ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਕੀਲ ਸੰਦੀਪ ਗੋਰਸੀ ’ਤੇ ਹੋਇਆ ਜਾਨਲੇਵਾ ਹਮਲਾ
Saturday, Apr 30, 2022 - 01:05 PM (IST)
ਅੰਮ੍ਰਿਤਸਰ (ਸੰਜੀਵ, ਸਾਗਰ) - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕਹੇ ਜਾਣ ਵਾਲੇ ਵਕੀਲ ਸੰਦੀਪ ਗੋਰਸੀ ’ਤੇ ਬੀਤੇ ਦਿਨ ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਸਥਿਤ ਉਨ੍ਹਾਂ ਦੇ ਨਿੱਜੀ ਦਫ਼ਤਰ ਵਿਚ ਇਕ ਦਰਜਨ ਤੋਂ ਵੱਧ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਥਿਆਰਬੰਦ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ਦੀ ਮਾਰਕੁੱਟ ਕੀਤੀ ਅਤੇ ਉਸ ਤੋਂ ਬਾਅਦ ਉਸ ਦੀ ਪਤਨੀ ਦੇ ਹੱਥੋਂ ਆਈ-ਫੋਨ ਅਤੇ ਨਕਦੀ ਖੋਹ ਲਈ। ਦੂਜੇ ਪਾਸੇ ਸਤੀਸ਼ ਮਹਿਤਾ ਦਾ ਕਹਿਣਾ ਹੈ ਕਿ ਹਮਲਾ ਉਨ੍ਹਾਂ ’ਤੇ ਹੋਇਆ ਸੀ ਅਤੇ ਉਹ ਸੰਦੀਪ ਗੋਰਸੀ ਦੇ ਦਫ਼ਤਰ ਵਿਚ ਆਪਣੇ ਪੈਸਿਆਂ ਦੇ ਲੈਣ-ਦੇਣ ਦੀ ਗੱਲ ਕਰਨ ਲਈ ਗਏ ਸਨ। ਦੋਵਾਂ ਧਿਰਾਂ ਵਲੋਂ ਇਕ-ਦੂਜੇ ’ਤੇ ਦੋਸ਼ ਲਾਏ ਗਏ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ: 2 ਸਾਲ ਪਹਿਲਾਂ ਲਾਪਤਾ ਹੋਇਆ 12 ਸਾਲਾ ਨਮਨ ਘਰ ਪੁੱਜਾ, ਦੱਸੀ ਹੱਡ-ਚੀਰਵੀਂ ਸੱਚਾਈ
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਵਲ ਲਾਈਨ ਅਤੇ ਲਾਰੈਂਸ ਰੋਡ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਜ਼ਖ਼ਮੀ ਹੋਏ ਸੰਦੀਪ ਗੌਰਸੀ ਅਤੇ ਸਤੀਸ਼ ਮਹਿਤਾ ਨੂੰ ਮੈਡੀਕਲ ਜਾਂਚ ਲਈ ਭੇਜ ਦਿੱਤਾ। ਵਕੀਲ ਸੰਦੀਪ ਗੌਰਸੀ ਦਾ ਕਹਿਣਾ ਹੈ ਕਿ ਉਹ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆਪਣੀ ਪਤਨੀ ਨਾਲ ਨਹਿਰੂ ਸ਼ਾਪਿੰਗ ਕੰਪਲੈਕਸ ਸਥਿਤ ਆਪਣੇ ਦਫ਼ਤਰ ਵਿਚ ਬੈਠਾ ਸੀ। ਇਨ੍ਹੇ ਵਿਚ ਹਥਿਆਰਾਂ ਨਾਲ ਲੈਸ ਕੁਝ ਨੌਜਵਾਨ ਅੰਦਰ ਦਾਖਲ ਹੋ ਗਏ, ਜਿਨ੍ਹਾਂ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੇ ਹੱਥਾਂ ਵਿਚ ਹਥਿਆਰ ਸਨ, ਜਦੋਂ ਉਸ ਦੀ ਪਤਨੀ ਹਮਲਾਵਰਾਂ ਦੀ ਵੀਡੀਓ ਬਣਾਉਣ ਲੱਗੀ ਤਾਂ ਮੁਲਜ਼ਮ ਉਸ ਦਾ ਫੋਨ ਅਤੇ ਮੇਜ਼ ’ਤੇ ਰੱਖੀ ਨਕਦੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: 12ਵੀਂ ਜਮਾਤ ਦੇ ਵਿਦਿਆਰਥੀ ਦਾ ਗੋਲੀ ਮਾਰ ਕੀਤਾ ਕਤਲ, ਫੈਲੀ ਸਨਸਨੀ (ਤਸਵੀਰਾਂ)
ਝਗੜੇ ਦੌਰਾਨ ਜ਼ਖ਼ਮੀ ਹੋਏ ਸਤੀਸ਼ ਮਹਿਤਾ ਦਾ ਕਹਿਣਾ ਹੈ ਕਿ ਉਹ ਸੰਦੀਪ ਦੇ ਦਫ਼ਤਰ ਵਿਚ ਗੱਲ ਕਰਨ ਲਈ ਗਏ ਸਨ, ਜਦਕਿ ਹਮਲਾ ਉਸ ’ਤੇ ਅਤੇ ਉਸ ਦੀ ਪਤਨੀ ’ਤੇ ਹੋਇਆ। ਇਸ ਦੌਰਾਨ ਉਨ੍ਹਾਂ ਦੇ ਸਿਰ ਵਿਚ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਅਤੇ ਉਹ ਜ਼ਖ਼ਮੀ ਹੋ ਗਏ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਛਾਣ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ।