ਸਰਕਾਰ ਦਾ ਦਾਅਵੇ ਫ਼ੋਕੇ : ਨਹੀਂ ਰੁਕ ਰਹੀ ‘ਚਿੱਟੇ’ ਦੀ ਸਪਲਾਈ ਅਤੇ ਮੰਗ

12/28/2020 1:03:55 PM

ਅੰਮਿ੍ਰਤਸਰ (ਨੀਰਜ) : ਜ਼ਿਲੇ੍ਹ ’ਚ ਹੈਰੋਇਨ ਦੀ ਵਿਕਰੀ ਅਤੇ ਇਸਦੀ ਵਰਤੋਂ ਰੋਕਣ ਦੇ ਸਰਕਾਰ ਦੇ ਦਾਅਵੇ ਫ਼ੋਕੇ ਸਾਬਤ ਹੋ ਰਹੇ ਹਨ। ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅੰਮਿ੍ਰਤਸਰ ’ਚ ‘ਚਿੱਟੇ’ ਦੀ ਵਿਕਰੀ ਅਤੇ ਵਰਤੋਂ ਕਰਨ ਵਾਲਿਆਂ ’ਤੇ ਨੁਕੇਲ ਪਾਈ ਜਾ ਚੁੱਕੀ ਹੈ ਪਰ ਬੀ. ਐੱਸ. ਐੱਫ਼. ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ‘ਚਿੱਟੇ’ ਦੀ ਸਪਲਾਈ ਅਤੇ ਮੰਗ ਨਹੀਂ ਰੁਕੀ ਹੈ ਸਗੋਂ ਵਧ ਗਈ ਹੈ। ਆਲਮ ਇਹ ਹੈ ਕਿ ਬਾਰਡਰ ਫੈਂਸਿੰਗ ਦੇ ਦੋਵੇਂ ਹੀ ਪਾਸੇ ਸਮੱਗਲਰਾਂ ਦੀਆਂ ਗਤੀਵਿਧੀਆਂ ਬਾਦਸਤੂਰ ਜਾਰੀ ਹਨ ਅਤੇ ਧੁੰਦ ਦੌਰਾਨ ਜਦੋਂ ਬਾਰਡਰ ’ਤੇ ਜ਼ੀਰੋ ਵਿਜ਼ੀਬਿਲਟੀ ਹੈ ਤਾਂ ਸਮੱਗਲਰਾਂ ਨੇ ਗਤੀਵਿਧੀਆਂ ਹੋਰ ਤੇਜ਼ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਅੰਮਿ੍ਰਤਸਰ ਸੈਕਟਰ ’ਚ ਹੀ ਪਿੱਛਲੇ ਦੋ ਹਫ਼ਤਿਆਂ ਦੌਰਾਨ ਸਮੱਗਲਰਾਂ ਦੀਆਂ ਵੱਡੀਆਂ ਗਤੀਵਿਧੀਆਂ ਹੋ ਚੁੱਕੀਆਂ ਹਨ ਅਤੇ ਦੋ ਪਾਕਿਸਤਾਨੀ ਘੁਸਪੈਠੀਏ ਵੀ ਮਾਰੇ ਜਾ ਚੁੱਕੇ ਹਨ । ਬੀ. ਐੱਸ. ਐੱਫ਼. ਵਲੋਂ ਜ਼ਬਤ ਕੀਤੀ ਗਈ ਹੈਰੋਇਨ ਦੇ ਅੰਕੜਿਆਂ ’ਤੇ ਹੀ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ 497 ਕਿਲੋ ਹੈਰੋਇਨ ਫੜੀ ਜਾ ਚੁੱਕੀ ਹੈ, ਜੋ ਪਿਛਲੇ ਸਾਲ ਦੀ ਤੁਲਨਾ ’ਚ ਦੋ ਗੁਣਾ ਤੋਂ ਵੀ ਵੱਧ ਹੈ। ਨੌਜਵਾਨਾਂ ਨੂੰ ‘ਚਿੱਟਾ’ ਕਿਸ ਤਰ੍ਹਾਂ ਆਪਣੀ ਲਪੇਟ ’ਚ ਲੈ ਲੈਂਦਾ ਹੈ ਅਤੇ ਨਿਗਲ ਲੈਂਦਾ ਹੈ, ਉਸਦਾ ਵੱਡਾ ਸਬੂਤ ਇਕ ਇਨਕਮ ਟੈਕਸ ਅਧਿਕਾਰੀ ਦੇ ਸਾਹਮਣੇ ਆਇਆ ਹੈ, ਜਦੋਂ ਉਸਦਾ ਨੌਜਵਾਨ ਪੁੱਤ ‘ਚਿੱਟੇ’ ਦਾ ਸ਼ਿਕਾਰ ਬਣ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਸਾਲ ਐੱਸ. ਟੀ. ਐੱਫ਼. ਵਲੋਂ ਵੀ ਅੰਮਿ੍ਰਤਸਰ ਦੇ ਸੁਲਤਾਨਵਿੰਡ ਰੋਡ ਇਲਾਕੇ ’ਚੋਂ 200 ਕਿਲੋ ਹੈਰੋਇਨ ਅਤੇ ਨਸ਼ੇ ਵਾਲੇ ਹੋਰ ਪਦਾਰਥਾਂ ਦੇ ਨਾਲ ਹੈਰੋਇਨ ਨੂੰ ਪ੍ਰੋਸੈਸਿੰਗ ਕਰਨ ਦੀ ਫੈਕਟਰੀ ਵੀ ਫੜੀ ਜਾ ਚੁੱਕੀ ਹੈ, ਜੋ ਇਹ ਸਾਬਤ ਕਰ ਰਿਹਾ ਹੈ ਕਿ ਹੈਰੋਇਨ ਸਮੱਗਲਰ ਇੰਨੇ ਨਿਡਰ ਹੋ ਚੁੱਕੇ ਹਨ ਕਿ ਉਹ ਕਿਲੋ ਦੋ ਕਿਲੋ ਨਹੀਂ ਸਗੋਂ ਕੁਇੰਟਲਾਂ ਦੇ ਹਿਸਾਬ ਨਾਲ ਨਾ ਸਿਰਫ਼ ਹੈਰੋਇਨ ਮੰਗਵਾ ਰਹੇ ਹਨ, ਸਗੋਂ ਇਸ ਨੂੰ ਕੈਮੀਕਲਾਂ ਰਾਹੀਂ ਕਈ ਗੁਣਾ ਵੱਧ ਬਣਾਉਣ ਲਈ ਫੈਕਟਰੀ ਤਕ ਲਾਉਣ ਦਾ ਹੌਸਲਾ ਰੱਖਦੇ ਹਨ। ਹੁਣ ਅੰਮਿ੍ਰਤਸਰ ਜ਼ਿਲ੍ਹੇ ’ਚ ਹੈਰੋਇਨ ਪ੍ਰੋਸੈਸਿੰਗ ਦੀਆਂ ਹੋਰ ਕਿੰਨੀਆਂ ਫੈਕਟਰੀਆਂ ਹੋਣਗੀਆਂ, ਇਸ ਬਾਰੇ ਕਈ ਸਵਾਲ ਖੜੇ ਹੋ ਰਹੇ ਹਨ ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

ਤਿੰਨੇ ਰਣਜੀਤ ਜੇਲ ’ਚ ਫ਼ਿਰ ਕੌਣ ਕਰ ਰਿਹੈ ਚਿੱਟੇ ਦੀ ਸਮੱਗਲਿੰਗ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ’ਚ ਮੋਸਟ ਵਾਂਟੇਡ ਚੱਲ ਰਹੇ ਰਣਜੀਤ ਸਿੰਘ ਉਰਫ਼ ਚੀਤੇ ਸਮੇਤ ਸਾਬਕਾ ਪੁਲਸ ਅਧਿਕਾਰੀ ਰਣਜੀਤ ਸਿੰਘ ਮੋਦੇ ਅਤੇ ਹਵੇਲੀਆਂ ਖੇਤਰ ਦੇ ਰਹਿਣ ਵਾਲੇ ਇਕ ਹੋਰ ਸਮੱਗਲਰ ਰਣਜੀਤ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਤਿੰਨੇ ਇਸ ਸਮੇਂ ਜੇਲ ਦੇ ਅੰਦਰ ਹਨ ਪਰ ਤਿੰਨੇ ਅੰਦਰ ਹੋਣ ਦੇ ਬਾਵਜੂਦ ਬਾਰਡਰ ’ਤੇ ਸਮੱਗਲਰਾਂ ਦੀਆਂ ਗਤੀਵਿਧੀਆਂ ਜਾਰੀ ਹਨ। ਸੁਰੱਖਿਆ ਏਜੰਸੀ ਦੀ ਇਕ ਰਿਪੋਰਟ ਅਨੁਸਾਰ ਤਾਂ ਕੁਝ ਸਮੱਗਲਰਾਂ ਨੇ ਹੈਰੋਇਨ ਦੀ ਖੇਪ ਨੂੰ ਇਧਰ-ਉੱਧਰ ਕਰਨ ਲਈ ਫੈਂਸਿੰਗ ਦੇ ਆਸਪਾਸ ਖੇਤੀਬਾੜੀ ਵਾਲੀ ਜ਼ਮੀਨ ਲਈ ਹੋਈ ਹੈ ਅਤੇ ਖੇਤੀਬਾੜੀ ਦੀ ਆੜ ’ਚ ਸਮੱਗਲਿੰਗ ਕਰ ਰਹੇ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਇਹੋ ਜਿਹੇ ਸਮੱਗਲਰਾਂ ਦੀ ਭਾਲ ਹੈ, ਜੋ ਖੇਤੀਬਾੜੀ ਦੀ ਆੜ ’ਚ ਹੈਰੋਇਨ ਦੀ ਸਮੱਗਲਿੰਗ ਕਰ ਰਹੇ ਹਨ।

ਅਫ਼ਗਾਨੀ ਸਮੱਗਲਰਾਂ ਦਾ ਪੰਜਾਬ ਦੇ ਸਮੱਗਲਰਾਂ ਨਾਲ ਸਿੱਧਾ ਲਿੰਕ ਖ਼ਤਰਨਾਕ 
ਹੈਰੋਇਨ ਦੇ ਮਾਮਲੇ ’ਚ ਅਫ਼ਗਾਨਿਸਤਾਨ ਦੇ ਸਮੱਗਲਰਾਂ ਦਾ ਪੰਜਾਬ ਦੇ ਸਮੱਗਲਰਾਂ ਨਾਲ ਸਿੱਧਾ ਲਿੰਕ ਹੋ ਜਾਣਾ ਵੀ ਕਾਫ਼ੀ ਖ਼ਤਰਨਾਕ ਹੈ। ਐੱਸ. ਟੀ. ਐੱਫ਼. ਵਲੋਂ ਫੜੀ ਗਈ ਹੈਰੋਇਨ ਦੀ ਖੇਪ ਦੇ ਮਾਮਲੇ ’ਚ ਇਕ ਅਫ਼ਗਾਨੀ ਸਮੱਗਲਰ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ, ਜੋ ਅੰਮਿ੍ਰਤਸਰ ਦੇ ਸਮੱਗਲਰਾਂ ਨੂੰ ਹੈਰੋਇਨ ਦੀ ਕੈਮੀਕਲਾਂ ਰਾਹੀਂ ਪ੍ਰੋਸੈਸਿੰਗ ਕਰਨ ਦੀ ਟ੍ਰੇਨਿੰਗ ਦੇਣ ਆਇਆ ਸੀ। ਦਿੱਲੀ ¬ਕ੍ਰਾਈਮ ਬ੍ਰਾਂਚ ਵਲੋਂ ਵੀ ਹੈਰੋਇਨ ਦੀ ਇਕ ਵੱਡੀ ਖੇਪ ਦੇ ਕੇਸ ’ਚ ਇਕ ਅਫ਼ਗਾਨੀ ਸਮੱਗਲਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਇਕ ਕਿਲੋ ਹੈਰੋਇਨ ਨੂੰ ਕੈਮੀਕਲਾਂ ਰਾਹੀਂ ਪ੍ਰੋਸੈਸਿੰਗ ਕਰ ਕੇ 4-5 ਕਿਲੋ ਬਣਾਉਣਾ ਹੈ। ਇਸਦਾ ਤਰੀਕਾ ਅਫ਼ਗਾਨੀ ਸਮੱਗਲਰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਸਦੀ ਟ੍ਰੇਨਿੰਗ ਦੇਣ ਲਈ ਹੀ ਵਪਾਰੀ ਦੇ ਪਹਿਰਾਵੇ ’ਚ ਭਾਰਤ ਆਏ ਸਨ ।

ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤ ਰਹੀ ਮਜ਼ਦੂਰ ਆਗੂ ਦੀ ਹਾਦਸੇ ’ਚ ਮੌਤ

ਸੰਵੇਦਨਸ਼ੀਲ ਬੀ. ਓ. ਪੀਜ. ਤੋਂ ਹੈਰੋਇਨ ਮੰਗਵਾਉਣ ਵਾਲੇ ਸਮੱਗਲਰ ਸ਼ਿਕੰਜੇ ਤੋਂ ਦੂਰ 
ਬੀ. ਐੱਸ. ਐੱਫ਼. ਵੱਲੋਂ ਅੰਮਿ੍ਰਤਸਰ ਸੈਕਟਰ ਵਿਚ ਪਿਛਲੇ ਇਕ ਮਹੀਨੇ ਦੌਰਾਨ 3-4 ਸੰਵੇਦਨਸ਼ੀਲ ਬੀ. ਓ. ਪੀਜ. ਤੋਂ ਹੈਰੋਇਨ ਦੀ ਖੇਪ ਫੜੀ ਜਾ ਚੁੱਕੀ ਹੈ ਪਰ ਇਸ ਮਾਮਲੇ ਵਿਚ ਪੁਲਸ ਵਲੋਂ ਅਣਪਛਾਤੇ ਸਮੱਗਲਰਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰ ਕੇ ਪੱਲਾ ਝਾਡ਼ ਲਿਆ ਗਿਆ । ਹੁਣ ਤਕ ਉਨ੍ਹਾਂ ਸਮੱਗਲਰਾਂ ਦੀ ਨਾ ਤਾਂ ਪਛਾਣ ਹੋ ਸਕੀ ਹੈ ਅਤੇ ਨਾ ਹੀ ਪਤਾ ਚੱਲ ਸਕਿਆ ਹੈ, ਜਿਨ੍ਹਾਂ ਨੇ ਇਸ ਸੰਵੇਦਨਸ਼ੀਲ ਬੀ. ਓ. ਪੀਜ. ਰਾਹੀਂ ਹੈਰੋਇਨ ਦੀ ਖੇਪ ਤਾਂ ਮੰਗਵਾਈ ਪਰ ਕਾਮਯਾਬ ਨਹੀਂ ਹੋ ਸਕੇ । ਅਜੇ ਤਕ ਦੋ ਪਾਕਿਸਤਾਨੀ ਘੁਸਪੈਠੀਆਂ ਦੇ ਕੇਸ ਵਿਚ ਵੀ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਘੁਸਪੈਠੀਏ ਕਿਸ ਇਰਾਦੇ ਨਾਲ ਭਾਰਤੀ ਸਰਹੱਦ ’ਚ ਦਾਖਲ ਹੋਣ ਜਾ ਰਹੇ ਸਨ। ਕੀ ਉਹ ਅੱਤਵਾਦੀ ਹਮਲਾ ਕਰਨ ਦੀ ਫਿਰਾਕ ਵਿਚ ਸਨ ਜਾਂ ਕਿਸੇ ਹੋਰ ਮਕਸਦ ਨਾਲ ਆਏ ਸਨ ।

ਸਰਹੱਦੀ ਇਲਾਕੇ ’ਚ ਦੂਰੋਂ ਹੀ ਪਛਾਣਿਆ ਜਾਂਦੈ ਅਨਜਾਣ ਵਿਅਕਤੀ 
ਬਾਰਡਰ ਫੈਂਸਿੰਗ ਰਾਹੀਂ ਹੈਰੋਇਨ ਦੀ ਹੋਣ ਵਾਲੀ ਸਮੱਗਲਿੰਗ ਵਿਚ ਇਹ ਵੀ ਹੈਰਾਨੀਜਨਕ ਪਹਿਲੂ ਹੈ ਕਿ ਜਦੋਂ ਕਿਸੇ ਬਾਰਡਰ ਫੈਂਸਿੰਗ ਕੋਲ ਜਾਂ ਬਾਰਡਰ ਵੱਲ ਕੋਈ ਅਨਜਾਣ ਵਿਅਕਤੀ ਜਾਂਦਾ ਹੈ ਤਾਂ ਸੁੰਨਸਾਨ ਹੋਣ ਕਾਰਣ ਰਸਤੇ ਦਾ ਹੀ ਪਤਾ ਨਹੀਂ ਚੱਲਦਾ ਹੈ। ਇਨਾ ਹੀ ਨਹੀਂ ਸਰਹੱਦੀ ਇਲਾਕਿਆਂ, ਵਿਸ਼ੇਸ਼ ਤੌਰ ’ਤੇ ਫੈਂਸਿੰਗ ਕੋਲ ਸਥਿਤ ਪਿੰਡਾਂ ਦੇ ਲੋਕ ਆਪਣੇ ਇਲਾਕੇ ਵਿਚ ਆਉਣ ਵਾਲੇ ਅਨਜਾਣ ਵਿਅਕਤੀ ਨੂੰ ਦੂਰੋਂ ਪਛਾਣ ਲੈਂਦੇ ਹਨ। ਰਾਤ ਸਮੇਂ ਸਰਹੱਦੀ ਇਲਾਕਿਆਂ ਵਿਚ ਰੌਸ਼ਨੀ ਦਾ ਵੀ ਪ੍ਰਬੰਧ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ, ਇਸ ਲਈ ਹੈਰੋਇਨ ਸਮੱਗਲਰ ਰਾਤ ਦੇ ਸਮੇਂ ਜਾਂ ਸੰਘਣੀ ਧੁੰਦ ਵਿਚ ਸਵੇਰੇ ਸਮੇਂ ਬਾਰਡਰ ਫੈਂਸਿੰਗ ਦੇ ਕੋਲ ਕਿਵੇਂ ਪਹੁੰਚ ਜਾਂਦੇ ਹਨ ਇਹ ਇਕ ਵੱਡਾ ਸਵਾਲ ਹੈ, ਜਦੋਂ ਕਿ ਰਾਤ ਸਮੇਂ ਬਾਰਡਰ ਫੈਂਸਿੰਗ ਦੇ 500 ਮੀਟਰ ਦੇ ਦਾਇਰੇ ਵਿਚ ਮਜਿਸਟਰੇਟ ਅਧਿਕਾਰੀ ਨੇ ਧਾਰਾ 144 ਲਾਈ ਹੋਈ ਹੈ ।

ਇਹ ਵੀ ਪੜ੍ਹੋ : ਹੁਣ 31 ਮਾਰਚ 2021 ਤੱਕ ਹੋਵੇਗੀ ਵਾਹਨਾਂ ਨਾਲ ਸਬੰਧਤ ਕਾਗਜ਼ਾਤਾਂ ਦੀ ਜਾਇਜ਼ਤਾ, ਨਹੀਂ ਹੋਵੇਗਾ ਚਲਾਨ

ਸਖ਼ਤ ਮੁਹਿੰਮ ਚਲਾਉਣ ਦੀ ਲੋਡ਼ 
ਹੈਰੋਇਨ ਦੀ ਸਪਲਾਈ ਅਤੇ ਮੰਗ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਸ਼ਿਆਂ ਖ਼ਿਲਾਫ਼ ਜਾਰੀ ਮੁਹਿੰਮ ਨੂੰ ਉਸੇ ਤਰ੍ਹਾਂ ਸਖਤੀ ਨਾਲ ਚਲਾਉਣ ਦੀ ਲੋਡ਼ ਹੈ ਜਿਵੇਂ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਦੇ ਸ਼ੁਰੂਆਤੀ ਦਿਨਾਂ ਵਿਚ ਚਲਾਈ ਸੀ। ਕੰਮ ਨਾ ਕਰਨ ਵਾਲੇ , ਫੋਨ ਨਾ ਚੁੱਕਣ ਵਾਲੇ ਅਤੇ ਫੋਕੇ ਦਾਅਵੇ ਕਰਨ ਵਾਲੇ ਪ੍ਰਬੰਧਕੀ ਅਤੇ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣ ਦੀ ਲੋਡ਼ ਹੈ, ਤਾਂ ਕਿ ਨੌਜਵਾਨ ਪੀਡ਼੍ਹੀ ਨੂੰ ਨਸ਼ੇ ਦੀ ਦਲਦਲ ਵਿਚ ਫਸਣ ਤੋਂ ਬਚਾਇਆ ਜਾ ਸਕੇ ।

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Baljeet Kaur

Content Editor

Related News