ਆਸ਼ੂ ਹੱਤਿਆ ਕਾਂਡ : 4 ਹੋਰ ਲਾਸ਼ਾਂ ਡੇਗਣ ਦੀਆਂ ਧਮਕੀਆਂ ਦੇ ਫਰਾਰ ਗੈਂਗਸਟਰ

Wednesday, May 15, 2019 - 01:04 PM (IST)

ਅੰਮ੍ਰਿਤਸਰ (ਸਫਰ) : ਪਿੰਡ ਮਾਹਲ ਦੀ ਕ੍ਰਿਕਟ ਗਰਾਊਂਡ 'ਚ ਫੈਜ਼ਪੁਰਾ ਵਾਸੀ ਆਸ਼ੂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਦੋਸ਼ੀਆਂ ਖਿਲਾਫ ਮਰਨ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ 'ਤੇ ਪੁਲਸ ਨੇ ਭਲੇ ਹੀ ਪਵਨਦੀਪ ਸਿੰਘ, ਕੁਸ਼ਲਪ੍ਰੀਤ ਕੈਮੀ, ਲਵਜੀਤ ਸਿੰਘ ਉਰਫ ਲਵ ਅਤੇ ਵਿਸ਼ਾਲ ਸਿੰਘ ਟਿੱਡਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਨਾਮਜ਼ਦ ਬਾਕੀ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਹਨ। ਪੁਲਸ ਨੂੰ ਚਕਮਾ ਦੇਣ ਵਾਲੇ ਨਾਮਜ਼ਦ ਗੈਂਗਸਟਰ ਆਸ਼ੂ ਦੇ ਪਰਿਵਾਰ ਵਾਲਿਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਧਮਕੀਆਂ ਦਿੰਦੇ ਕਹਿ ਰਹੇ ਹਨ ਕਿ ਆਸ਼ੂ ਹੱਤਿਆ ਤਾਂ ਟਰਾਇਲ ਸੀ, ਫਿਲਮ ਅਜੇ ਬਾਕੀ ਹੈ, 4 ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ 4 ਲਾਸ਼ਾਂ ਹੋਰ ਡਿੱਗਣੀਆਂ ਹਨ, ਜਿਨ੍ਹਾਂ 'ਚ ਆਸ਼ੂ ਦੇ 4 ਦੋਸਤਾਂ ਦੇ ਨਾਂ ਲਏ ਹਨ। ਇਸ ਧਮਕੀ ਦਾ ਅਸਰ ਹੈ ਕਿ ਆਸ਼ੂ ਦੇ ਦੋਸਤ ਰਾਤ ਨੂੰ ਟਿਕਾਣੇ ਬਦਲ-ਬਦਲ ਕੇ ਰਹਿਣ 'ਤੇ ਮਜਬੂਰ ਹਨ। ਮ੍ਰਿਤਕ ਆਸ਼ੂ ਦੀ ਮਾਂ ਨੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਇਸ ਮਾਮਲੇ ਅੰਮ੍ਰਿਤਸਰ ਪੁਲਸ ਤੋਂ ਲੈ ਕੇ ਡੀ. ਜੀ. ਪੀ. ਪੰਜਾਬ ਨੂੰ ਸ਼ਿਕਾਇਤ ਕਰ ਕੇ ਜਾਨ-ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪੁਲਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਇਨ੍ਹਾਂ ਫਰਾਰ ਗੈਂਗਸਟਰਾਂ ਦੇ ਘਰਾਂ 'ਤੇ ਤਾਲੇ ਲਟਕ ਰਹੇ ਹਨ।

'ਆਸ਼ੂ' ਦੀ 2 ਸਾਲ ਤੋਂ ਸੀ ਮੁਹੱਲੇ ਦੇ ਕੁਝ ਲੋਕਾਂ ਨਾਲ ਰੰਜਿਸ਼
ਆਸ਼ੂ ਫੈਜ਼ਪੁਰਾ ਵਿਚ ਰਹਿੰਦਾ ਸੀ, ਪਿਛਲੇ 2 ਸਾਲਾਂ ਤੋਂ ਉਸ ਦੀ ਮੁਹੱਲੇ ਦੇ ਹੀ ਕੁਝ ਲੋਕਾਂ ਨਾਲ ਰੰਜਿਸ਼ ਸੀ। ਮਾਂ ਜੀਤ ਕੌਰ ਨੇ ਆਸ਼ੂ ਨੂੰ ਘਰ 'ਚ ਨਾ ਰਹਿਣ ਦੀ ਹਦਾਇਤ ਦਿੰਦਿਆਂ ਭੈਣ ਦੇ ਘਰ ਭੇਜ ਦਿੱਤਾ ਸੀ। 2017 ਤੋਂ ਉਸ 'ਤੇ 5 ਵਾਰ ਜਾਨਲੇਵਾ ਹਮਲੇ ਹੋ ਚੁੱਕੇ ਸਨ। ਆਖਰੀ ਹਮਲਾ 16 ਅਪ੍ਰੈਲ 2019 ਨੂੰ ਪਿੰਡ ਮਾਹਲ ਦੀ ਕ੍ਰਿਕਟ ਗਰਾਊਂਡ 'ਚ ਹੋਇਆ, ਜਿਸ ਵਿਚ ਤਾਬੜਤੋੜ ਗੋਲੀਆਂ ਆਸ਼ੂ 'ਤੇ ਚਲਾ ਕੇ 8-10 ਲੋਕ ਫਰਾਰ ਹੋ ਗਏ। ਜ਼ਖਮੀ ਹਾਲਤ ਵਿਚ ਪਹਿਲਾਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਅਤੇ ਬਾਅਦ ਵਿਚ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ, ਜਿਥੇ 23 ਅਪ੍ਰੈਲ ਨੂੰ ਆਸ਼ੂ ਦੀ ਮੌਤ ਹੋ ਗਈ ਤਾਂ ਪੁਲਸ ਨੇ ਹੱਤਿਆ ਦਾ ਮਾਮਲਾ ਜੋੜ ਦਿੱਤਾ। ਇਸ ਮਾਮਲੇ ਵਿਚ 4 ਮਈ ਨੂੰ 4 ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਜਦੋਂ ਕਿ ਬਾਕੀ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹਨ।

ਇਨਸਾਫ ਲਈ ਮੁੱਖ ਮੰਤਰੀ ਨੂੰ ਰੋਜ਼ ਲਿਖ ਰਹੀ ਹੈ ਚਿੱਠੀ
ਇਹ ਲੜਕੀ ਉਨ੍ਹਾਂ ਗੈਂਗਸਟਰਾਂ ਦਾ ਸ਼ਿਕਾਰ ਹੋਈ ਹੈ, ਜਿਨ੍ਹਾਂ ਨੇ ਆਸ਼ੂ ਦੀ ਹੱਤਿਆ ਕੀਤੀ ਸੀ। ਲੜਕੀ ਰਾਣੀ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਸ ਦਿਨ ਉਹ ਆਪਣੇ ਘਰ ਇਕੱਲੀ ਸੀ, ਕੈਮੀ, ਲਵ, ਪਵਨ, ਟਿੱਡਾ, ਯਸ਼ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੇਰੇ ਘਰ 'ਤੇ ਆ ਕੇ ਹੱਲਾ ਬੋਲ ਦਿੱਤਾ। ਮੇਰੀ ਚੁੰਨੀ ਖਿੱਚ ਲਈ। ਮੈਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਘਰ 'ਤੇ ਹਮਲਾ ਕਰਨ ਦੇ ਦੇਸ਼ ਦੀਆਂ ਧਾਰਾਵਾਂ ਤਾਂ ਜੋੜ ਦਿੱਤੀਆਂ ਪਰ ਮੇਰੇ ਨਾਲ ਕੀਤੀ ਗਈ ਹੱਥੋਪਾਈ ਅਤੇ ਅਸ਼ਲੀਲ ਹਰਕਤਾਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ। ਮੈਂ ਰੋਜ਼ਾਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਰਹੀ ਹਾਂ ਤੇ ਤਦ ਤੱਕ ਲਿਖਦੀ ਰਹਾਂਗੀ ਜਦੋਂ ਤੱਕ ਇਨ੍ਹਾਂ ਗੈਂਗਸਟਰਾਂ ਨੂੰ ਜੇਲ ਨਹੀਂ ਭਿਜਵਾ ਦਿੰਦੀ।

ਗੈਂਗਸਟਰਾਂ ਨੂੰ ਫਾਂਸੀ 'ਤੇ ਚੜ੍ਹਾਉਣ ਲਈ ਭੀਖ ਮੰਗ ਕੇ ਸੁਪਰੀਮ ਕੋਰਟ ਤੱਕ ਲੜਾਂਗੀ : ਆਸ਼ੂ ਦੀ ਮਾਂ
ਹੁਣ ਤਾਂ ਸਿਰਫ ਹੰਝੂ ਬਚੇ ਹਨ, ਆਸ਼ੂ ਨੂੰ ਤਾਂ ਗੈਂਗਸਟਰਾਂ ਨੇ ਖੋਹ ਲਿਆ। ਮੇਰੇ ਬੇਟੇ 'ਤੇ 6 ਵਾਰ ਹਮਲਾ ਕੀਤਾ ਗਿਆ। ਪੁਲਸ ਨੇ ਸਾਡੀ ਨਹੀਂ ਸੁਣੀ। ਸਾਨੂੰ ਦੱਸਿਆ ਜਾਂਦਾ ਰਿਹਾ ਹੈ ਕਿ ਗੈਂਗਸਟਰਾਂ ਕੋਲੋਂ ਲਾਇਸੈਂਸੀ ਹਥਿਆਰਾਂ ਨੂੰ ਜਮ੍ਹਾ ਕਰਵਾ ਲਏ ਗਏ ਹਨ ਪਰ ਪੁਲਸ ਝੂਠ ਬੋਲ ਰਹੀ ਸੀ। ਪੁਲਸ ਸਭ ਜਾਣਦੀ ਸੀ। ਸਿਆਸਤ ਨੇ ਹੀ ਸਭ ਕਰਵਾਇਆ ਹੈ। ਮੇਰਾ ਪੁੱਤਰ ਦੁਨੀਆ 'ਚ ਨਹੀਂ ਰਿਹਾ, ਮੈਂ ਮੌਤ ਤੋਂ ਨਹੀਂ ਡਰਦੀ। ਮੈਂ ਗੈਂਗਸਟਰਾਂ ਨੂੰ ਫ਼ਾਂਸੀ 'ਤੇ ਚੜ੍ਹਵਾਉਣ ਲਈ ਭੀਖ ਮੰਗ ਕੇ ਸੁਪਰੀਮ ਕੋਰਟ ਤੱਕ ਲੜਾਂਗੀ। ਮੇਰੇ ਬੇਟੇ ਨੂੰ 'ਸਿਆਸਤ' ਅਤੇ ਪੁਲਸ ਨੇ ਮਿਲ ਕੇ ਮਰਵਾਇਆ ਹੈ। ਮੇਰੇ ਕੋਲ ਸਬੂਤ ਹਨ, ਮੈਂ ਪੰਜਾਬ-ਹਰਿਆਣਾ ਹਾਈ ਕੋਰਟ 'ਚ ਪੰਜਾਬ ਦੇ ਡੀ. ਜੀ. ਪੀ. ਤੋਂ ਲੈ ਕੇ ਅੰਮ੍ਰਿਤਸਰ ਦੇ ਏ. ਸੀ. ਪੀ. ਨਾਰਥ ਤੇ ਥਾਣਾ ਮੁਖੀ ਨੂੰ ਪਾਰਟੀ ਬਣਾ ਕੇ ਉਨ੍ਹਾਂ ਨੂੰ ਬੇਟੇ ਦੀ ਮੌਤ ਲਈ ਜ਼ਿੰਮੇਵਾਰ ਦੱਸਦੇ ਹੋਏ ਕਟਹਿਰੇ 'ਚ ਖੜ੍ਹਾ ਕਰਾਂਗੀ।

ਗ੍ਰਿਫਤਾਰੀ ਲਈ ਚੱਲ ਰਿਹੈ 'ਆਪ੍ਰੇਸ਼ਨ ਗੈਂਗਸਟਰ' : ਡੀ. ਸੀ. ਪੀ.
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਡੀ. ਸੀ. ਪੀ. ਭੁਪਿੰਦਰ ਸਿੰਘ ਕਹਿੰਦੇ ਹਨ ਕਿ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਹਰ ਥਾਣੇ ਦੇ ਵਾਂਟੇਡ ਗੈਂਗਸਟਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਹਨ। 'ਆਪ੍ਰੇਸ਼ਨ ਗੈਂਗਸਟਰ' ਚਲਾਇਆ ਜਾ ਰਿਹਾ ਹੈ। ਆਸ਼ੂ ਹੱਤਿਆਕਾਂਡ 'ਚ ਨਾਮਜ਼ਦ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ 'ਚ ਲੱਗੀਆਂ ਹੋਈਆਂ ਹਨ।


Baljeet Kaur

Content Editor

Related News