇ ਨਾਅਰੇ ਲਾਏ। ਖਬਰ ਲਿਖੇ ਜਾਣ ਤੱਕ ਸ਼ਿਵ ਸੈਨਿਕਾਂ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜ਼ਮਾਨਤ 'ਤੇ ਦੇਰ ਸ਼ਾਮ ਰਿਹਾਅ ਕਰ ਦਿੱਤਾ।
ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਦੇ ਪ੍ਰਧਾਨ ਵਿਪਨ ਨਈਅਰ ਨੇ ਭਾਰਤੀ ਫੌਜੀਆਂ 'ਤੇ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਹੁਣ ਭਾਰਤ ਨੂੰ ਪਾਕਿ ਨਾਲ ਸਾਰੇ ਸਬੰਧ ਤੇ ਸਮਝੌਤੇ ਤੋੜ ਲੈਣੇ ਚਾਹੀਦੇ ਹਨ। ਵਿਪਨ ਤੇ ਵਿਵੇਕ ਸਾਗਰ ਨੇ ਸਰਕਾਰ ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ਸਰਕਾਰ ਨੇ ਸ਼ਹੀਦ ਹੋਏ ਜਵਾਨਾਂ ਦਾ ਬਦਲਾ ਨਾ ਲਿਆ ਤਾਂ ਹਿੰਦੂ ਸੰਗਠਨ ਭਾਰਤ-ਪਾਕਿ ਬੱਸ ਨੂੰ ਰੋਕਣ ਤੋਂ ਇਲਾਵਾ ਸਾਰੇ ਭਾਰਤ 'ਚ ਸੜਕਾਂ 'ਤੇ ਉੱਤਰ ਕੇ ਸੰਘਰਸ਼ ਦਾ ਐਲਾਨ ਕਰਨਗੇ।