1035 ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ

Saturday, Aug 24, 2019 - 01:18 PM (IST)

1035 ਨਸ਼ੇ ਵਾਲੀਆਂ ਗੋਲੀਆਂ ਅਤੇ ਡਰੱਗ ਮਨੀ ਬਰਾਮਦ

ਅੰਮ੍ਰਿਤਸਰ (ਸੰਜੀਵ) : ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਪਿੰਡ ਧਿਆਨਪੁਰ ਦੇ ਸਾਬਕਾ ਸਰਪੰਚ ਨਿਸ਼ਾਨ ਸਿੰਘ ਦੇ ਕਤਲ ਦੀ ਸੁਪਾਰੀ ਦੇਣ ਵਾਲੇ ਬਲਕਾਰ ਸਿੰਘ ਵਾਸੀ ਧਿਆਨਪੁਰ ਤੇ ਉਸ ਦੇ ਸਾਥੀ ਗੁਲਜ਼ਾਰ ਸਿੰਘ ਵਾਸੀ ਹਵੇਲੀਆਂ ਨੂੰ ਥਾਣਾ ਖਿਲਚੀਆਂ ਦੀ ਪੁਲਸ ਨੇ ਇਕ ਦੇਸੀ ਕੱਟੇ, 9 ਗ੍ਰਾਮ ਹੈਰੋਇਨ, 2335 ਨਸ਼ੇ ਵਾਲੀਆਂ ਗੋਲੀਆਂ ਤੇ 2 ਗੋਲੀਆਂ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਸ ਰਿਮਾਂਡ 'ਤੇ ਲਿਆ ਸੀ। ਜਾਂਚ ਤੋਂ ਬਾਅਦ ਦਿਹਾਤੀ ਪੁਲਸ ਨੇ ਅੱਜ ਅੰਮ੍ਰਿਤਸਰ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਵਾਸੀ ਪ੍ਰਤਾਪ ਨਗਰ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਕਬਜ਼ੇ 'ਚੋਂ 1035 ਨਸ਼ੇ ਵਾਲੀਆਂ ਗੋਲੀਆਂ ਅਤੇ 7550 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਉਕਤ ਮੁਲਜ਼ਮ ਨੂੰ ਵੀ 16 ਅਗਸਤ ਨੂੰ ਦਰਜ ਕੀਤੇ ਗਏ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲੇ ਵਿਚ ਸ਼ਾਮਿਲ ਕੀਤਾ ਹੈ। ਇਹ ਖੁਲਾਸਾ ਅੱਜ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ 19 ਅਗਸਤ ਨੂੰ ਗੁਲਜ਼ਾਰ ਸਿੰਘ ਤੇ ਬਲਕਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ।

ਪੁਲਸ ਰਿਮਾਂਡ ਦੌਰਾਨ ਦੋਵਾਂ ਸਮੱਗਲਰਾਂ ਨੇ ਮੰਨਿਆ ਕਿ ਉਹ ਨਸ਼ੇ ਵਾਲਾ ਪਦਾਰਥ ਅੰਮ੍ਰਿਤਸਰ ਦੇ ਬਿਕਰਮਜੀਤ ਸਿੰਘ ਤੋਂ ਖਰੀਦਦੇ ਹਨ, ਜਿਸ 'ਤੇ ਥਾਣਾ ਖਿਲਚੀਆਂ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਸ ਬਲ ਨਾਲ ਛਾਪੇਮਾਰੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦਾ ਪਿਤਾ ਪਰਮਜੀਤ ਸਿੰਘ 8 ਕਿਲੋ ਹੈਰੋਇਨ ਦੇ ਮਾਮਲੇ 'ਚ ਅੰਮ੍ਰਿਤਸਰ ਦੀ ਕੇਂਦਰੀ ਜੇਲ 'ਚ ਸਜ਼ਾ ਕੱਟ ਰਿਹਾ ਹੈ। ਪੁਲਸ ਗ੍ਰਿਫਤਾਰ ਕੀਤੇ ਗਏ ਬਿਕਰਮਜੀਤ ਸਿੰਘ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਵੱਲੋਂ ਨਸ਼ਾ ਸਪਲਾਈ ਕੀਤੇ ਜਾਣ ਵਾਲੇ ਕਈ ਹੋਰ ਟਿਕਾਣਿਆਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


author

Baljeet Kaur

Content Editor

Related News