ਅੰਮ੍ਰਿਤਸਰ: ਸਿਵਲ ਹਸਪਤਾਲ ’ਚ ਮੈਡੀਕਲ ਲੀਗਲ ਤਹਿਤ ਬਣਨ ਵਾਲੀ ਜਾਅਲੀ ‘26’ ਦੀ ਖੇਡ ਬੰਦ, 5 MLR ਰੱਦ

Monday, Dec 13, 2021 - 10:14 AM (IST)

ਅੰਮ੍ਰਿਤਸਰ: ਸਿਵਲ ਹਸਪਤਾਲ ’ਚ ਮੈਡੀਕਲ ਲੀਗਲ ਤਹਿਤ ਬਣਨ ਵਾਲੀ ਜਾਅਲੀ ‘26’ ਦੀ ਖੇਡ ਬੰਦ, 5 MLR ਰੱਦ

ਅੰਮ੍ਰਿਤਸਰ (ਦਲਜੀਤ) - ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ’ਚ ਮੈਡੀਕਲ ਲੀਗਲ ਤਹਿਤ ਬਣਨ ਵਾਲੀ ਜਾਅਲੀ 326 ਹੁਣ ਨਹੀਂ ਬਣ ਸਕੇਗੀ। ਪ੍ਰਸ਼ਾਸਨ ਨੇ ਧਾਰਾ 326 ਦੀਆਂ ਪੰਜ ਅਤੇ ਮੈਡੀਕੋ ਲੀਗਲ ਰਿਪੋਰਟਸ ਰੱਦ ਕੀਤੀਆਂ ਹਨ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ’ਚ 21 ਐੱਮ. ਐੱਲ. ਆਰ. ਰੱਦ ਹੋਈਆਂ ਸਨ। ਹਸਪਤਾਲ ਦੇ ਇੰਚਾਰਜ਼ ਡਾ. ਚੰਦਰ ਮੋਹਨ ਨੂੰ ਸ਼ੱਕ ਹੋਣ ’ਤੇ ਇਸ ਰਿਪੋਰਟਸ ਨੂੰ ਰੱਦ ਕੀਤਾ ਹੈ। ਦੂਜੇ ਪਾਸੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ ਹੁਕਮ ਦਿੱਤਾ ਹੈ ਕਿ ਜੇਕਰ ਹੁਣ ਜਾਅਲੀ 326 ਬਣੀ ਤਾਂ ਉੱਥੇ ਦਾ ਸੀਨੀਅਰ ਮੈਡੀਕਲ ਅਧਿਕਾਰੀ ਜਵਾਬਦੇਹ ਹੋਵੇਗਾ।

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਪਿਛਲੇ ਕਈ ਸਾਲਾਂ ਤੋਂ ਬਣਨ ਵਾਲੀਆਂ ਜਾਅਲੀ 326 ਦੇ ਮਾਮਲੇ ਦਾ ਪਰਦਾਫਾਸ਼ ਹੋਇਆ ਹੈ। ਹਸਪਤਾਲ ਦੇ ਡਾਕਟਰ ਵੱਲੋਂ ਇਨ੍ਹਾਂ ਪੰਜ ਮਾਮਲਿਆਂ ’ਚ ਗੰਭੀਰ ਸੱਟਾਂ ਦਰਜ ਕਰ ਕੇ 326 ਦਾ ਮਾਮਲਾ ਤਿਆਰ ਕੀਤਾ ਗਿਆ ਸੀ। ਇਸ ਰਿਪੋਰਟਸ ’ਤੇ ਹਸਪਤਾਲ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਹਸਪਤਾਲ ਦੇ ਕਰਮਚਾਰੀਆਂ ਨੇ ਮਿਲੀਭੁਗਤ ਕਰ ਕੇ ਇਕ ਧਿਰ ਨੂੰ ਫ਼ਾਇਦਾ ਦਵਾਉਣ ਲਈ ਮੈਡੀਕੋ ਲੀਗਲ ’ਚ ਧਾਰਾ 326 ਦੀ ਰਿਪੋਰਟ ਜਾਰੀ ਕੀਤੀ ਅਤੇ ਸਬੰਧਤ ਪੁਲਸ ਥਾਣੇ ਨੂੰ ਭੇਜੀ । ਪੁਲਸ ਇਸ ਰਿਪੋਰਟ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰਨ ਵਾਲੀ ਸੀ ਪਰ ਹੁਣ ਹਸਪਤਾਲ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਇਸ ਮਾਮਲੇ ’ਤੇ ਰੋਕ ਲੱਗ ਗਈ। ਸਿਹਤ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨਾਲ ਇਸ ਸਬੰਧੀ ਗੱਲ ਕੀਤੀ ਸੀ। ਮੰਤਰੀ ਨੇ ਕਿਹਾ ਸੀ ਕਿ 26 ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੋ।

26 ਐੱਮ. ਐੱਲ. ਆਰਜ਼. ’ਤੇ ਸੀ ਸ਼ੱਕ
ਸਿਵਲ ਹਸਪਤਾਲ ਦੇ ਦੋਵੇਂ ਐੱਸ. ਐੱਮ. ਓ. ਡਾ . ਚੰਦਰਮੋਹਨ ਨੇ ਪਿਛਲੇ ਡੇਢ ਮਹੀਨੇ ਦੀ ਮਿਆਦ ’ਚ ਤਿਆਰ ਐੱਮ. ਐੱਲ. ਆਰ. ਦੀ ਸਮੀਖਿਆ ਕੀਤੀ। ਤਕਰੀਬਨ 75 ਰਿਪੋਰਟਾਂ ਦੀ ਜਾਂਚ ’ਚ 26 ਐੱਮ. ਐੱਲ. ਆਰ. ’ਤੇ ਸ਼ੱਕ ਹੋਇਆ। ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਹ ਰਿਪੋਰਟਾਂ ਕਿਹੜੇ ਡਾਕਟਰਾਂ ਜਾਂ ਕਰਮਚਾਰੀਆਂ ਨੇ ਤਿਆਰ ਕੀਤੀ।

ਰੱਦ ਕੀਤੀਆਂ ਗਲਤ ਰਿਪੋਰਟਾਂ ਨੂੰ ਸਬੰਧਤ ਥਾਣਿਆਂ ’ਚ ਭੇਜਿਆ
ਡਾ. ਚੰਦਰ ਮੋਹਨ ਅਨੁਸਾਰ ਸਾਰੀਆਂ ਗਲਤ ਰਿਪੋਰਟਾਂ ਨੂੰ ਸਬੰਧਤ ਥਾਣਿਆਂ ’ਚ ਭੇਜਿਆ ਗਿਆ ਹੈ। ਹੁਣ ਇਸ ਦਾ ਮੁੜ ਨਿਰੀਖਣ ਹੋਵੇਗਾ। ਭਵਿੱਖ ’ਚ 26 ਦੇ ਨਾਂ ’ਤੇ ਗਲਤ ਰਿਪੋਰਟ ਨਾ ਬਣੇ ਅਤੇ ਪੈਸੇ ਦੀ ਵਸੂਲੀ ਨਾ ਹੋਵੇ, ਇਸ ਦੇ ਲਈ ਦੋਵੇਂ ਐੱਸ. ਐੱਮ. ਓ. ਇਕ-ਇਕ ਰਿਪੋਰਟ ਦੀ ਜਾਂਚ ਕਰਨਗੇ। 3 ਤੋਂ 10 ਦਸੰਬਰ ਤੱਕ ਇਕ ਹਫ਼ਤੇ ’ਚ 10 ਤੋਂ ਜ਼ਿਆਦਾ ਐੱਮ. ਐੱਲ. ਆਰਜ਼. ਤਿਆਰ ਹੋਈਆਂ ਹਨ। ਕਿਸੇ ’ਚ ਵੀ ਧਾਰਾ 326 ਦਰਜ ਨਹੀਂ ਹੈ।

ਕੀ ਹੈ ਛੱਬੀ ?
ਧਾਰਾ-326 ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਨੇ ਕਿਸੇ ਨੂੰ ਬੁਰੀ ਤਰ੍ਹਾਂ ਕੁੱਟਿਆ ਹੋਵੇ। ਇਸ ’ਚ ਸਿਰ ਤੋਂ ਲੈ ਕੇ ਪੈਰ ਤੱਕ ਆਈਆਂ ਸੱਟਾਂ ਦੀ ਜਾਂਚ ਕੀਤੀ ਜਾਂਦੀ ਹੈ। ਐਕਸਰੇ, ਜ਼ਰੂਰਤ ਪੈਣ ’ਤੇ ਐੱਮ.ਆਰ.ਆਈ., ਸੀ.ਟੀ.ਸਕੈਨ ਅਤੇ ਅਲਟਰਾਸਾਊਂਡ ਤੱਕ ਕਰਵਾਇਆ ਜਾ ਸਕਦਾ ਹੈ। ਸਜ਼ਾ ਤੋਂ ਬਚਣ ਲਈ ਲੋਕ 326 ਦੀ ਰਿਪੋਰਟ ਤਿਆਰ ਨਾ ਕਰਵਾਉਣ ਦੀ ਇਵਜ਼ ’ਚ ਡਾਕਟਰ ਜਾਂ ਕਰਮਚਾਰੀ ਨੂੰ ਮੋਟੀ ਰਕਮ ਦਿੰਦੇ ਹਨ। ਇਹ ਧਾਰਾ ਜਬਰੀ ਲਗਵਾਉਣ ਲਈ ਵੀ ਨਕਦ ਪੈਸਿਆਂ ਦੀ ਖੇਡ ਖੇਡੀ ਜਾਂਦੀ ਹੈ ।

ਜਾਅਲੀ 326 ਰਾਹੀਂ ਕਈ ਬੇਗੁਨਾਹਾਂ ਨੂੰ ਮਿਲ ਜਾਂਦੀ ਹੈ ਸਜ਼ਾ
ਆਰ.ਟੀ.ਆਈ. ਐਕਟੀਵਿਸਟ ਅਤੇ ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਰਾਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਸਿਵਲ ਹਸਪਤਾਲ ਤੋ ਇਲਾਵਾ ਬਾਕੀ ਹਸਪਤਾਲਾਂ ’ਚ ਵੀ ਜਾਅਲੀ 326 ਦਾ ਕੰਮ ਚੱਲ ਰਿਹਾ ਹੈ। ਪੈਸੇ ਦੇ ਬਲਬੂਤੇ ’ਤੇ ਕਈ ਲੋਕ ਕਸੂਰ ਵਾਲਿਆਂ ਨੂੰ ਜਾਅਲੀ 326 ਬਣਾ ਕੇ ਫਸਾ ਲੈਂਦੇ ਹਨ ਅਤੇ ਕਸੂਰਵਾਰ ਲੋਕ ਕਈ ਮਹੀਨਿਆਂ ਤੱਕ ਜੇਲ੍ਹ ’ਚ ਬੰਦ ਰਹਿੰਦੇ ਹਨ। ਪੰਜਾਬ ਸਰਕਾਰ ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਅਜੇ ਤੱਕ ਬਣੇ 326 ਦੇ ਮਾਮਲੇ ਦੀ ਜਾਂਚ ਕਰਵਾਏ ਤਾਂ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਡਾਕਟਰ ਵੀ ਮਿਲੇ ਹੋਏ ਹਨ। ਇਸ ਮਾਮਲੇ ’ਚ ਜਲਦੀ ਹੀ ਉਨ੍ਹਾਂ ਵੱਲੋਂ ਨਵਾਂ ਖੁਲਾਸਾ ਕੀਤਾ ਜਾਵੇਗਾ।

ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਦਿੱਤੇ ਹੁਕਮ
ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਪੱਧਰ ਸਿਵਲ ਹਸਪਤਾਲ ’ਚ ਕਾਫ਼ੀ ਰਿਪੋਰਟਾਂ ਨੂੰ ਰੱਦ ਕੀਤਾ ਗਿਆ ਹੈ ਬਾਕੀ ਜ਼ਿਲੇ ਦੇ ਸਾਰੇ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਜੇਕਰ ਹੁਣ ਕਿਸੇ ਵੀ ਹਸਪਤਾਲ ’ਚ ਜਾਅਲੀ ਰਿਪੋਰਟ ਤਿਆਰ ਹੋਈ ਤਾਂ ਸਬੰਧਤ ਡਾਕਟਰ ਤੋਂ ਇਲਾਵਾ ਹਸਪਤਾਲ ਦਾ ਇੰਚਾਰਜ਼ ਵੀ ਜਵਾਬਦੇਹ ਹੋਣਗੇ।
 


author

rajwinder kaur

Content Editor

Related News