ਬਲੱਡ ਬੈਂਕ ਨੇ ਨਹੀਂ ਦਿੱਤਾ ਖੂਨ, ਮਰੀਜ਼ ਦੀ ਤੜਫ-ਤੜਫ ਕੇ ਮੌਤ

Friday, Mar 01, 2019 - 10:10 AM (IST)

ਬਲੱਡ ਬੈਂਕ ਨੇ ਨਹੀਂ ਦਿੱਤਾ ਖੂਨ, ਮਰੀਜ਼ ਦੀ ਤੜਫ-ਤੜਫ ਕੇ ਮੌਤ

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦੇ ਬਲਡ ਬੈਂਕ ਵੱਲੋਂ ਖੂਨ ਨਾ ਦੇਣ 'ਤੇ ਆਪ੍ਰੇਸ਼ਨ ਥੀਏਟਰ 'ਚ ਗੰਭੀਰ ਹਾਲਤ ਵਾਲੇ ਮਰੀਜ਼ ਦੀ ਅੱਜ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਥੀਏਟਰ ਵਿਚ ਉਨ੍ਹਾਂ ਦੇ ਮਰੀਜ਼ ਨੂੰ ਜਿਥੇ ਡਾਕਟਰਾਂ ਨੇ ਘੰਟਿਆਂਬੱਧੀ ਆਪ੍ਰੇਸ਼ਨ ਲਈ ਤੜਫਾਇਆ, ਉਥੇ ਹੀ ਬਲੱਡ ਬੈਂਕ ਨੂੰ ਵਾਰ-ਵਾਰ ਅਪੀਲ ਕਰਨ 'ਤੇ ਵੀ ਉਨ੍ਹਾਂ ਨੂੰ ਮਰੀਜ਼ ਲਈ ਖੂਨ ਨਹੀਂ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ। ਉਧਰ ਦੂਜੇ ਪਾਸੇ ਡਾਕਟਰਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਜਾਣਕਾਰੀ ਅਨੁਸਾਰ ਅਟਾਰੀ ਦੇ ਪਿੰਡ ਕਿਰਲਗੜ੍ਹ 'ਚ ਰਹਿਣ ਵਾਲਾ 42 ਸਾਲਾ ਕਰਤਾਰ ਸਿੰਘ ਬੀਤੇ ਦਿਨੀਂ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਇਆ ਸੀ। ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲੈ ਆਏ। ਕਰਤਾਰ ਸਿੰਘ ਦੇ ਗੋਡੇ ਤੇ ਲੱਤਾਂ 'ਤੇ ਕਾਫ਼ੀ ਸੱਟਾਂ ਲੱਗੀਆਂ ਸਨ। ਡਾਕਟਰਾਂ ਨੇ ਆਪ੍ਰੇਸ਼ਨ ਕਰਨ ਦੀ ਗੱਲ ਕਹੀ ਤੇ ਇਸ ਦੇ ਲਈ ਵੀਰਵਾਰ ਦਾ ਦਿਨ ਨਿਰਧਾਰਤ ਕੀਤਾ ਗਿਆ ਸੀ। ਨਿਰਧਾਰਤ ਸਮੇਂ ਸਵੇਰੇ 8 ਵਜੇ ਪਰਿਵਾਰ ਵਾਲੇ ਉਸ ਨੂੰ ਆਪ੍ਰੇਸ਼ਨ ਥੀਏਟਰ ਲੈ ਆਏ।

ਮਰੀਜ਼ ਦੇ ਭਰਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਸੀਂ ਸਟਰੇਚਰ 'ਤੇ ਲਿਟਾ ਕੇ ਕਰਤਾਰ ਸਿੰਘ ਨੂੰ ਆਪ੍ਰੇਸ਼ਨ ਥੀਏਟਰ ਲਿਜਾ ਰਹੇ ਸੀ ਕਿ ਸਟਾਫ ਨੇ ਕਿਹਾ ਕਿ ਇਸ ਨੂੰ ਸਾਹਮਣੇ ਬਣੇ ਕਮਰੇ 'ਚ ਲਿਟਾ ਦਿਓ, ਕੁਝ ਸਮੇਂ ਬਾਅਦ ਅਸੀਂ ਆਪ੍ਰੇਟ ਕਰਾਂਗੇ। ਤਕਰੀਬਨ 1 ਘੰਟੇ ਤੱਕ ਜਦੋਂ ਕੋਈ ਨਹੀਂ ਆਇਆ ਤਾਂ ਮੈਂ ਅੰਦਰ ਗਿਆ ਤੇ ਸਟਾਫ ਨੂੰ ਬੇਨਤੀ ਕੀਤੀ ਕਿ ਕਰਤਾਰ ਸਿੰਘ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ, ਉਸ ਦਾ ਆਪ੍ਰੇਸ਼ਨ ਕਰ ਦਿਓ। ਸਟਾਫ ਨੇ ਫਿਰ ਉਹੀ ਰਟਿਆ-ਰਟਾਇਆ ਜਵਾਬ ਦਿੱਤਾ ਕਿ ਕੁਝ ਦੇਰ ਇੰਤਜ਼ਾਰ ਕਰੋ। ਤਕਰੀਬਨ 11 ਵਜੇ ਇਕ ਸਟਾਫ ਮੈਂਬਰ ਆਇਆ ਤੇ ਉਸ ਨੇ ਕਿਹਾ ਕਿ ਕਰਤਾਰ ਸਿੰਘ ਦਾ ਆਪ੍ਰੇਸ਼ਨ ਕਰਨ ਲਈ ਖੂਨ ਦੀ ਲੋੜ ਹੈ, ਤੁਸੀਂ ਖੂਨ ਦਾ ਬੰਦੋਬਸਤ ਕਰ ਲਓ। ਸੁਖਵਿੰਦਰਪਾਲ ਅਨੁਸਾਰ ਉਹ ਹਸਪਤਾਲ 'ਚ ਸਥਿਤ ਬਲੱਡ ਬੈਂਕ ਪਹੁੰਚਿਆ। ਸਟਾਫ ਤੋਂ ਬਲੱਡ ਦੀ ਮੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਡੋਨਰ ਲਿਆਓ,  ਫਿਰ ਬਲੱਡ ਦਿਆਂਗੇ। ਮੈਂ ਉਨ੍ਹਾਂ ਨੂੰ ਕਿਹਾ ਕਿ ਮਰੀਜ਼ ਆਪ੍ਰੇਸ਼ਨ ਥੀਏਟਰ 'ਚ ਹੈ, ਤੁਸੀਂ ਬਲੱਡ ਦੇ ਦਿਓ, ਮੈਂ ਕੁਝ ਸਮੇਂ ਬਾਅਦ ਡੋਨਰ ਭੇਜ ਦੇਵਾਂਗਾ ਪਰ ਸਟਾਫ ਨਹੀਂ ਮੰਨਿਆ। ਇਸ ਤੋਂ ਬਾਅਦ ਮੈਂ ਮੁੜ ਆਪ੍ਰੇਸ਼ਨ ਥੀਏਟਰ ਪਹੁੰਚਿਆ। ਡਾਕਟਰ ਨੇ ਕਿਹਾ ਕਿ ਜਦੋਂ ਤੱਕ ਬਲੱਡ ਦਾ ਬੰਦੋਬਸਤ ਨਹੀਂ ਹੋਵੇਗਾ, ਅਸੀਂ ਆਪ੍ਰੇਸ਼ਨ ਨਹੀਂ ਕਰਾਂਗੇ। ਮੈਂ ਡਾਕਟਰਾਂ ਨੂੰ ਕਾਫ਼ੀ ਮਿੰਨਤਾਂ ਕੀਤੀਆਂ ਕਿ ਤੁਸੀਂ ਕਿਤੋਂ ਬਲੱਡ ਦਾ ਇੰਤਜ਼ਾਮ ਕਰ ਲਵੋ, ਮਰੀਜ਼ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਪਰ ਡਾਕਟਰਾਂ ਨੇ ਮੇਰੀ ਇਕ ਨਾ ਸੁਣੀ। ਮੈਂ ਆਪਣੇ ਸਕੇ-ਸਬੰਧੀਆਂ ਨੂੰ ਫੋਨ ਕਰਕੇ ਹਸਪਤਾਲ ਆਉਣ ਨੂੰ ਕਿਹਾ ਤਾਂ ਕਿ ਬਲੱਡ ਬੈਂਕ ਨੂੰ ਖੂਨ ਦੇ ਕੇ ਖੂਨ ਲਿਆ ਜਾ ਸਕੇ। ਜਦੋਂ ਤੱਕ ਸਕੇ-ਸਬੰਧੀ ਹਸਪਤਾਲ ਪੁੱਜੇ, ਕਰਤਾਰ ਸਿੰਘ ਦਾ ਸਰੀਰ ਠੰਡਾ ਪੈ ਚੁੱਕਾ ਸੀ। ਮੈਂ ਰੌਲਾ ਪਾਇਆ ਤਾਂ ਡਾਕਟਰ ਤੇ ਸਟਾਫ ਮੈਂਬਰ ਭੱਜੇ-ਭੱਜੇ ਆਏ। ਕਰਤਾਰ ਸਿੰਘ ਨੂੰ ਸਟਰੇਚਰ 'ਤੇ ਲਿਟਾ ਕੇ ਆਪ੍ਰੇਸ਼ਨ ਥੀਏਟਰ ਪਹੁੰਚਾਇਆ ਗਿਆ। ਤਕਰੀਬਨ 15 ਮਿੰਟਾਂ ਬਾਅਦ ਸਾਨੂੰ ਦੱਸਿਆ ਗਿਆ ਕਿ ਕਰਤਾਰ ਸਿੰਘ ਦੀ ਮੌਤ ਹੋ ਗਈ ਹੈ।

ਸੁਖਵਿੰਦਰਪਾਲ  ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ, ਮੈਂ ਬੀ. ਐੱਸ. ਐੱਫ. ਤੋਂ ਰਿਟਾਇਰ ਹਾਂ, ਦੇਸ਼ ਦੀ ਸੇਵਾ ਕੀਤੀ ਹੈ ਪਰ ਸਰਕਾਰੀ ਸਿਸਟਮ ਨੇ ਮੇਰੇ ਭਰਾ ਨੂੰ ਮੇਰੇ ਤੋਂ ਖੋਹ ਲਿਆ ਹੈ,  ਜੇਕਰ ਡਾਕਟਰਾਂ ਨੇ ਸਮੇਂ 'ਤੇ ਆਪ੍ਰੇਸ਼ਨ ਕੀਤਾ ਹੁੰਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ। ਅਜਿਹੀ ਲਾਪ੍ਰਵਾਹੀ ਨਾਲ ਹਰ ਰੋਜ਼ ਇਥੇ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੋਵੇਗੀ। ਉਧਰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵਿਰੋਧ ਤੋਂ ਬਾਅਦ ਆਪ੍ਰੇਸ਼ਨ ਥੀਏਟਰ ਨੂੰ ਪੁਲਸ ਨੇ ਸੁਰੱਖਿਆ ਘੇਰੇ 'ਚ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਦੇਰ ਸ਼ਾਮ ਦੁਖੀ ਪਰਿਵਾਰਕ ਮੈਂਬਰ ਕਰਤਾਰ ਸਿੰਘ ਦੀ ਲਾਸ਼ ਲੈ ਕੇ ਚਲੇ ਗਏ।


author

Baljeet Kaur

Content Editor

Related News