ਜ਼ਖਮੀ ਨੂੰ ਬਚਾਉਂਦੇ ਲੱਤਾ ਗਵਾਉਣ ਵਾਲੀ ਬਾਹਦਰ ਧੀ ਨੂੰ ਡੀ.ਸੀ. ਨੇ ਕੀਤਾ ਸਨਮਾਨਿਤ
Thursday, Jan 30, 2020 - 03:12 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਜ਼ਖਮੀ ਨੂੰ ਬਚਾਉਂਦੇ ਲੱਤਾਂ ਗੁਆਉਣ ਵਾਲੀ ਡਾ. ਅਨੁਪਮਾ ਨੇ ਸਰਕਾਰ ਨੂੰ ਦਿਨੇ ਤਾਰੇ ਦਿਖਾ ਦਿੱਤੇ। ਉਨ੍ਹਾਂ ਨੇ ਕਲਰਕ ਅਤੇ ਡਰਾਈਵਰ ਹੱਥੋਂ ਭੇਜਿਆ ਸਨਮਾਨ ਠੁਕਰਾਅ ਦਿੱਤਾ, ਜਿਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੁੱਧਵਾਰ ਕ੍ਰਿਸ਼ਨਾ ਸਕਵੇਅਰ ਸਥਿਤ ਡਾ. ਅਨੁਪਮਾ ਦੇ ਘਰ ਪੁੱਜੇ ਤੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਸਨਮਾਨ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਤਾਂ ਇਹ ਸਨਮਾਨ ਲੈ ਕੇ ਖੁਦ ਆਉਣ ਵਾਲੇ ਸਨ ਪਰ ਪਤਾ ਨਹੀਂ ਕਿਵੇਂ ਡਰਾਈਵਰ ਇਹ ਸਨਮਾਨ ਲੈ ਕੇ ਪੁੱਜ ਗਿਆ। ਡੀ. ਸੀ ਨੇ ਕਿਹਾ ਡਾ. ਅਨੁਪਮਾ ਨੇ ਮਨੁੱਖਤਾ ਦੀ ਮਿਸਾਲ ਪੈਦਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਤਰਨਤਾਰਨ ਰੋਡ ਸਥਿਤ ਪਿੰਡ ਬੰਡਾਲਾ ਨੇੜੇ 10 ਦਸੰਬਰ 2019 ਨੂੰ ਹੋਏ ਸੜਕ ਹਾਦਸੇ 'ਚ ਇਕ ਜ਼ਖ਼ਮੀ ਨੂੰ ਮੁੱਢਲੀ ਮਦਦ ਦੇਣ ਲਈ ਆਪਣੀ ਕਾਰ 'ਚੋਂ ਉਤਰੀ ਡਾ. ਅਨੁਪਮਾ ਨੂੰ ਟਰਾਲੇ ਨੇ ਆਪਣੀ ਲਪੇਟ 'ਚ ਲੈ ਲਿਆ ਸੀ। ਇਲਾਜ ਦੌਰਾਨ ਉਨ੍ਹਾਂ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਇਸ ਬਹਾਦੁਰ ਧੀ ਨੂੰ ਜ਼ਿਲਾ ਪ੍ਰਸ਼ਾਸਨ ਨੇ ਖੁਦ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਸੀ। ਗਣਤੰਤਰ ਦਿਵਸ ਮੌਕੇ ਜ਼ਿਲਾ ਪ੍ਰਸ਼ਾਸਨ ਨੇ ਡਾ. ਅਨੁਪਮਾ ਨੂੰ ਆਉਣ ਦਾ ਸੱਦਾ ਦਿੱਤਾ ਪਰ ਉਨ੍ਹਾਂ ਦੇ ਜ਼ਖਮ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸੀ। ਇਸ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਨਮਾਨ ਘਰ ਦੇਣ ਦਾ ਫ਼ੈਸਲਾ ਲਿਆ। 27 ਜਨਵਰੀ ਨੂੰ ਡੀਸੀ ਦਫਤਰ ਦਾ ਇਕ ਡਰਾਈਵਰ ਤੇ ਕਲਰਕ ਡਾ. ਅਨੁਪਮਾ ਘਰ ਪੁੱਜਾ ਤੇ ਉਨ੍ਹਾਂ ਦੇ ਪਤੀ ਹੱਥ ਸਨਮਾਨ ਦੇ ਰੂਪ 'ਚ ਇਕ ਸਰਟੀਫਿਕੇਟ ਦੇ ਕੇ ਚਲੇ ਗਏ। ਡਾ. ਅਨੁਪਮਾ ਨੂੰ ਇਹ ਗੱਲ ਠੀਕ ਨਹੀਂ ਲੱਗੀ। ਉਨ੍ਹਾਂ ਸਾਫ਼ ਕਿਹਾ ਕਿ ਉਹ ਇਹ ਸਨਮਾਨ ਵਾਪਸ ਕਰ ਦੇਣਗੇ। ਇਸ 'ਤੇ ਡਿਪਟੀ ਕਮਿਸ਼ਨਰ ਖੁਦ ਡਾ. ਅਨੁਪਮਾ ਘਰ ਪੁੱਜੇ ਤੇ ਉਨ੍ਹਾਂ ਨੂੰ ਸਨਮਾਨਜਨਕ ਢੰਗ ਨਾਲ ਸਨਮਾਨ ਪ੍ਰਦਾਨ ਕੀਤਾ।