ਨਿਗਮ ਦੀ ਜਨਰਲ ਬ੍ਰਾਂਚ ''ਚੋਂ ਐੱਮ. ਟੀ. ਪੀ. ਵਿਭਾਗ ਦੀ ਸ਼ਿਕਾਇਤੀ ਫਾਈਲ ਗਾਇਬ, ਮਚਿਆ ਹੜਕੰਪ
Wednesday, Jan 08, 2020 - 10:20 AM (IST)
ਅੰਮ੍ਰਿਤਸਰ (ਰਮਨ) : ਨਗਰ ਨਿਗਮ ਦੀ ਜਨਰਲ ਬ੍ਰਾਂਚ ਤੋਂ ਐੱਮ. ਟੀ. ਪੀ. ਵਿਭਾਗ ਦੀ ਸ਼ਿਕਾਇਤੀ ਫਾਈਲ ਗਾਇਬ ਹੋਣ ਨਾਲ ਹੜਕੰਪ ਮਚ ਗਿਆ ਹੈ। ਉਕਤ ਫਾਈਲ ਨੂੰ ਲੈ ਕੇ ਜਨਰਲ ਬ੍ਰਾਂਚ ਵਲੋਂ ਪੁਲਸ ਨੂੰ ਐੱਫ. ਆਈ. ਆਰ. ਲਈ ਲਿਖ ਦਿੱਤੀ ਗਈ ਹੈ। ਇਹ ਫਾਈਲ ਜਨਰਲ ਬ੍ਰਾਂਚ 'ਚ ਡਾਇਰੀ ਨੰ. 2945 ਤਰੀਕ 5/9/2017 ਨੂੰ ਆਈ ਸੀ ਪਰ ਉਸ ਤੋਂ ਬਾਅਦ ਫਾਈਲ ਉਥੇ ਨਹੀਂ ਦਿਖੀ। ਮਾਮਲਾ ਚੰਡੀਗੜ੍ਹ ਲੋਕਪਾਲ ਤੱਕ ਪਹੁੰਚ ਗਿਆ ਹੈ। ਸੋਮਵਾਰ ਨੂੰ ਉਕਤ ਕੇਸ ਨੂੰ ਲੈ ਕੇ ਲੋਕਪਾਲ ਕੋਲ ਅਧਿਕਾਰੀਆਂ ਦੀ ਪੇਸ਼ੀ ਸੀ, ਜਿਸ ਕਾਰਣ ਅਗਲੀ ਤਰੀਕ ਪਾ ਦਿੱਤੀ ਗਈ ਹੈ। ਉਥੇ ਹੀ ਜਨਰਲ ਬ੍ਰਾਂਚ ਵੱਲੋਂ ਸ਼ਿਕਾਇਤਕਰਤਾ ਵੱਲੋਂ ਉਕਤ ਫਾਈਲ ਦੀ ਫੋਟੋ ਕਾਪੀ ਲਿਖਤੀ 'ਚ ਮੰਗ ਕੀਤੀ ਗਈ ਹੈ।
7 ਇਮਾਰਤਾਂ ਦੀ ਹੋਈ ਸੀ ਸ਼ਿਕਾਇਤ
ਸ਼ਹਿਰ 'ਚ ਸਾਲ 2016 ਨੂੰ ਐੱਮ. ਟੀ. ਪੀ. ਐਕਟੀਵਿਸਟ ਸੁਰੇਸ਼ ਸ਼ਰਮਾ ਨੇ 7 ਇਮਾਰਤਾਂ ਦੀ ਸ਼ਿਕਾਇਤ ਕੀਤੀ ਸੀ। ਇਸ ਸਬੰਧੀ ਲੋਕਪਾਲ ਪੰਜਾਬ ਨੇ ਗੰਭੀਰ ਨੋਟਿਸ ਲੈਂਦਿਆਂ ਤਤਕਾਲੀਨ ਅੰਮ੍ਰਿਤਸਰ ਨਗਰ ਨਿਗਮ ਦੇ ਐੱਮ. ਟੀ. ਪੀ. ਨਰਿੰਦਰ ਸ਼ਰਮਾ, ਵਧੀਕ ਚੀਫ ਸੈਕਟਰੀ ਸਥਾਨਕ ਸਰਕਾਰਾਂ ਵਿਭਾਗ ਚੰਡੀਗੜ੍ਹ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਪੰਜਾਬ ਲੋਕਪਾਲ ਐਕਟ 1996 ਸਬ-ਸੈਕਸ਼ਨ 9 (2) ਤਹਿਤ ਨੋਟਿਸ ਜਾਰੀ ਕਰਦਿਆਂ 6 ਜਨਵਰੀ 2020 ਨੂੰ ਚੰਡੀਗੜ੍ਹ ਦਫ਼ਤਰ 'ਚ ਪੇਸ਼ ਹੋਣ ਦੀ ਹਦਾਇਤ ਕੀਤੀ ਸੀ। ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਕਰੀਬ 7 ਇਮਾਰਤਾਂ ਦੀ ਸ਼ਿਕਾਇਤ ਉਨ੍ਹਾਂ ਸਾਲ 2016 'ਚ ਸਥਾਨਕ ਸਰਕਾਰਾਂ ਵਿਭਾਗ, ਵਿਜੀਲੈਂਸ ਬਿਊਰੋ ਅਤੇ ਨਿਗਮ ਕਮਿਸ਼ਨਰ ਨੂੰ ਦਿੱਤੀ ਸੀ।
ਨਿਗਮ ਦੇ ਵਿਭਾਗਾਂ 'ਚ ਸਰਕਾਰੀ ਫਾਈਲਾਂ ਗਾਇਬ ਹੋਣਾ ਆਮ ਗੱਲ
ਨਗਰ ਨਿਗਮ ਦੇ ਵਿਭਾਗਾਂ 'ਚ ਸਰਕਾਰੀ ਫਾਈਲਾਂ ਗਾਇਬ ਹੋਣਾ ਆਮ ਗੱਲ ਹੋ ਗਈ ਹੈ। ਪਿਛਲੇ ਸਮੇਂ 'ਚ 346 ਸਫਾਈ ਸੇਵਕਾਂ ਦੀ ਫਾਈਲ ਵੀ ਜਨਰਲ ਬ੍ਰਾਂਚ 'ਚੋਂ ਗਾਇਬ ਹੋਈ ਸੀ, ਉਥੇ ਹੀ ਅਸਟੇਟ ਵਿਭਾਗ ਤੋਂ ਲੀਜ਼ ਪ੍ਰਾਪਰਟੀ ਦੀਆਂ 120 ਦੇ ਲਗਭਗ ਫਾਈਲਾਂ ਗਾਇਬ ਹੋ ਗਈਆਂ ਸਨ, ਜਿਨ੍ਹਾਂ ਦਾ ਅੱਜ ਤੱਕ ਪਤਾ ਨਹੀਂ ਲੱਗਾ। ਸਿਹਤ ਵਿਭਾਗ ਵੱਲੋਂ ਡਾ. ਗੀਤੂ ਸਰੀਨ ਦੀ ਫਾਈਲ ਗਾਇਬ ਹੋਣ ਦਾ ਮਾਮਲਾ ਹਾਊਸ ਦੀ ਬੈਠਕ 'ਚ ਵੀ ਗਰਮਾਇਆ ਸੀ।
ਕਰਮਚਾਰੀ ਸਰਵਿਸ ਬੁੱਕ ਰੱਖਦੇ ਹਨ ਆਪਣੇ ਘਰ
ਨਿਗਮ 'ਚ ਅਨੇਕਾਂ ਕਰਮਚਾਰੀ ਅਜਿਹੇ ਹਨ, ਜੋ ਆਪਣੀ ਸਰਵਿਸ ਬੁੱਕ ਆਪਣੇ ਘਰ ਦੀ ਤਿਜੌਰੀ ਵਿਚ ਸੰਭਾਲ ਕੇ ਰੱਖਦੇ ਹਨ, ਜਦਕਿ ਇਹ ਨਿਗਮ ਦੇ ਰਿਕਾਰਡ ਵਿਚ ਮੌਜੂਦ ਹੋਣੀ ਚਾਹੀਦੀ ਹੈ। ਦੂਜੇ ਪਾਸੇ ਕਈ ਅਜਿਹੇ ਅਧਿਕਾਰੀ, ਕਰਮਚਾਰੀ ਹਨ, ਜਿਨ੍ਹਾਂ ਦੇ ਘਰਾਂ 'ਚ ਸਰਕਾਰੀ ਫਾਈਲਾਂ ਦੇ ਢੇਰ ਲੱਗੇ ਰਹਿੰਦੇ ਹਨ। ਜਦੋਂ ਕਦੇ ਉਸ ਫਾਈਲ ਦੀ ਲੋੜ ਨਿਗਮ 'ਚ ਪੈ ਜਾਵੇ ਤਾਂ ਇਹ ਕਹਿ ਦਿੰਦੇ ਹਨ ਕਿ ਉਹ ਤਾਂ ਘਰ ਹੈ, ਬਲਕਿ ਸਰਕਾਰੀ ਰਿਕਾਰਡ ਬਿਨਾਂ ਕਿਸੇ ਉੱਚ ਅਧਿਕਾਰੀ ਦੀ ਆਗਿਆ ਦੇ ਸਰਕਾਰੀ ਦਫਤਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ।
ਫਾਈਲ ਜਨਰਲ ਬ੍ਰਾਂਚ 'ਚੋਂ ਗਾਇਬ ਹੋਈ ਹੈ, ਇਹ ਸਾਲ 2017 ਨੂੰ ਬ੍ਰਾਂਚ ਵਿਚ ਆਈ ਸੀ। ਇਸ ਸਬੰਧੀ ਐੱਫ. ਆਈ. ਆਰ. ਲਈ ਲਿਖ ਦਿੱਤਾ ਹੈ। ਬਾਕੀ ਸ਼ਿਕਾਇਤਕਰਤਾ ਨੂੰ ਉਸ ਦੀ ਫੋਟੋ ਕਾਪੀ ਰਿਕਾਰਡ ਦੇਣ ਲਈ ਲਿਖ ਕੇ ਭੇਜਿਆ ਹੈ। – ਰਾਜਿੰਦਰ ਸ਼ਰਮਾ, ਸੁਪਰਡੈਂਟ ਜਨਰਲ ਬ੍ਰਾਂਚ