ਸਾਬਕਾ ਫੌਜੀ ਨੇ ਇਨਸਾਫ ਤੇ ਸੁਰੱਖਿਆ ਲਈ ਰਾਸ਼ਟਰਪਤੀ ਨੂੰ ਲਿਖਿਆ ਪੱਤਰ

12/28/2019 1:16:40 PM

ਅੰਮ੍ਰਿਤਸਰ (ਛੀਨਾ) : ਇਕ ਸਾਬਕਾ ਫੌਜੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਆਪਣੇ ਪਰਿਵਾਰ ਲਈ ਸੁਰੱਖਿਆ ਤੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਫੌਜੀ ਕਮਲਜੀਤ ਸਿੰਘ ਪੁੱਤਰ ਧਰਮ ਸਿੰਘ ਸਾਬਕਾ ਫੌਜੀ ਵਾਸੀ ਪਿੰਡ ਨਾਗੋਕੇ ਜ਼ਿਲਾ ਤਰਨਤਾਰਨ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਲੋਕਾਂ ਨੇ ਚੋਣਾਂ ਦੀ ਰੰਜਿਸ਼ ਕਾਰਣ 15 ਅਕਤੂਬਰ 2018 ਨੂੰ ਸਾਡੇ ਘਰ ਆ ਕੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਥਾਣਾ ਵੈਰੋਵਾਲ ਦੀ ਪੁਲਸ ਨੇ ਸਿਆਸੀ ਦਬਾਅ ਹੇਠ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਉਲਟਾ ਮੇਰੇ, ਮੇਰੀ ਪਤਨੀ ਪਲਵਿੰਦਰ ਕੌਰ, ਵੱਡੇ ਭਰਾ ਹਰਪ੍ਰੀਤ ਸਿੰਘ, ਭਰਜਾਈ ਸਰਬਜੀਤ ਕੌਰ, ਛੋਟੇ ਭਰਾ ਪਰਮਜੀਤ ਸਿੰਘ ਤੇ ਮੇਰੇ ਸਾਲੇ ਵਰਿੰਦਰਪਾਲ ਸਿੰਘ 'ਤੇ ਕੇਸ ਦਰਜ ਕਰ ਦਿੱਤਾ ਸੀ।

ਸਾਬਕਾ ਫੌਜੀ ਨੇ ਕਿਹਾ ਕਿ 24 ਮਾਰਚ 2019 ਨੂੰ ਫਿਰ ਉਕਤ ਵਿਅਕਤੀਆਂ ਨੇ ਸਾਡੇ ਘਰ ਆ ਕੇ ਤੇਜ਼ਧਾਰ ਹਥਿਆਰਾਂ ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ ਸੀ। ਇਸ ਦੌਰਾਨ ਮੇਰੇ ਪਿਤਾ ਧਰਮ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਘਰ 'ਚ 2 ਮੇਮਣੇ ਇੱਟਾਂ-ਰੋੜੇ ਵੱਜਣ ਨਾਲ ਮਰ ਗਏ ਸਨ। ਬੀਤੀ 24 ਜੁਲਾਈ ਨੂੰ ਉਕਤ ਵਿਅਕਤੀਆਂ ਨੇ ਫਿਰ ਹਮਲਾ ਕਰ ਕੇ ਮੈਨੂੰ ਗੰਭੀਰ ਜ਼ਖਮੀ ਕੀਤਾ ਅਤੇ 19 ਸਤੰਬਰ ਨੂੰ ਉਨ੍ਹਾਂ ਨੇ ਮੇਰੇ ਛੋਟੇ ਭਰਾ ਪਰਮਜੀਤ ਸਿੰਘ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਆਉਂਦਿਆਂ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਥਾਣਾ ਵੈਰੋਵਾਲ ਦੀ ਪੁਲਸ ਨੇ ਕਦੇ ਸਾਨੂੰ ਇਨਸਾਫ ਦਿਵਾਉਣ 'ਚ ਤਵੱਜੋ ਨਹੀਂ ਦਿਖਾਈ, ਜਿਸ ਕਾਰਣ ਇਨਸਾਫ ਹਾਸਲ ਕਰਨ ਲਈ ਐੱਸ. ਐੱਸ. ਪੀ. ਤਰਨਤਾਰਨ ਤੇ ਡੀ. ਆਈ. ਜੀ. ਬਾਰਡਰ ਰੇਂਜ ਸਮੇਤ ਕਈ ਹੋਰ ਉੱਚ ਪੁਲਸ ਅਧਿਕਾਰੀਆਂ ਨੂੰ ਮਿਲ ਕੇ ਫਰਿਆਦਾਂ ਕਰ ਚੁੱਕਾ ਹਾਂ ਪਰ ਸਿਆਸੀ ਦਬਾਅ ਕਾਰਣ ਹਰ ਦਰਖਾਸਤ ਦੀ ਜਾਂਚ ਅਜੇ ਤੱਕ ਘੁੰਮਣਘੇਰੀਆਂ 'ਚ ਹੀ ਫਸੀ ਹੋਈ ਹੈ। ਇਸ ਸਾਰੇ ਘਟਨਾਚੱਕਰ ਦੌਰਾਨ ਮੇਰੇ ਪਿਤਾ ਧਰਮ ਸਿੰਘ ਦੀ ਸੱਟਾਂ ਤੇ ਸਦਮੇ ਕਾਰਣ ਮੌਤ ਵੀ ਹੋ ਚੁੱਕੀ ਹੈ ਪਰ ਫਿਰ ਵੀ ਪੁਲਸ ਸਾਡੀ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ। ਕਮਲਜੀਤ ਸਿੰਘ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ 'ਚ ਆਪਣੇ ਨਾਲ ਵਾਪਰੀ ਸਾਰੀ ਘਟਨਾ ਨੂੰ ਬਿਆਨ ਕਰਦਿਆਂ ਕਿਹਾ ਕਿ ਉਸ ਨੂੰ ਸਿਆਸੀ ਦਬਾਅ ਹੇਠ ਪਿੰਡ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਮਾਮਲੇ ਦੀ ਸੀ. ਬੀ. ਆਈ. ਕੋਲੋਂ ਜਾਂਚ ਕਰਵਾ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ।

ਇਸ ਮੌਕੇ ਭਗਵਾਨ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ ਦੇ ਆਗੂ ਜੋਗਾ ਸਿੰਘ ਵਡਾਲਾ, ਤੀਰਥ ਸਿੰਘ ਕੋਹਾਲੀ, ਬਲਵਿੰਦਰ ਸਿੰਘ ਮੂਧਲ ਤੇ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਦੇ ਰਾਖੇ ਸਾਬਕਾ ਫੌਜੀ ਨਾਲ ਹੋਈ ਵਧੀਕੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਪੁਲਸ ਥਾਣਾ ਵੈਰੋਵਾਲ ਦੇ ਇੰਚਾਰਜ ਨਾਲ ਗੱਲ ਨਹੀਂ ਹੋ ਸਕੀ।


Baljeet Kaur

Content Editor

Related News