ਇਤਿਹਾਸਕ ਨਗਰ ਕੀਰਤਨ ਬੜੋਦਾ ਤੋਂ ਅਹਿਮਦਾਬਾਦ ਲਈ ਰਵਾਨਾ

Wednesday, Sep 25, 2019 - 05:52 PM (IST)

ਇਤਿਹਾਸਕ ਨਗਰ ਕੀਰਤਨ ਬੜੋਦਾ ਤੋਂ ਅਹਿਮਦਾਬਾਦ ਲਈ ਰਵਾਨਾ

ਅੰਮ੍ਰਿਤਸਰ (ਦੀਪਕ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਗੁਜਰਾਤ ਸੂਬੇ ਅੰਦਰ ਪਹੁੰਚਣ 'ਤੇ ਸੰਗਤਾਂ ਵਲੋਂ ਖਾਲਸਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ। ਵੱਖ-ਵੱਖ ਥਾਵਾਂ 'ਤੇ ਭਰਵੀਂ ਗਿਣਤੀ 'ਚ ਪੁੱਜੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ ਅਤੇ ਰੁਮਾਲਾ ਸਾਹਿਬ ਵੀ ਭੇਟ ਕੀਤੇ। ਇਥੇ ਥਾਂ-ਥਾਂ 'ਤੇ ਲੰਗਰ ਲਾਏ ਗਏ ਸਨ ਅਤੇ ਖੂਬਸੂਰਤ ਸਵਾਗਤੀ ਗੇਟ ਤੇ ਸੁੰਦਰ ਲੜੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਬੜੋਦਾ ਵਿਖੇ ਪੁੱਜਣ ਸਮੇਂ ਆਤਿਸ਼ਬਾਜ਼ੀ ਕੀਤੀ ਗਈ। ਇਸੇ ਦੌਰਾਨ ਅੱਜ ਨਗਰ ਕੀਰਤਨ ਦੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੂਰਤ ਤੋਂ ਅਗਲੇ ਪੜਾਅ ਅਹਿਮਦਾਬਾਦ ਲਈ ਰਵਾਨਗੀ ਹੋਈ। ਇਥੇ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ 'ਚ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਕਮੇਟੀ ਵਲੋਂ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ ਨੇ ਸੰਗਤਾਂ ਦਾ ਧੰਨਵਾਦ ਕੀਤਾ। ਸਥਾਨਕ ਗੁਰਦੁਆਰਾ ਪ੍ਰਬੰਧਕਾਂ ਵਲੋਂ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ।
PunjabKesari
ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ 'ਚ ਹਰਵਿੰਦਰ ਸਿੰਘ, ਸੁੰਦਰ ਸਿੰਘ, ਮਦਨ ਸਿੰਘ ਨਾਰੰਗ, ਸੁਖਬੀਰ ਸਿੰਘ, ਰਕੇਸ਼ ਰਿਵਾੜੀ, ਗੁਲਸ਼ਨ ਪੰਜਾਬੀ, ਭਾਈ ਗੁਲਜ਼ਾਰ ਸਿੰਘ, ਉਦੈ ਨਾਰੰਗ ਮੌਜੂਦ ਸਨ। ਇਸੇ ਦੌਰਾਨ ਗੁਰਦੁਆਰਾ ਚਾਦਰ ਸਾਹਿਬ ਬੜੋਦਾ ਵਿਖੇ ਕਾਰਸੇਵਾ ਵਾਲੇ ਬਾਬਾ ਲੱਖਾ ਸਿੰਘ, ਬਾਬਾ ਬਲਕਾਰ ਸਿੰਘ, ਬਾਬਾ ਬਲਵਿੰਦਰ ਸਿੰਘ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਸੰਗਤ ਵਲੋਂ ਕੀਤੇ ਗਏ ਵਿਸ਼ੇਸ਼ ਪ੍ਰਬੰਧਾਂ ਤਹਿਤ ਨਗਰ ਕੀਰਤਨ 'ਤੇ ਫੁੱਲਾਂ ਦੀ ਵਰਖਾ ਵੀ ਖਿੱਚ ਦਾ ਕੇਂਦਰ ਬਣੀ।


author

Baljeet Kaur

Content Editor

Related News