ਅੰਮ੍ਰਿਤਸਰ ''ਚ ਡੇਂਗੂ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ
Wednesday, Oct 16, 2019 - 10:34 AM (IST)

ਅੰਮ੍ਰਿਤਸਰ (ਦਲਜੀਤ) : ਡੇਂਗੂ ਦੇ ਕਹਿਰ ਨੂੰ ਵੇਖਦੇ ਹੋਏ ਲੋਕ ਦਹਿਸ਼ਤ 'ਚ ਹਨ। ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ, ਜਦਕਿ 2 ਲੋਕਾਂ ਦੀ ਮੌਤ ਵੀ ਹੋ ਗਈ ਹੈ। ਅਕਤੂਬਰ ਦੇ ਆਖਰ ਤੱਕ ਡੇਂਗੂ ਦਾ ਡੰਕ ਇਸੇ ਤਰ੍ਹਾਂ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਰਹੇਗਾ। ਸਿਹਤ ਵਿਭਾਗ ਡੇਂਗੂ ਨੂੰ ਲੈ ਕੇ ਜਿੱਥੇ ਹੁਣ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਰੋਗ ਦੇ ਇਲਾਜ ਸਬੰਧੀ ਪੁਖਤਾ ਪ੍ਰਬੰਧ ਨਾ ਹੋਣ ਕਾਰਣ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਲਈ ਮਜਬੂਰ ਹਨ।
ਜਾਣਕਾਰੀ ਅਨੁਸਾਰ ਏਡੀ ਏਜਿਪਟੀ ਨਾਮਕ ਮੱਛਰ ਸਾਫ਼ ਪਾਣੀ 'ਚ ਲਾਰਵਾ ਪੈਦਾ ਕਰਦੇ ਹਨ। ਪਿਛਲੇ ਸਾਲ ਡੇਂਗੂ ਦੇ 697 ਮਰੀਜ਼ ਸਾਹਮਣੇ ਆਏ ਸਨ। ਜਦਕਿ 3 ਲੋਕਾਂ ਦੀ ਮੌਤ ਹੋਈ ਸੀ। ਇਸ ਵਾਰ ਗੈਰ-ਸਰਕਾਰੀ ਅੰਕੜਿਆਂ ਅਨੁਸਾਰ ਮਰੀਜ਼ਾਂ ਦੀ ਗਿਣਤੀ 100 ਤੋਂ ਜ਼ਿਆਦਾ ਹੋ ਗਈ ਹੈ। ਦੋ ਲੋਕਾਂ ਨੂੰ ਇਸ ਰੋਗ ਦਾ ਸ਼ਿਕਾਰ ਹੋਣਾ ਪਿਆ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਲੈ ਕੇ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਜ਼ਿਲਾ ਪੱਧਰ 'ਤੇ ਗੁਰੂ ਨਾਨਕ ਦੇਵ ਹਸਪਤਾਲ 'ਚ ਡੇਂਗੂ ਲਈ ਬਣਾਈ ਗਈ ਵਾਰਡ 'ਚ ਸਮਰੱਥ ਪ੍ਰਬੰਧ ਨਾ ਹੋਣ ਕਾਰਣ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਜਾਣਾ ਪੈ ਰਿਹਾ ਹੈ। ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 95 ਹੈ। ਜਦਕਿ ਮੌਤ ਕੋਈ ਨਹੀਂ ਹੋਈ ਹੈ। ਗੈਰ-ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਜ਼ਿਲੇ ਦੇ ਪ੍ਰਾਈਵੇਟ ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਡੇਂਗੂ ਨੂੰ ਵੇਖਦੇ ਹੋਏ ਲੋਕਾਂ 'ਚ ਦਹਿਸ਼ਤ ਹੈ। ਸਰਕਾਰੀ ਹਸਪਤਾਲ 'ਚ ਪ੍ਰਬੰਧ ਨਾ ਹੋਣ ਕਾਰਣ ਉਹ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਵਾਉਣ ਲਈ ਮਜਬੂਰ ਹਨ।
ਪ੍ਰਾਈਵੇਟ ਲੈਬਾਰਟਰੀਆਂ ਡੇਂਗੂ ਦੇ ਨਾਂ 'ਤੇ ਕਰ ਰਹੀਆਂ ਹਨ ਮੋਟੀ ਕਮਾਈ
ਡੇਂਗੂ ਦੀ ਦਹਿਸ਼ਤ 'ਚ ਆਏ ਲੋਕਾਂ ਦੀ ਮਜਬੂਰੀ ਦਾ ਜ਼ਿਲੇ ਦੀਆਂ ਕੁਝ ਪ੍ਰਾਈਵੇਟ ਲੈਬਾਰਟਰੀਆਂ ਖੂਬ ਫਾਇਦਾ ਉਠਾ ਰਹੀਆਂ ਹਨ। ਡੇਂਗੂ ਦੇ ਟੈਸਟ ਦੇ ਨਾਂ 'ਤੇ ਮਨਮਰਜ਼ੀ ਦੇ ਰੇਟ ਵਸੂਲੇ ਜਾ ਰਹੇ ਹਨ। ਸਿਹਤ ਵਿਭਾਗ ਇਸ ਸਬੰਧੀ ਜਾਣੂ ਹੁੰਦੇ ਹੋਏ ਵੀ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ 'ਚ ਡੇਂਗੂ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ। ਹਸਪਤਾਲਾਂ 'ਚ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਜ਼ਿਆਦਾਤਰ ਲੋਕ ਪ੍ਰਾਈਵੇਟ ਲੈਬਾਰਟਰੀਆਂ ਤੋਂ ਇਹ ਟੈਸਟ ਕਰਵਾ ਰਹੇ ਹਨ। ਕਈ ਲੋਕਾਂ ਨੇ ਤਾਂ ਇੱਥੇ ਤੱਕ ਦੱਸਿਆ ਕਿ ਲੈਬਾਰਟਰੀਆਂ ਦੀ ਡੇਂਗੂ ਸਬੰਧੀ ਰਿਪੋਰਟ 'ਚ ਵੀ ਕਾਫ਼ੀ ਅੰਤਰ ਹੁੰਦਾ ਹੈ।
ਪਲੇਟਲੈੱਟ ਅਕਾਊਂਟ ਬਣਾਉਣ ਵਾਲੀ ਮਸ਼ੀਨ ਖ਼ਰਾਬ
ਸਿਹਤ ਵਿਭਾਗ ਡੇਂਗੂ ਦੇ ਇਲਾਜ ਲਈ ਦਾਅਵੇ ਤਾਂ ਬਹੁਤ ਕਰਦਾ ਹੈ। ਅਸਲੀਅਤ 'ਚ ਇਹ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ। ਵਿਭਾਗ ਕੋਲ ਜ਼ਿਲੇ 'ਚ ਇਕ ਹੀ ਪਲੇਟਲੈੱਟ ਅਕਾਊਂਟ ਬਣਾਉਣ ਵਾਲੀ ਮਸ਼ੀਨ ਹੈ, ਜਦਕਿ ਉਹ ਵੀ ਤਕਨੀਕੀ ਕਾਰਨਾਂ ਕਾਰਨ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੈ। ਡੇਂਗੂ ਦੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਪਲੇਟਲੈੱਟ ਲਈ ਗੁਰੂ ਨਾਨਕ ਦੇਵ ਹਸਪਤਾਲ ਜਾਂ ਪ੍ਰਾਈਵੇਟ ਬਲੱਡ ਬੈਂਕਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ। ਪ੍ਰਾਈਵੇਟ ਬਲੱਡ ਬੈਂਕ ਵਾਲੇ ਇਸ ਸਬੰਧੀ ਮਰੀਜ਼ਾਂ ਤੋਂ ਮੋਟੇ ਪੈਸੇ ਵਸੂਲ ਕਰ ਰਹੇ ਹਨ।
ਇਹ ਹਨ ਲੱਛਣ
ਬੁਖਾਰ ਆਉਣਾ, ਸਿਰ ਦਰਦ ਹੋਣਾ, ਅੱਖਾਂ ਦੇ ਪਿੱਛੇ ਦਰਦ ਰਹਿਣਾ, ਕਮਰ ਵਿਚ ਦਰਦ ਹੋਣਾ, ਉਲਟੀ ਆਉਣਾ, ਸਰੀਰ ਦੇ ਕਿਸੇ ਵੀ ਅੰਗ 'ਚੋਂ ਖੂਨ ਆਉਣਾ, ਕਮਜ਼ੋਰੀ ਆਉਣਾ ਆਦਿ ਲੱਛਣ ਸਾਹਮਣੇ ਆਉਣ 'ਤੇ ਡੇਂਗੂ ਦੇ ਸੰਕੇਤ ਹੋ ਸਕਦੇ ਹਨ।
ਕੀ ਕਹਿਣਾ ਹੈ ਸਿਵਲ ਸਰਜਨ ਦਾ
ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਕਿਹਾ ਕਿ ਡੇਂਗੂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰੀ ਹਸਪਤਾਲਾਂ ਵਿਚ ਇਸ ਰੋਗ ਦਾ ਮੁਫਤ ਇਲਾਜ ਅਤੇ ਟੈਸਟ ਕੀਤੇ ਜਾ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਜ਼ਿਲੇ 'ਚ ਕੋਈ ਮੌਤ ਨਹੀਂ ਹੋਈ ਹੈ। ਵਿਭਾਗ ਦੀਆਂ ਟੀਮਾਂ ਲਗਾਤਾਰ ਡੇਂਗੂ ਸਬੰਧੀ ਮੀਟਿੰਗਾਂ ਕਰ ਕੇ ਲੋਕਾਂ ਤੱਕ ਸਹੂਲਤ ਉਪਲੱਬਧ ਕਰਵਾ ਰਹੀ ਹੈ।