ਕੇਂਦਰ ਸਰਕਾਰ ਹਰ ਫਰੰਟ ''ਤੇ ਫੇਲ : ਰਾਜ ਬੱਬਰ
Wednesday, Aug 29, 2018 - 01:33 PM (IST)

ਅੰਮ੍ਰਿਤਸਰ (ਕਮਲ) : ਸੀਨੀਅਰ ਕਾਂਗਰਸੀ ਨੇਤਾ ਰਾਜ ਸਭਾ ਐੱਮ. ਪੀ. ਅਤੇ ਫਿਲਮ ਸਟਾਰ ਰਾਜ ਬੱਬਰ ਅੱਜ ਗੁਰੂ ਨਗਰੀ ਪਹੁੰਚੇ, ਜਿਨ੍ਹਾਂ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਵਿਚ ਰਾਜ ਕਰ ਰਹੀ ਭਾਜਪਾ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਦੋਂ ਕੇਂਦਰ 'ਚ ਸਰਕਾਰ ਸੀ ਤਾਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਫਰਾਂਸ ਦੀ ਡੇਸਾਲਟ ਕੰਪਨੀ ਤੋਂ ਲੜਾਕੂ ਏਅਰਕ੍ਰਾਫਟ ਰਾਫੇਲ ਦੀ ਖਰੀਦ 526 ਕਰੋੜ 'ਚ ਕੀਤੀ ਸੀ, ਜਿਸ ਨੂੰ ਐੱਨ. ਡੀ. ਏ. ਸਰਕਾਰ ਨੇ ਆਉਂਦੇ ਹੀ ਰੱਦ ਕਰ ਦਿੱਤਾ, ਹੁਣ ਉਸੇ ਏਅਰਕ੍ਰਾਫਟ ਨੂੰ 1670 ਕਰੋੜ 'ਚ ਖਰੀਦਣ ਦਾ ਕਰਾਰ ਕੀਤਾ ਗਿਆ। ਇਹ ਕਰਾਰ ਉਸ ਕੰਪਨੀ ਨਾਲ ਕੀਤਾ, ਜੋ ਦੋਵਾਂ ਦੇਸ਼ਾਂ ਵਿਚ ਹੋਏ ਇਸ ਸਮਝੌਤੇ ਤੋਂ ਸਿਰਫ 2 ਹਫ਼ਤੇ ਪਹਿਲਾਂ ਬਣੀ, ਜਦੋਂ ਕਿ ਯੂ. ਪੀ. ਏ. ਦੀ ਸਰਕਾਰ ਨੇ ਇਹ ਕਰਾਰ ਹਿੰਦੁਸਤਾਨ ਏਅਰੋਨਾਟੀਕਲ ਲਿਮਟਿਡ ਕੰਪਨੀ (ਐੱਚ. ਏ. ਐੱਲ.) ਨਾਲ ਕੀਤੇ ਜਾਣ ਦਾ ਸਮਝੌਤਾ ਫ਼ਰਾਂਸ ਨਾਲ ਕੀਤਾ ਸੀ। ਐੱਚ. ਏ. ਐੱਲ. ਇਸ ਤੋਂ ਪਹਿਲਾਂ ਦੇਸ਼ ਲਈ ਸੁਖੋਈ, ਮਿਗ ਅਤੇ ਜੈਗੁਆਰ ਏਅਰਕ੍ਰਾਫਟ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜ ਬੱਬਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਤਸਕ ਹੋਣ ਲਈ ਪੁੱਜੇ ਤੇ ਗੁਰੂ ਘਰ ਦਾ ਆਸ਼ੀਰਵਾਦ ਲੈ ਕੇ ਦੇਸ਼ , ਪਰਿਵਾਰ ਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਮੇਅਰ ਕਰਮਜੀਤ ਸਿੰਘ ਰਿੰਟੂ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਅਸ਼ਵਨੀ ਪੱਪੂ, ਬਿਕਰਮ ਸਿੰਘ, ਰਮਨ ਮਦਾਨ ਆਦਿ ਮੌਜੂਦ ਸਨ।