ਨਵਾਬ ਖਾਨ ਤੇ ਤੈਫਲ ਦੀ ਤਰ੍ਹਾਂ ਫੈਕਟਰੀ ਚਲਾ ਰਹੇ ਸਨ ਹੈਪੀ ਤੇ ਅਰਮਾਨ

02/03/2020 9:50:47 AM

ਅੰਮ੍ਰਿਤਸਰ (ਨੀਰਜ) - 200 ਕਿਲੋ ਹੈਰੋਇਨ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਹੈਪੀ ਤੇ ਅਫਗਾਨ ਨਾਗਰਿਕ ਅਰਮਾਨ ਬਾਸ਼ਰਮਲ ਹੈਰੋਇਨ ਦੀ ਪ੍ਰੋਸੈਸਿੰਗ ਕਰਨ ਲਈ ਦਿੱਲੀ ਕ੍ਰਾਈਮ ਬ੍ਰਾਂਚ ਵਲੋਂ ਗ੍ਰਿਫਤਾਰ ਕੀਤੇ ਗਏ ਅਫਗਾਨ ਨਾਗਰਿਕ ਨਵਾਬ ਖਾਨ ਉਰਫ ਅਹਿਮਦ ਸ਼ਾਹ ਅਲਕਜੋਈ ਅਤੇ ਦਿੱਲੀ ਵਾਸੀ ਆਟੋ ਚਾਲਕ ਤੈਫਲ ਵਾਂਗ ਫੈਕਟਰੀ ਚਲਾ ਰਹੇ ਸਨ। ਇਨ੍ਹਾਂ ਦੋਵਾਂ ਕੇਸਾਂ ’ਚ ਹੈਰੋਇਨ ਦੀ ਪ੍ਰੋਸੈਸਿੰਗ ਕਰਨ ਦਾ ਤਰੀਕਾ ਇਕੋ ਜਿਹਾ ਲੱਗ ਰਿਹਾ ਹੈ, ਜਿਸ ਕਰਕੇ ਐੱਸ. ਟੀ. ਐੱਫ. ਤੋਂ ਇਲਾਵਾ ਹੋਰ ਕੇਂਦਰੀ ਏਜੰਸੀਆਂ ਅੰਮ੍ਰਿਤਸਰ ਦੇ 200 ਕਿਲੋ ਹੈਰੋਇਨ ਦੇ ਕੇਸ ਨੂੰ ਦਿੱਲੀ ਨਾਲ ਲਿੰਕ ਕਰ ਰਹੀਆਂ ਹਨ।

ਜਾਣਕਾਰੀ ਅਨੁਸਾਰ ਜੁਲਾਈ 2019 ’ਚ ਦਿੱਲੀ ਕ੍ਰਾਈਮ ਬ੍ਰਾਂਚ ਵੱਲੋਂ ਦਿੱਲੀ ’ਚ ਜੂਟ ਬੈਗਸ ’ਚੋਂ 150 ਕਿਲੋ ਹੈਰੋਇਨ, ਸੋਨੀਪਤ ’ਚ ਕਿਸ਼ਮਿਸ਼ ਦੀਆਂ ਪੇਟੀਆਂ ’ਚੋਂ 50 ਕਿਲੋ ਹੈਰੋਇਨ ਅਤੇ ਨਵੀਂ ਮੁੰਬਈ ’ਚ ਸਬਜਾ ਬੀਜ ਦੀਆਂ ਬੋਰੀਆਂ ’ਚੋਂ 180 ਕਿਲੋ ਹੈਰੋਇਨ ਦੀ ਖੇਪ ਨੂੰ ਜ਼ਬਤ ਕੀਤਾ ਸੀ। ਇਸ ਖੇਪ ਨੂੰ ਅਫਗਾਨਿਸਤਾਨ ਦੇ ਹਾਜੀ ਨੇ ਭਾਰਤ ਭੇਜਿਆ ਸੀ। ਇਸ ਦੇ ਲਈ ਹਾਜੀ ਨੇ ਆਈ. ਸੀ. ਪੀ. ਅਟਾਰੀ ਬਾਰਡਰ ਅਤੇ ਮੁੰਬਈ ਦਾ ਸਮੁੰਦਰੀ ਰਸਤਾ ਚੁਣਿਆ ਪਰ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਹਾਜੀ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ। ਇਸ ਮਾਮਲੇ ’ਚ ਦਿੱਲੀ ਦੇ ਲਾਜਪਤ ਨਗਰ ’ਚ ਰਹਿਣ ਵਾਲਾ ਆਟੋ ਚਾਲਕ ਤੈਫਲ ਦਿੱਲੀ ਅਤੇ ਪੰਜਾਬ ’ਚ ਅਫਗਾਨੀ ਹਾਜੀ ਦਾ ਏਜੰਟ ਬਣਿਆ ਹੋਇਆ ਸੀ ਅਤੇ ਹੈਰੋਇਨ ਦੀ ਵਿਕਰੀ ਕਰ ਰਿਹਾ ਸੀ। ਤੈਫਲ ਨੂੰ ਹੈਰੋਇਨ ਪ੍ਰੋਸੈਸਿੰਗ ਦੀ ਟ੍ਰੇਨਿੰਗ ਦੇਣ ਲਈ ਅਫਗਾਨ ਨਾਗਰਿਕ ਨਵਾਬ ਖਾਨ ਵਿਸ਼ੇਸ਼ ਰੂਪ ਨਾਲ ਦਿੱਲੀ ’ਚ ਰਹਿ ਰਿਹਾ ਸੀ।

ਤੈਫਲ ਨੇ ਅੰਮ੍ਰਿਤਸਰ ਜੇਲ ’ਚ ਲਈ ਸੀ ਟ੍ਰੇਨਿੰਗ
ਤੈਫਲ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ ’ਚ ਪੁਰਾਣੇ ਸਮੱਗਲਰਾਂ ਨਾਲ ਮਿਲ ਕੇ ਗੈਂਗ ਬਣਾਇਆ ਸੀ। ਤੈਫਲ ਨੇ ਇਸ ਦੀ ਸਾਰੀ ਟ੍ਰੇਨਿੰਗ ਵੀ ਅੰਮ੍ਰਿਤਸਰ ਜੇਲ ਤੋਂ ਹੀ ਲਈ ਸੀ। ਉਸ ਨੂੰ 2013 ’ਚ ਪੰਜਾਬ ਪੁਲਸ ਨੇ 250 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਾਲ ਅੰਮ੍ਰਿਤਸਰ ਦਾ ਰਣਜੀਤ ਸਿੰਘ ਉਰਫ ਰਾਣਾ ਉਰਫ ਚੀਤਾ ਵੀ ਜੇਲ ’ਚ ਹੀ ਸੀ।

ਅਹਿਮਦ ਸ਼ਾਹ ਅਲਕਜੋਈ ਕਰ ਰਿਹਾ ਸੀ ਡਰਾਈ ਫਰੂਟ ਦੀ ਆੜ ’ਚ ਹੈਰੋਇਨ ਦੀ ਸਮੱਗਲਿੰਗ
ਦਿੱਲੀ ਦਾ ਆਟੋ ਚਾਲਕ ਤੈਫਲ ਦਿੱਲੀ ਦੀ ਹੀ ਡਰਾਈ ਫਰੂਟ ਮੰਡੀ ਦੇ ਨਾਮੀ ਅਫਗਾਨੀ ਨਾਗਰਿਕ ਅਹਿਮਦ ਸ਼ਾਹ ਅਲਕਜੋਈ ਉਰਫ ਨਵਾਬ ਖਾਨ ਦੇ ਸੰਪਰਕ ’ਚ ਸੀ ਅਤੇ ਅਹਿਮਦ ਹੀ ਭਾਰਤ ’ਚ ਹਾਜੀ ਦਾ ਇਕ ਵੱਡਾ ਏਜੰਟ ਬਣਿਆ ਹੋਇਆ ਸੀ। ਜਾਣਕਾਰੀ ਅਨੁਸਾਰ ਅਹਿਮਦ ਦਾ ਡਰਾਈ ਫਰੂਟ ਦੇ ਕਾਰੋਬਾਰ ’ਚ ਚੰਗਾ ਨਾਂ ਸੀ ਅਤੇ ਇਸ ਦੀ ਆੜ ’ਚ ਉਸ ਨੇ ਅਫਗਾਨਿਸਤਾਨ ਦੇ ਹਾਜੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਬਜਾ ਬੀਜ ਦੀਆਂ ਬੋਰੀਆਂ ਅਤੇ ਕਿਸ਼ਮਿਸ਼ ਦੇ ਡੱਬਿਆਂ ’ਚ ਹੈਰੋਇਨ ਲੁਕਾ ਕੇ ਭਾਰਤ ਲਿਆਉਣ ਦਾ ਆਈਡੀਆ ਵੀ ਅਹਿਮਦ ਦਾ ਹੀ ਸੀ।

ਜ਼ਾਕਿਰ ਨਗਰ ਦੇ ਫਲੈਟ ’ਚ ਬਣਾ ਰੱਖੀ ਸੀ ਹੈਰੋਇਨ ਪ੍ਰੋਸੈਸਿੰਗ ਦੀ ਫੈਕਟਰੀ
ਅਹਿਮਦ ਸ਼ਾਹ ਅਤੇ ਤੈਫਲ ਨੇ ਦਿੱਲੀ ਦੇ ਜ਼ਾਕਿਰ ਨਗਰ ’ਚ ਇਕ ਫਲੈਟ ਖਰੀਦ ਰੱਖਿਆ ਸੀ, ਜਿਸ ਵਿਚ ਅਫਗਾਨਿਸਤਾਨ ਤੋਂ ਆਉਣ ਵਾਲੀ ਹੈਰੋਇਨ ਦੀ ਪ੍ਰੋਸੈਸਿੰਗ ਕਰਨ ਲਈ ਫੈਕਟਰੀ ਬਣਾ ਰੱਖੀ ਸੀ। ਅਫਗਾਨਿਸਤਾਨ ਤੋਂ ਆਉਣ ਵਾਲੀ ਕੱਚੀ ਹੈਰੋਇਨ ਨੂੰ ਕੈਮੀਕਲ ਪਾ ਕੇ ਪ੍ਰੋਸੈਸ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ 100-100 ਗ੍ਰਾਮ ਦੀ ਪਲਾਸਟਿਕ ਦੀ ਪੈਕਿੰਗ ’ਚ ਬੰਦ ਕਰ ਕੇ ਡਲਿਵਰੀ ਲਈ ਤਿਆਰ ਕੀਤਾ ਜਾਂਦਾ ਸੀ। ਕੁਝ ਇਸ ਤਰ੍ਹਾਂ 200 ਕਿਲੋ ਹੈਰੋਇਨ ਦੇ ਕੇਸ ’ਚ ਗ੍ਰਿਫਤਾਰ ਕੀਤੇ ਗਏ ਹੈਪੀ ਅਤੇ ਅਰਮਾਨ ਬਾਸ਼ਰਮਲ ਹੈਰੋਇਨ ਦੀ ਪ੍ਰੋਸੈਸਿੰਗ ਕਰ ਰਹੇ ਸਨ।
 


rajwinder kaur

Content Editor

Related News