895 ਸਕੂਲਾਂ ''ਚ 2000 ਤੋਂ ਵੱਧ ਨਾਜਾਇਜ਼ ਸਕੂਲ ਵੈਨਾਂ
Saturday, Apr 27, 2019 - 09:14 AM (IST)
ਅੰਮ੍ਰਿਤਸਰ (ਨੀਰਜ) : ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਆਏ ਦਿਨ ਸਕੂਲ ਵੈਨ ਹਾਦਸੇ 'ਚ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਾਣਯੋਗ ਹਾਈ ਕੋਰਟ, ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਸੇਫਟੀ ਤੋਂ ਇਲਾਵਾ ਸੀ. ਬੀ. ਐੱਸ. ਈ. ਵੱਲੋਂ ਵੀ ਸਕੂਲ ਵੈਨ ਸਬੰਧੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਅੰਮ੍ਰਿਤਸਰ ਜ਼ਿਲੇ ਦੇ 895 ਸਰਕਾਰੀ ਤੇ ਗੈਰ-ਸਰਕਾਰੀ ਸਕੂਲਾਂ 'ਚ 2 ਹਜ਼ਾਰ ਤੋਂ ਵੱਧ ਗ਼ੈਰ-ਕਾਨੂੰਨੀ ਸਕੂਲ ਵੈਨਾਂ ਹਨ। ਇਹ ਸਕੂਲ ਵੈਨਾਂ ਛੋਟਾ ਹਾਥੀ, ਆਟੋਜ਼, ਪਿਆਗਿਓ ਆਦਿ ਦੇ ਰੂਪ 'ਚ ਚਲਾਈਆਂ ਜਾ ਰਹੀਆਂ ਹਨ। ਅਜਿਹੀਆਂ ਸਕੂਲ ਵੈਨਾਂ 'ਚ ਸਮਰੱਥਾ ਤੋਂ ਵੱਧ ਬੱਚਿਆਂ ਨੂੰ ਬਿਠਾਇਆ ਜਾਂਦਾ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਆਰ. ਟੀ. ਏ. ਸੈਕਟਰੀ, ਏ. ਡੀ. ਟੀ. ਓ. ਤੇ ਐੱਸ. ਡੀ. ਐੱਮ. ਵਰਗੇ ਅਧਿਕਾਰੀਆਂ ਤੱਕ ਨੂੰ ਸਕੂਲ ਵੈਨ ਦੀ ਚੈਕਿੰਗ ਨਹੀਂ ਕਰਨ ਦਿੱਤੀ ਜਾਂਦੀ ਕਿਉਂਕਿ ਜ਼ਿਆਦਾਤਰ ਸਕੂਲ ਕਿਸੇ ਨਾ ਕਿਸੇ ਨੇਤਾ ਦੇ ਆਸ਼ੀਰਵਾਦ ਨਾਲ ਚੱਲ ਰਹੇ ਹਨ।
ਆਰ. ਟੀ. ਏ. ਦਫਤਰ ਤੋਂ ਮਿਲੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ 875 ਸਕੂਲ ਵੈਨਾਂ ਆਰ. ਟੀ. ਏ. ਦਫਤਰ 'ਚ ਰਜਿਸਟਰਡ ਹਨ, ਜਿਨ੍ਹਾਂ 'ਚੋਂ ਐੱਮ. ਵੀ. ਆਈ. ਦਫਤਰ ਵੱਲੋਂ 495 ਸਕੂਲ ਵੈਨਾਂ ਨੂੰ ਫਿਟਨੈੱਸ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਚਾਈਲਡ ਕਮਿਸ਼ਨ ਵੱਲੋਂ ਰਾਜ ਦੇ ਸਾਰੇ ਟਰਾਂਸਪੋਰਟ ਵਿਭਾਗਾਂ ਵੱਲੋਂ ਅਪ੍ਰੈਲ 2017 ਦੌਰਾਨ ਰਿਪੋਰਟ ਵੀ ਮੰਗੀ ਗਈ ਸੀ, ਜਿਸ 'ਤੇ ਟਰਾਂਸਪੋਰਟ ਵਿਭਾਗ ਅੱਜ ਵੀ ਕਾਰਵਾਈ ਕਰ ਰਿਹਾ ਹੈ। ਮਾਣਯੋਗ ਹਾਈ ਕੋਰਟ ਵੱਲੋਂ ਵੀ ਸ਼ਹਿਰ ਕੁਝ ਸਕੂਲਾਂ ਨੂੰ ਸੇਫ ਸਕੂਲ ਵੈਨ ਪਾਲਿਸੀ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਹਾਈ ਕੋਰਟ ਨੇ ਡਿਪਟੀ ਕਮਿਸ਼ਨਰ ਨੂੰ ਵੀ ਆਦੇਸ਼ ਜਾਰੀ ਕਰ ਰੱਖੇ ਹਨ ਕਿ ਉਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਸਕੂਲਾਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰੇ, ਇਸ ਤੋਂ ਇਲਾਵਾ ਸਮੂਹ ਸਕੂਲ ਮੁਖੀਆਂ ਤੇ ਪ੍ਰਬੰਧਕਾਂ ਨਾਲ ਬੈਠਕ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ।
ਕੀ ਹੈ ਫਿਟਨੈੱਸ ਟੈਸਟ ਦੀ ਫੀਸ
ਸਕੂਲ ਵੈਨ ਦੀ ਫਿਟਨੈੱਸ ਟੈਸਟ ਲੈਣ ਦੀ ਫੀਸ 31 ਸੀਟਰ ਗੱਡੀ ਦੀ 820 ਰੁਪਏ ਹੈ। ਇਸ ਤੋਂ ਵੱਧ ਸੀਟ ਵਾਲੀ ਸਕੂਲ ਬੱਸ ਦੀ ਫਿਟਨੈੱਸ ਟੈਸਟ ਫੀਸ 1020 ਰੁਪਏ ਹੈ। ਸਕੂਲ ਵੈਨ 'ਚ ਹਾਈਡਰੋਲਿਕ ਦਰਵਾਜ਼ੇ, ਸੀ. ਸੀ. ਟੀ. ਵੀ. ਕੈਮਰੇ ਤੇ ਸਪੀਡ ਗਰਵਨਰ ਦੇਖਣ ਤੋਂ ਬਾਅਦ ਹੀ ਇਹ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।
ਸਕੂਲਾਂ ਨੇ 3 ਕੈਟਾਗਰੀਜ਼ 'ਚ ਦੇਣਾ ਹੁੰਦੈ ਵੇਰਵਾ
ਸੇਫ ਸਕੂਲ ਵੈਨ ਮੁਹਿੰਮ ਤਹਿਤ ਸਕੂਲਾਂ ਵੱਲੋਂ ਦਿੱਤੇ ਗਏ ਬਿਓਰੇ ਦੇ ਆਧਾਰ 'ਤੇ ਹੀ ਪ੍ਰਸ਼ਾਸਨ ਵੱਲੋਂ ਸਕੂਲ ਵੈਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਂਦੀ ਹੈ। ਸਕੂਲਾਂ ਨੂੰ 3 ਕੈਟਾਗਰੀਜ਼ 'ਚ ਆਪਣਾ ਬਿਓਰਾ ਦੇਣਾ ਹੁੰਦਾ ਹੈ, ਜੋ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ ਵੱਲੋਂ ਆਇਆ ਹੈ। ਪਹਿਲੀ ਕੈਟਾਗਰੀ 'ਚ ਲਿਖਣਾ ਹੁੰਦਾ ਹੈ ਕਿ ਸਬੰਧਤ ਸਕੂਲ ਵੈਨ ਦਾ ਮਾਲਕ ਸਕੂਲ ਹੈ ਤੇ ਸਬੰਧਤ ਵੈਨ ਸਕੂਲ ਵੱਲੋਂ ਖਰੀਦੀ ਗਈ ਹੈ। ਦੂਜੀ ਕੈਟਾਗਰੀ 'ਚ ਲਿਖ ਕੇ ਦੇਣਾ ਹੁੰਦਾ ਹੈ ਕਿ ਸਕੂਲ ਨੇ ਕੰਟਰੈਕਟ 'ਤੇ ਸਕੂਲ ਵੈਨਾਂ ਰੱਖੀਆਂ ਹੋਈਆਂ ਹਨ, ਇਹ ਦੂਜਾ ਪ੍ਰੋਫਾਰਮਾ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਆਮ ਤੌਰ 'ਤੇ ਜਦੋਂ ਟਰਾਂਸਪੋਰਟ ਵਿਭਾਗ ਕਿਸੇ ਸਕੂਲ ਵੈਨ ਨੂੰ ਫੜਦਾ ਹੈ ਤਾਂ ਸਕੂਲ ਪ੍ਰਬੰਧਕ ਇਹ ਕਹਿ ਕੇ ਪੱਲਾ ਝਾੜ ਲੈਂਦਾ ਹੈ ਕਿ ਇਹ ਵੈਨ ਉਨ੍ਹਾਂ ਦੀ ਨਹੀਂ ਹੈ ਪਰ ਇਕ ਵਾਰ ਦੂਜੀ ਕੈਟਾਗਰੀ 'ਚ ਲਿਖ ਕੇ ਦੇਣ ਤੋਂ ਬਾਅਦ ਸਕੂਲ ਪ੍ਰਬੰਧਕ ਆਪਣਾ ਪੱਲਾ ਨਹੀਂ ਝਾੜ ਸਕਣਗੇ। ਤੀਜੀ ਕੈਟਾਗਰੀ 'ਚ ਇਹ ਲਿਖ ਕੇ ਦੇਣਾ ਹੁੰਦਾ ਹੈ ਕਿ ਬੱਚਿਆਂ ਦੇ ਮਾਪਿਆਂ ਨੇ ਆਪਣੀ ਜ਼ਿੰਮੇਵਾਰੀ 'ਤੇ ਸਕੂਲ ਵੈਨ ਲਾ ਰੱਖੀ ਹੈ, ਇਸ ਕੈਟਾਗਰੀ 'ਚ ਸਾਰੀ ਜ਼ਿੰਮੇਵਾਰੀ ਬੱਚਿਆਂ ਦੇ ਮਾਪਿਆਂ 'ਤੇ ਆ ਜਾਵੇਗੀ। ਸੀ. ਬੀ. ਐੱਸ. ਈ. ਵੱਲੋਂ ਜਾਰੀ ਆਦੇਸ਼ਾਂ 'ਚ ਸਕੂਲ ਵੈਨ ਸਬੰਧੀ ਸਕੂਲਾਂ ਦੇ ਮੁਖੀ ਹੀ ਹਰ ਤਰ੍ਹਾਂ ਦੇ ਹਾਲਾਤ ਲਈ ਜ਼ਿੰਮੇਵਾਰ ਹੋਣਗੇ।
ਹਾਈ ਕੋਰਟ ਦੀ ਟੀਮ ਹੀ ਕਰੇ ਛਾਪੇਮਾਰੀ
ਬੀਤੇ ਸਾਲਾਂ ਦੌਰਾਨ ਸੇਫ ਸਕੂਲ ਵੈਨ ਦੇ ਮਾਮਲੇ 'ਚ ਮਾਣਯੋਗ ਹਾਈ ਕੋਰਟ ਵੱਲੋਂ ਬਹੁਤ ਗੰਭੀਰਤਾ ਦਿਖਾਈ ਗਈ ਹੈ ਤੇ ਹਾਈ ਕੋਰਟ ਨੇ ਬਾਕਾਇਦਾ ਇਕ ਸੰਯੁਕਤ ਟੀਮ ਗਠਿਤ ਕਰ ਕੇ ਨਾ ਸਿਰਫ ਅੰਮ੍ਰਿਤਸਰ ਸਗੋਂ ਪੰਜਾਬ ਦੇ ਹੋਰ ਜ਼ਿਲਿਆਂ 'ਚ ਵੀ ਸਕੂਲ ਵੈਨਾਂ ਦੀ ਜਾਂਚ ਕਰਨ ਲਈ ਛਾਪੇਮਾਰੀ ਕੀਤੀ ਸੀ। ਹਾਈ ਕੋਰਟ ਦੀ ਟੀਮ ਵਿਚ ਬਾਕਾਇਦਾ ਆਈ. ਏ. ਐੱਸ. ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਮਾਮਲੇ 'ਚ ਇਕ ਵਾਰ ਫਿਰ ਸਮਾਜਸੇਵੀ ਸੰਸਥਾਵਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਾਈ ਕੋਰਟ ਟੀਮ ਫਿਰ ਤੋਂ ਛਾਪੇਮਾਰੀ ਸ਼ੁਰੂ ਕਰੇ ਕਿਉਂਕਿ ਨੇਤਾਵਾਂ ਦੀ ਕਠਪੁਤਲੀ ਬਣ ਚੁੱਕੇ ਜ਼ਿਆਦਾਤਰ ਪ੍ਰਬੰਧਕੀ ਅਧਿਕਾਰੀਆਂ 'ਚ ਇੰਨਾ ਦਮ ਨਹੀਂ ਹੈ ਕਿ ਉਹ ਹਜ਼ਾਰਾਂ ਦੀ ਗਿਣਤੀ 'ਚ ਚੱਲ ਰਹੀਆਂ ਗ਼ੈਰ-ਕਾਨੂੰਨੀ ਸਕੂਲ ਵੈਨਾਂ ਨੂੰ ਬੰਦ ਕਰ ਸਕਣ।
ਸੜਕਾਂ 'ਤੇ ਦੌੜ ਰਹੀਆਂ ਹਨ ਦਿੱਲੀ, ਯੂ. ਪੀ., ਐੱਮ. ਪੀ. ਤੇ ਰਾਜਸਥਾਨ ਦੀਆਂ ਕੰਡਮ ਵੈਨਾਂ
ਸਕੂਲ ਵੈਨ ਦੇ ਰੂਪ 'ਚ ਆਟੋਜ਼, ਛੋਟਾ ਹਾਥੀ, ਮੈਜਿਕ ਤੇ ਪੀਟਰ ਰੇਹੜੇ (ਘੜੂਕਾ) ਤੋਂ ਇਲਾਵਾ ਦਿੱਲੀ, ਯੂ. ਪੀ., ਰਾਜਸਥਾਨ ਤੇ ਐੱਮ. ਪੀ. ਵਰਗੇ ਰਾਜਾਂ ਦੀਆਂ ਕੰਡਮ ਵੈਨਾਂ ਜੋ 15 ਸਾਲ ਤੋਂ ਵੱਧ ਪੁਰਾਣੀਆਂ ਹਨ, ਭੱਜਦੀਆਂ ਨਜ਼ਰ ਆਉਂਦੀਆਂ ਹਨ। ਬਾਹਰੀ ਰਾਜਾਂ ਦੇ ਨੰਬਰ ਵਾਲੀਆਂ ਇਨ੍ਹਾਂ ਵੈਨਾਂ ਦੀ ਰਜਿਸਟ੍ਰੇਸ਼ਨ ਤੱਕ ਆਰ. ਟੀ. ਏ. ਦਫਤਰ ਵਿਚ ਨਹੀਂ ਹੁੰਦੀ। ਦਰਜਨਾਂ ਅਜਿਹੀਆਂ ਸਕੂਲ ਵੈਨਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ, ਜੋ ਅੱਜ ਵੀ ਪੁਲਸ ਥਾਣਿਆਂ ਦੇ ਬਾਹਰ ਲੱਗੀਆਂ ਨਜ਼ਰ ਆਉਂਦੀਆਂ ਹਨ।
ਕੀ ਠੀਕ ਹੈ ਸਕੂਲ ਵੈਨ ਦਾ ਡੈਮੋ?
- ਸਕੂਲ ਵੈਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।
- ਸਕੂਲ ਵੈਨ 'ਚ ਸਪੀਡ ਗਵਰਨਰ ਲੱਗਾ ਹੋਣਾ ਚਾਹੀਦਾ ਹੈ।
- ਸਕੂਲ ਵੈਨ ਦੇ ਦਰਵਾਜ਼ੇ ਹਾਈਡਰੋਲਿਕ ਹੋਣੇ ਚਾਹੀਦੇ ਹਨ।
- ਸਕੂਲ ਵੈਨ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ।
- ਸਕੂਲ ਵੈਨ 'ਚ ਜੇਕਰ ਕੋਈ ਲੜਕੀ ਸਫਰ ਕਰਦੀ ਹੈ ਤਾਂ ਮਹਿਲਾ ਅਟੈਂਡੈਂਟ ਵੀ ਹੋਣੀ ਚਾਹੀਦੀ ਹੈ।
- ਸਕੂਲ ਵੈਨ ਰਜਿਸਟਰਡ ਹੋਣੀ ਚਾਹੀਦੀ ਹੈ ਤੇ ਡਰਾਈਵਰ ਕੋਲ ਬਾਕਾਇਦਾ ਸਕੂਲ ਵੈਨ ਚਲਾਉਣ ਦਾ ਹੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ।
- ਡਰਾਈਵਰ ਦੇ ਨਾਲ ਹੈਲਪਰ ਵੀ ਹੋਣਾ ਚਾਹੀਦਾ ਹੈ।
- ਸਕੂਲ ਵੈਨ ਕੰਡਮ ਨਹੀਂ ਹੋਣੀ ਚਾਹੀਦੀ, ਉਸ ਨੂੰ ਐੱਮ. ਵੀ. ਆਈ. ਤੋਂ ਪਾਸ ਕਰਵਾਇਆ ਗਿਆ ਹੋਣਾ ਚਾਹੀਦਾ ਹੈ।