''ਦੀਵਾਨ ਰੋਕਣ ਸਬੰਧੀ ਭਾਈ ਲੌਂਗੋਵਾਲ ''ਤੇ ਢੱਡਰੀਆਂ ਵਾਲੇ ਦੇ ਇਲਜ਼ਾਮ ਬੇਬੁਨਿਆਦ''

Wednesday, Feb 05, 2020 - 03:14 PM (IST)

''ਦੀਵਾਨ ਰੋਕਣ ਸਬੰਧੀ ਭਾਈ ਲੌਂਗੋਵਾਲ ''ਤੇ ਢੱਡਰੀਆਂ ਵਾਲੇ ਦੇ ਇਲਜ਼ਾਮ ਬੇਬੁਨਿਆਦ''

ਅੰਮ੍ਰਿਤਸਰ (ਦੀਪਕ ਸ਼ਰਮਾ) : ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ 'ਤੇ ਸੰਗਰੂਰ ਦੇ ਗਿਦੜਿਆਣੀ 'ਚ ਸਮਾਗਮ ਰੋਕਣ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਲਗਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਹਨ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਜੇਕਰ ਢੱਡਰੀਆਂ ਵਾਲੇ ਪਾਸ ਇਸ ਸਬੰਧੀ ਕੋਈ ਸਬੂਤ ਹੈ ਤਾਂ ਉਹ ਜਨਤਕ ਕਰੇ। ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਖੁਦ ਹੀ ਆਪਣੇ ਵਿਰੋਧ ਲਈ ਜ਼ਿੰਮੇਵਾਰ ਹੈ ਕਿਉਂਕਿ ਉਹ ਸਿੱਖੀ ਪ੍ਰਚਾਰ ਦੇ ਨਾਮ 'ਤੇ ਸਿੱਖ ਰਵਾਇਤਾਂ, ਸੰਸਥਾਵਾਂ, ਇਤਿਹਾਸ ਅਤੇ ਗੁਰਬਾਣੀ ਤੇ ਕਿੰਤੂ ਕਰਦਾ ਹੈ। ਇਸੇ ਕਰਕੇ ਹੀ ਸੰਗਤ ਵਲੋਂ ਉਸ ਦਾ ਵਿਰੋਧ ਹੁੰਦਾ ਹੈ ਜਦਕਿ ਢੱਡਰੀਆਂ ਵਾਲਾ ਇਸ ਦਾ ਦੋਸ਼ ਹੋਰਨਾਂ ਤੇ ਮੜ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੇ ਸਰਵਉੱਚ ਅਸਥਾਨ ਹਨ ਅਤੇ ਢੱਡਰੀਆਂ ਵਾਲਾ ਆਪਣੀ ਹਉਮੈ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਰਾਹ ਤੁਰਿਆ ਹੋਇਆ ਹੈ। ਉਸ ਦੇ ਪ੍ਰਚਾਰ ਨਾਲ ਦੇਸ਼-ਦੁਨੀਆਂ 'ਚ ਵਸਦੀ ਸੰਗਤ ਅੰਦਰ ਰੋਸ ਅਤੇ ਰੋਹ ਦੀ ਲਹਿਰ ਹੈ। ਨਾ ਤਾਂ ਉਹ ਕਿਸੇ ਨਾਲ ਬੈਠ ਕੇ ਵਿਚਾਰ-ਚਰਚਾ ਕਰਨੀ ਚਾਹੁੰਦਾ ਹੈ ਅਤੇ ਨਾ ਹੀ ਮਨ-ਘੜਤ ਗੱਲਾਂ ਬਾਰੇ ਸਪੱਸ਼ਟ ਕਰਨ ਨੂੰ ਤਿਆਰ ਹੈ। ਜੇਕਰ ਸਿੱਖ ਪ੍ਰਚਾਰਕ ਹੀ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣਗੇ ਤਾਂ ਉਸ ਦਾ ਵਿਰੋਧ ਹੋਣਾ ਕੁਦਰਤੀ ਹੈ। ਸ਼੍ਰੋਮਣੀ ਕਮੇਟੀ ਬੁਲਾਰੇ ਨੇ ਕਿਹਾ ਕਿ ਇਕੱਲਾ ਢੱਡਰੀਆਂ ਵਾਲਾ ਹੀ ਨਹੀਂ ਸਗੋਂ ਉਸ ਤੇ ਕੁਝ ਹੋਰ ਚੇਲੇ ਵੀ ਸਿੱਖੀ ਵਿਰੁੱਧ ਬੋਲ ਰਹੇ ਹਨ। ਪਤਾ ਨਹੀਂ ਅਜਿਹਾ ਕਰਕੇ ਉਹ ਕੌਮ ਦਾ ਕੀ ਸਵਾਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਬਿਨ੍ਹਾਂ ਜਾਂਚ-ਪੜਤਾਲ ਦੇ ਆਪ ਮੁਹਾਰੇ ਹੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁਖੀ 'ਤੇ ਮਨ-ਘੜਤ ਦੋਸ਼ ਲਗਾਉਣੇ ਉਸ ਦੀ ਚਤੁਰਾਈ ਤਾਂ ਹੋ ਸਕਦੀ ਹੈ ਸਿਆਣਪ ਨਹੀਂ। ਰਮਦਾਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਹਮੇਸ਼ਾ ਹੀ ਪ੍ਰਚਾਰਕ ਸ਼੍ਰੇਣੀ ਦੀ ਏਕਤਾ ਤੇ ਇਕਸੁਰਤਾ ਦੀ ਹਮਾਇਤੀ ਹੈ। ਇਕਜੁੱਟਤਾ ਨਾਲ ਹੀ ਸਿੱਖੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲੇ ਨੂੰ ਆਪਣੀ ਹਉਮੈ ਦਾ ਤਿਆਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵਸਦੀ ਸਿੱਖ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਭਾਈ ਢੱਡਰੀਆਂ ਵਾਲੇ ਦੇ ਨਾਲ-ਨਾਲ ਇਸ ਦੀ ਸ਼ਹਿ 'ਤੇ ਸਿੱਖੀ ਨੂੰ ਚਣੌਤੀ ਦੇਣ ਵਾਲਿਆਂ ਮੂੰਹ ਨਾ ਲਗਾਉਣ।
 


author

Baljeet Kaur

Content Editor

Related News