ਕੋਰੋਨਾ ਵਾਇਰਸ : ਸ਼ਰਧਾਲੂਆਂ ਨੂੰ ਸੁਰੱਖਿਅਤ ਦਰਸ਼ਨ ਕਰਵਾਉਣ ''ਚ ਜੁਟੇ ਮੰਦਰ ਅਤੇ ਗੁਰਦੁਆਰਾ ਪ੍ਰਬੰਧਕ
Thursday, Mar 19, 2020 - 12:48 PM (IST)
ਅੰਮ੍ਰਿਤਸਰ (ਕਵਿਸ਼ਾ) : ਕੋਰੋਨਾ ਵਾਇਰਸ ਦੀ ਦਹਿਸ਼ਤ ਜਿਥੇ ਹਰ ਪਾਸੇ ਫੈਲੀ ਹੋਈ ਹੈ, ਜਿਸ ਕਰ ਕੇ ਸ਼ਹਿਰ ਦੇ ਹੋਟਲ, ਰੈਸਟੋਰੈਂਟ ਖਾਲੀ ਪਏ ਹਨ ਪਰ ਦੂਜੇ ਪਾਸੇ ਭਗਵਾਨ 'ਚ ਸ਼ਰਧਾ ਰੱਖਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ 'ਚ ਕਮੀ ਨਹੀਂ ਆਈ, ਜਿਸ ਕਾਰਣ ਮੰਦਰਾਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਨੂੰ ਸੁਰੱਖਿਅਤ ਢੰਗ ਨਾਲ ਭਗਵਾਨ ਦੇ ਦਰਸ਼ਨ ਕਰਵਾਉਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਸਥਾਨਕ ਰਾਣੀ ਕਾ ਬਾਗ ਸਥਿਤ ਮਾਤਾ ਲਾਲ ਦੇਵੀ ਮੰਦਰ, ਸ਼ਿਵਾਲਾ ਬਾਗ ਭਾਈਆ, ਕਾਲੀ ਮਾਤਾ ਮੰਦਰ ਸ਼ਕਤੀ ਨਗਰ, ਵੱਡਾ ਹਨੂਮਾਨ ਮੰਦਰ ਸਮੇਤ ਸ਼ਹਿਰ ਦੇ ਹੋਰ ਮੰਦਰਾਂ ਅਤੇ ਗੁਰਦੁਆਰਿਆਂ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਨੂੰ ਦੇਖਦਿਆਂ ਮੁੱਖ ਦੁਆਰਾਂ 'ਤੇ ਹੀ ਸੈਨੇਟਾਈਜ਼ਰ ਰੱਖੇ ਗਏ ਹਨ। ਇਸ ਤੋਂ ਇਲਾਵਾ ਮੰਦਰ 'ਚ ਪੂਜਾ ਕਰਨ ਵਾਲੇ ਪੁਜਾਰੀ ਅਤੇ ਸੇਵਾਦਾਰ ਮਾਸਕ ਅਤੇ ਦਸਤਾਨੇ ਪਾ ਕੇ ਸੇਵਾ ਕਰਦੇ ਹੋਏ ਨਜ਼ਰ ਆਏ।
ਇਸ ਸਬੰਧੀ ਮੰਦਰ ਮਾਤਾ ਲਾਲ ਦੇਵੀ ਟਰੱਸਟ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਮੰਦਰ 'ਚ ਸ਼ਰਧਾਲੂਆਂ ਦੀ ਸੁਰੱਖਿਆ ਦੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਸਵੇਰ-ਸ਼ਾਮ ਦੀ ਆਰਤੀ 'ਚ ਇਸ ਮਹਾਮਾਰੀ ਦੇ ਖਾਤਮੇ ਲਈ ਅਰਦਾਸ ਵੀ ਕੀਤੀ ਜਾਂਦੀ ਹੈ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਪ੍ਰਬੰਧਕ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਹੱਥ ਧੋਣ ਦਾ ਆਯੋਜਨ ਤਾਂ ਹੈ ਪਰ ਹੁਣ ਇਸ ਮਹਾਮਾਰੀ ਦੀ ਦਹਿਸ਼ਤ ਨੂੰ ਦੇਖਦਿਆਂ ਸ਼ਰਧਾਲੂਆਂ ਨੂੰ ਅੰਦਰ ਆਉਣ ਤੋਂ ਪਹਿਲਾਂ ਸੈਨੇਟਾਈਜ਼ਰ ਨਾਲ ਹੱਥ ਧੁਆਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ।