ਆਈ. ਸੀ. ਪੀ. ਅਟਾਰੀ ਬਾਰਡਰ ''ਤੇ ਕਰੋੜਾਂ ਦਾ ਅਮਰੀਕਨ ਅਖਰੋਟ ਜ਼ਬਤ

Saturday, May 18, 2019 - 10:17 AM (IST)

ਆਈ. ਸੀ. ਪੀ. ਅਟਾਰੀ ਬਾਰਡਰ ''ਤੇ ਕਰੋੜਾਂ ਦਾ ਅਮਰੀਕਨ ਅਖਰੋਟ ਜ਼ਬਤ

ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਦੀ ਟੀਮ ਨੇ ਇਕ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਕਰੋੜਾਂ ਰੁਪਏ ਦੇ ਅਮਰੀਕਨ ਅਖਰੋਟ ਦੀ ਖੇਪ ਨੂੰ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਆਮ ਤੌਰ 'ਤੇ ਭਾਰਤੀ ਵਪਾਰੀ ਅਫਗਾਨਿਸਤਾਨ ਦੇ ਡਰਾਈਫਰੂਟ ਦਾ ਕਾਰੋਬਾਰ ਕਰਦੇ ਹਨ, ਜਿਸ 'ਤੇ ਭਾਰਤ ਸਰਕਾਰ ਵੱਲੋਂ ਕਸਟਮ ਡਿਊਟੀ ਜ਼ੀਰੋ ਹੈ। ਇਹ ਡਰਾਈਫਰੂਟ ਪਾਕਿਸਤਾਨ ਦੇ ਰਸਤੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਆਉਂਦਾ ਹੈ। ਇਸ ਦੀ ਤੁਲਨਾ 'ਚ ਅਮਰੀਕਾ ਦੇ ਅਖਰੋਟ 'ਤੇ ਕੇਂਦਰ ਸਰਕਾਰ ਵੱਲੋਂ 100 ਫ਼ੀਸਦੀ ਕਸਟਮ ਡਿਊਟੀ ਲਾਈ ਗਈ ਹੈ।

ਕਸ਼ਮੀਰ ਅਤੇ ਦਿੱਲੀ ਦੇ ਕੁਝ ਸਮੱਗਲਰਾਂ ਨੇ ਅਫਗਾਨੀ ਡਰਾਈਫਰੂਟ ਦੀ ਪੈਕਿੰਗ 'ਚ ਅਮਰੀਕਨ ਅਖਰੋਟ ਦੀ ਖੇਪ ਨੂੰ ਆਈ. ਸੀ. ਪੀ. ਅਟਾਰੀ ਐਕਸਪੋਰਟ ਕਰ ਦਿੱਤਾ, ਜਿਸ ਨੂੰ ਅਸਿਸਟੈਂਟ ਕਮਿਸ਼ਨਰ ਕਸਟਮ ਬਸੰਤ ਕੁਮਾਰ ਦੀ ਟੀਮ ਨੇ ਟ੍ਰੇਸ ਕਰ ਲਿਆ। ਇਸ ਮਾਮਲੇ ਵਿਚ ਕਸਟਮ ਵਿਭਾਗ ਦੀ ਟੀਮ ਨੇ ਕਸ਼ਮੀਰ ਦੇ ਇਕ ਵਪਾਰੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਦਿੱਲੀ ਦੇ ਵਪਾਰੀਆਂ ਦੀ ਗ੍ਰਿਫਤਾਰੀ ਲਈ ਕਸਟਮ ਵਿਭਾਗ ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਕਰੋੜਾਂ ਦੀ ਕਸਟਮ ਡਿਊਟੀ ਚੋਰੀ ਦੀ ਇਸ ਖੇਡ ਵਿਚ ਕੁੱਲ 10 ਲੋਕ ਸ਼ਾਮਿਲ ਹਨ, ਜਿਨ੍ਹਾਂ ਦੀ ਛੇਤੀ ਹੀ ਗ੍ਰਿਫਤਾਰੀ ਹੋ ਸਕਦੀ ਹੈ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਵਿਭਾਗ ਅਮਰੀਕਨ ਅਖਰੋਟ ਦੇ ਕੇਸ 'ਚ ਹਰ ਪਹਿਲੂ ਤੋਂ ਜਾਂਚ ਕਰ ਰਿਹਾ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।


author

Baljeet Kaur

Content Editor

Related News